ਇਪਸਾ ਵੱਲੋਂ ਮੁਹੰਮਦ ਸ਼ਮੀਮ ਖਾਨ ਦਾ ਸਨਮਾਨ ਅਤੇ ਜਗਜੀਤ ਸੰਧੂ ਦੀ ਕਿਤਾਬ ਲੋਕ ਅਰਪਣ
Thursday, Jan 19, 2023 - 01:02 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟ੍ਰੇਲੀਆ (ਇਪਸਾ) ਵੱਲੋਂ ਨਵੇਂ ਸਾਲ ਦੀ ਦੂਸਰੀ ਅਦਬੀ ਬੈਠਕ ਸਿਡਨੀ ਵਿਚ ਕਲਾ, ਸਾਹਿਤ ਅਤੇ ਸੰਗੀਤ ਲਈ ਨਿਰਸਵਾਰਥ ਯਤਨਸ਼ੀਲ ਸਮਾਜ ਸੇਵੀ, ਹਿੰਦੀ ਫ਼ਿਲਮਸਾਜ਼, ਮੁਸ਼ਹਿਰਾ ਆਯੋਜਕ ਅਤੇ ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਨਾਮਵਰ ਸਮਾਜਿਕ ਹਸਤੀ ਮਹੁੰਮਦ ਸ਼ਮੀਮ ਖਾਨ ਨੂੰ ਐਵਾਰਡ ਆਫ ਆਨਰ ਨਾਲ ਨਿਵਾਜਿਆ ਗਿਆ। ਮੁਹੰਮਦ ਸ਼ਮੀਮ ਖਾਨ ਨੇ ਪਿਛਲੇ ਇਕ ਅਰਸੇ ਤੋਂ ਸਿਡਨੀ ਵਿਚ ਪੰਜਾਬੀ, ਹਿੰਦੀ ਅਤੇ ਊਰਦੂ ਸ਼ਾਇਰੀ ਦੇ ਮਿਆਰੀ ਪ੍ਰੋਗਰਾਮ ਕਰਵਾਉਂਦਿਆਂ ਆਸਟ੍ਰੇਲੀਆ ਵਿਚ ਭਾਰਤੀ ਸਾਹਿਤ ਲਈ ਬਹੁਤ ਪਾਏਦਾਰ ਕੰਮ ਕੀਤਾ ਹੈ।
ਉਹਨਾਂ ਵੱਲੋਂ ਵੱਖ ਵੱਖ ਭਾਸ਼ਾਵਾਂ ਦੇ ਲੇਖਕਾਂ ਨੂੰ ਸਨਮਾਨਿਤ ਕਰਦਿਆਂ, ਸਾਂਝੇ ਮੰਚ ਤੋਂ ਪੇਸ਼ ਕਰਦਿਆਂ ਇਸ ਮਹਾਂਦੀਪ ਵਿਚ ਜਿੱਥੇ ਅਦਬੀ ਮਾਹੌਲ ਨੂੰ ਸਿਰਜਿਆ ਹੈ। ਉਹਨਾਂ ਬਾਰੇ ਬੋਲਦਿਆਂ ਸਰਬਜੀਤ ਸੋਹੀ ਨੇ ਕਿਹਾ ਕਿ ਸ਼ਮੀਮ ਖਾਨ ਨੇ ਸਾਹਿਤ ਲਈ ਸਾਂਝੇ ਮੰਚ ਦੀ ਸਥਾਪਨਾ ਕਰਦਿਆਂ ਸੱਚੀ ਸੁੱਚੀ ਭਾਰਤੀਅਤਾ ਅਤੇ ਮੁਹੱਬਤ ਦੀ ਮਹਿਕਦਾਰ ਪੈੜ ਪਾਈ ਹੈ। ਮੁਹੰਮਦ ਸ਼ਮੀਮ ਖਾਨ ਨੇ ਆਪਣੇ ਜੀਵਨ ਨਿਰਬਾਹ ਲਈ ਕਿਰਤ ਕਮਾਈ ਕਰਦਿਆਂ, ਪਰਵਾਸੀ ਜ਼ਿੰਦਗੀ ਦੇ ਰੁਝੇਵਿਆਂ ਦਰਮਿਆਨ ਕਰਮ ਅਤੇ ਕਿਰਦਾਰ ਦੀ ਸੁੱਚਮ ਛਵੀ ਨੂੰ ਕਾਇਮ ਰੱਖਦਿਆਂ ਕਲਾ, ਸਾਹਿਤ ਅਤੇ ਸੰਗੀਤ ਲਈ ਬਹੁਤ ਜ਼ਿਕਰਯੋਗ ਕਾਰਜ ਕੀਤੇ ਹਨ। ਰੁਪਿੰਦਰ ਸੋਜ਼ ਨੇ ਸ਼ਮੀਮ ਖਾਨ ਦੀ ਪਹੁੰਚ ਅਤੇ ਪ੍ਰਾਪਤੀਆਂ ਤੇ ਚਾਨਣਾ ਪਾਉਂਦਿਆਂ, ਸ਼ਮੀਮ ਖਾਨ ਨੂੰ ਭਾਰਤੀ ਭਾਈਚਾਰੇ ਦਾ ਮਾਣ ਆਖਿਆ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਜਾਣ ਦੇ ਚਾਹਵਾਨ ਖਿੱਚ ਲੈਣ ਤਿਆਰੀ, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ
ਇਸ ਸਮਾਗਮ ਦੌਰਾਨ ਸੰਖੇਪ ਜਹੇ ਕਵੀ ਦਰਬਾਰ ਵਿਚ ਗੀਤਕਾਰ ਸੁਰਜੀਤ ਸੰਧੂ, ਰੁਪਿੰਦਰ ਸੋਜ਼, ਹਰਜੀਤ ਕੌਰ ਸੰਧੂ, ਗੁਰਜਿੰਦਰ ਸਿੰਘ ਸੰਧੂ ਅਤੇ ਸਰਬਜੀਤ ਸੋਹੀ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਦੋ ਬੱਚਿਆਂ ਸੁਖਮਨ ਸੰਧੂ ਅਤੇ ਅਸ਼ਮੀਤ ਸੰਧੂ ਨੇ ਬਾਲ ਕਵਿਤਾਵਾਂ ਸੁਣਾ ਕੇ ਵਾਹ-ਵਾਹ ਖੱਟੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਮੀਤ ਪ੍ਰਧਾਨ ਪਾਲ ਰਾਊਕੇ, ਇਪਸਾ ਦੇ ਸਪੋਕਸਮੈਨ ਅਤੇ ਜਸਟਿਸ ਆਫ ਪੀਸ ਦਲਵੀਰ ਹਲਵਾਰਵੀ, ਹਰਿਆਣਵੀ ਕਵਿਤਰੀ ਅਤੇ ਨ੍ਰਿਤਕੀ ਨੀਤੂ ਸਿੰਘ ਮਲਿਕ ਆਦਿ ਨਾਮਵਰ ਚਿਹਰੇ ਅਤੇ ਮੁਹੰਮਦ ਸ਼ਮੀਮ ਖਾਨ ਦਾ ਪਰਿਵਾਰ ਵਿਸ਼ੇਸ਼ ਰੂਪ ਵਿਚ ਹਾਜ਼ਰ ਸੀ। ਸਟੇਜ ਦੀ ਕਾਰਵਾਈ ਸਰਬਜੀਤ ਸੋਹੀ ਨੇ ਬਾਖੂਬੀ ਨਿਭਾਈ ਗਈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।