14 ਸਾਲਾ ਧੀ ਦੇ ਸੋਸ਼ਲ ਮੀਡੀਆ ’ਤੇ ਸਨ 17 ਲੱਖ ਫਾਲੋਅਰਜ਼, ਮਾਂ ਨੇ ਡਿਲੀਟ ਕਰ ਦਿੱਤੇ ਸਾਰੇ ਅਕਾਊਂਟਸ, ਜਾਣੋ ਕਾਰਨ
Friday, Aug 13, 2021 - 12:05 PM (IST)
ਬ੍ਰਾਸੀਲੀਆ (ਬਿਊਰੋ)– ਆਪਣੀ ਸੋਸ਼ਲ ਮੀਡੀਆ ਸਟਾਰ ਬੇਟੀ ਦੇ ਹੱਦ ਤੋਂ ਵੱਧ ਸੋਸ਼ਲ ਨੈੱਟਵਰਕਿੰਗ ਸਾਈਟਸ ਦੀ ਵਰਤੋਂ ਕਰਨ ਤੋਂ ਤੰਗ ਆਈ ਇਕ ਮਾਂ ਨੇ ਉਸ ਦੇ ਅਕਾਊਂਟਸ ਹੀ ਬੰਦ ਕਰ ਦਿੱਤੇ। ਬ੍ਰਾਜ਼ੀਲ ਦੀ ਵੈਲੇਂਟੀਨਾ ਨੇ ਸੋਸ਼ਲ ਮੀਡੀਆ ’ਤੇ ਨੀਨਾ ਰੋਸ ਦੇ ਨਾਂ ਤੋਂ ਅਕਾਊਂਟਸ ਸਨ ਤੇ 17 ਲੱਖ ਤੋਂ ਵੱਧ ਫਾਲੋਅਰਜ਼ ਸਨ।
14 ਸਾਲ ਦੀ ਵੈਲੇਂਟੀਨਾ ਦੀ ਮਾਂ ਫਰਨਾਂਡਾ ਰੋਸ਼ਾ ਨਹੀਂ ਚਾਹੁੰਦੀ ਸੀ ਕਿ ਉਸ ਦੀ ਬੇਟੀ ਉਸ ਨੂੰ ਮਿਲਣ ਵਾਲੇ ਆਨਲਾਈਨ ਫੀਡਬੈਕ ਨਾਲ ਖ਼ੁਦ ਦੇ ਫ਼ੈਸਲੇ ਲੈਣ ਲੱਗੇ। ਉਨ੍ਹਾਂ ਕਿਹਾ ਕਿ ਆਏ ਦਿਨ ਵੈਲੇਂਟੀਨਾ ਆਪਣੇ ਸਾਰੇ ਅਕਾਊਂਟਸ ’ਤੇ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਤੇ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਸੀ। ਇਨ੍ਹਾਂ ਤਸਵੀਰਾਂ ’ਤੇ ਕਈ ਲਾਈਕਸ ਤੇ ਕੁਮੈਂਟਸ ਆਉਂਦੇ, ਜਿਨ੍ਹਾਂ ਨੂੰ ਪੜ੍ਹ ਕੇ ਵੈਲੇਂਟੀਨਾ ਇਕ ਅਲੱਗ ਹੀ ਦੁਨੀਆ ’ਚ ਰਹਿਣ ਲੱਗੀ।
ਉਸ ਨੂੰ ਅਸਲ ਜ਼ਿੰਦਗੀ ਤੇ ਉਸ ਦੇ ਲੋਕਾਂ ਤੋਂ ਵੱਧ ਕਰੀਬ ਆਪਣੀ ਸੋਸ਼ਲ ਮੀਡੀਆ ਵਾਲੀ ਜ਼ਿੰਦਗੀ ਦੇ ਫਾਲੋਅਰਜ਼ ਲੱਗਣ ਲੱਗੇ। ਅਜਿਹੇ ’ਚ ਇਕ ਦਿਨ ਇਸ ਤੋਂ ਪ੍ਰੇਸ਼ਾਨ ਹੋ ਕੇ ਫਰਨਾਂਡਾ ਨੇ ਉਸ ਦਾ ਫੋਨ ਫੜਿਆ ਤੇ ਸਾਰੇ ਅਕਾਊਂਟਸ ਡਿਲੀਟ ਕਰ ਦਿੱਤੇ।
ਫਰਨਾਂਡਾ ਕਹਿੰਦੀ ਹੈ, ‘ਮੈਂ ਜਾਣਦੀ ਹਾਂ ਕਿ ਜੋ ਮੈਂ ਕੀਤਾ ਹੈ, ਉਹ ਵੈਲੇਂਟੀਨਾ ਨੂੰ ਬਿਲਕੁਲ ਵੀ ਪਸੰਦ ਨਹੀਂ ਪਰ ਇਸ ਦਾ ਫਾਇਦਾ ਉਸ ਨੂੰ ਜ਼ਿੰਦਗੀ ’ਚ ਅੱਗੇ ਜਾ ਕੇ ਮਿਲੇਗਾ। ਮੈਂ ਨਹੀਂ ਸਮਝਦੀ ਕਿ ਸੋਸ਼ਲ ਮੀਡੀਆ ਦੀ ਹੱਦ ਤੋਂ ਵੱਧ ਵਰਤੋਂ ਕਿਸੇ ਲਈ ਵੀ ਚੰਗੀ ਹੈ। ਭਾਵੇਂ ਉਹ ਕੋਈ ਵੱਡਾ ਹੋਵੇ ਜਾਂ ਛੋਟਾ। 14 ਸਾਲ ਦੀ ਉਮਰ ’ਚ ਕਿਸੇ ਵੀ ਬੱਚੇ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ ਕਿ ਉਸ ਨੇ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਜਿਊਣੀ ਚਾਹੀਦੀ ਹੈ। ਜਦੋਂ ਤੁਹਾਡੇ ਕੋਲ 17 ਲੱਖ ਫਾਲੋਅਰਜ਼ ਹੋਣ ਤਾਂ ਤੁਹਾਡੇ ਅੰਦਾਜ਼ ਹੀ ਅਲੱਗ ਹੋ ਜਾਂਦੇ ਹਨ। ਤੁਸੀਂ ਸੋਚਦੇ ਹੋ ਕਿ 17 ਲੱਖ ਲੋਕ ਤੁਹਾਨੂੰ ਜਾਣਦੇ ਹਨ। ਇਹ ਕਾਫੀ ਖ਼ਤਰਨਾਕ ਹੁੰਦਾ ਹੈ ਕਿਉਂਕਿ ਇਹ ਤੁਹਾਨੂੰ ਕਦੇ ਵੀ ਬਹਿਕਾ ਸਕਦਾ ਹੈ। ਬਸ ਮੈਂ ਸੋਚ ਲਿਆ ਕਿ ਵੈਲੇਂਟੀਨਾ ਦਾ ਅਕਾਊਂਟ ਡਿਲੀਟ ਕਰਨ ਦਾ ਸਮਾਂ ਆ ਗਿਆ ਹੈ। ਅਕਾਊਂਟ ਡਿਲੀਟ ਹੋਣ ਤੋਂ ਬਾਅਦ ਵੈਲੇਂਟੀਨਾ ਕਾਫੀ ਗੁੱਸੇ ’ਚ ਸੀ ਕਿਉਂਕਿ ਉਸ ਨੂੰ ਇਸ ਦੀ ਉਮੀਦ ਨਹੀਂ ਸੀ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।