ਦੁਨੀਆ ਦੇ ਰਹਿਣਯੋਗ ਸਭ ਤੋਂ ਬਿਹਤਰ ਸ਼ਹਿਰਾਂ ''ਚ ਕੈਨੇਡਾ ਦੇ ਤਿੰਨ ਸ਼ਹਿਰ ਸ਼ਾਮਲ
Friday, Aug 19, 2016 - 12:50 PM (IST)
ਓਟਵਾ— ਰਹਿਣ ਲਾਇਕ ਵਧੀਆ ਥਾਵਾਂ ਦੀ ਸੂਚੀ ਵਿਚ ਕੈਨੇਡਾ ਦੇ ਤਿੰਨ ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ। 2016 ਵਿਚ ਬਿਹਤਰ ਰਹਿਣ ਵਾਲੇ ਸ਼ਹਿਰਾਂ ਵਿੱਚੋਂ ਵੈਨਕੂਵਰ, ਟੋਰਾਂਟੋ ਤੇ ਕੈਲਗਰੀ ਦਾ ਸਥਾਨ ਕ੍ਰਮਵਾਰ ਤੀਜਾ, ਚੌਥਾ ਤੇ ਪੰਜਵਾਂ ਆਇਆ। ਇਹ ਸੂਚੀ ਇਕਨਾਮਿਸਟ ਗਰੁੱਪ ਦੀ ਖੁਫੀਆ ਯੂਨਿਟ ਵੱਲੋਂ ਕਰਵਾਏ ਗਏ ਸਰਵੇਖਣ ਦੇ ਆਧਾਰ ''ਤੇ ਤਿਆਰ ਕੀਤੀ ਗਈ ਹੈ। ਇਸ ਵਿਚ ਦੁਨੀਆਭਰ ਦੇ 140 ਸ਼ਹਿਰਾਂ ਨੂੰ ਲੋਕਾਂ ਦੀ ਜ਼ਿੰਦਗੀ ਵਿਚ ਪੇਸ਼ ਆਉਣ ਵਾਲੀਆਂ ਚੁਣੌਤੀਆਂ ਦੇ ਆਧਾਰ ''ਤੇ ਅੰਕ ਦਿੱਤੇ ਗਏ ਹਨ। ਅੰਕ ਦੇਣ ਸਮੇਂ ਸ਼ਹਿਰ ਵਿੱਚ ਸਥਿਰਤਾ, ਸਿਹਤ ਸਹੂਲਤਾਂ, ਸੱਭਿਆਚਾਰ ਤੇ ਮਾਹੌਲ, ਸਿੱਖਿਆ ਤੇ ਬੁਨਿਆਦੀ ਢਾਂਚਾ ਆਦਿ ਦਾ ਧਿਆਨ ਰੱਖਿਆ ਗਿਆ।
100 ਅੰਕਾਂ ''ਚੋਂ 97.5 ਅੰਕ ਲੈ ਕੇ ਮੈਲਬੌਰਨ ਲਗਾਤਾਰ ਛੇਵੇਂ ਸਾਲ ਦੁਨੀਆ ਦੇ ਸਭ ਤੋਂ ਵੱਧ ਰਹਿਣਯੋਗ ਸ਼ਹਿਰਾਂ ਦੀ ਕਤਾਰ ਵਿਚ ਪਹਿਲੇ ਸਥਾਨ ਉੱਤੇ ਰਿਹਾ। ਇਸ ਤੋਂ ਬਾਅਦ ਆਸਟਰੀਆ ਦੀ ਰਾਜਧਾਨੀ ਵਿਏਨਾ ਨੇ ਦੂਜਾ ਸਥਾਨ ਹਾਸਲ ਕੀਤਾ। ਵੈਨਕੂਵਰ ਨੇ 97.3 ਅੰਕ ਹਾਸਲ ਕੀਤੇ ਜਦਕਿ ਟੋਰਾਂਟੋ ਨੂੰ 97.2 ਅੰਕ ਹਾਸਲ ਹੋਏ। ਕੈਲਗਰੀ ਤੇ ਆਸਟਰੇਲੀਆ ਦੇ ਐਡੀਲੇਡ ਸ਼ਹਿਰ ਵਿਚ ਪੰਜਵੇਂ ਸਥਾਨ ਲਈ ਟਾਈ ਪੈ ਗਈ। ਰਹਿਣਯੋਗ ਬਿਹਤਰ ਸ਼ਹਿਰਾਂ ਤੇ ਮਾੜੇ ਸ਼ਹਿਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਰਹੀ :
ਰਹਿਣ ਲਾਇਕ ਬਿਹਤਰ ਸ਼ਹਿਰਾਂ ਦੇ ਲਿਹਾਜ਼ ਨਾਲ ਟਾਪ 5 ਸ਼ਹਿਰਾਂ ਦੀ ਸੂਚੀ—
• ਮੈਲਬੌਰਨ, ਆਸਟਰੇਲੀਆ
• ਵਿਏਨਾ, ਆਸਟਰੀਆ
• ਵੈਨਕੂਵਰ, ਕੈਨੇਡਾ
• ਟੋਰਾਂਟੋ, ਕੈਨੇਡਾ
• ਕੈਲਗਰੀ, ਕੈਨੇਡਾ ਤੇ ਐਡੀਲੇਡ, ਆਸਟਰੇਲੀਆ
ਰਹਿਣੀ ਸਹਿਣੀ ਦੇ ਹਿਸਾਬ ਨਾਲ ਮਾੜੇ ਸ਼ਹਿਰ
• ਕੀਵ, ਯੂਕਰੇਨ
• ਦੋਆਲਾ, ਕੈਮਰੂਨ
• ਹਰਾਰੇ, ਜ਼ਿੰਬਾਬਵੇ
• ਕਰਾਚੀ, ਪਾਕਿਸਤਾਨ
• ਅਲਜੀਅਰਜ਼, ਅਲਜੀਰੀਆ
