ਮੀਓਵਾਲ ’ਚ ਰੇਤ ਦੇ ਟਿੱਪਰ ਦਾ ਤਾਂਡਵ: 25 ਸਾਲਾ ਨੌਜਵਾਨ ਨੂੰ ਬੇਰਹਿਮੀ ਨਾਲ ਕੁਚਲਿਆ, ਪਰਿਵਾਰ ਨੇ ਲਾਇਆ ਜਾਮ
Sunday, Jun 14, 2026 - 03:35 AM (IST)
ਬਿਲਗਾ/ਗੁਰਾਇਆ (ਮੁਨੀਸ਼) : ਥਾਣਾ ਬਿਲਗਾ ਦੇ ਨਜ਼ਦੀਕੀ ਪਿੰਡ ਮੀਓਵਾਲ ਵਿਖੇ ਇਕ ਦਰਦਨਾਕ ਸੜਕ ਹਾਦਸੇ ਵਿਚ 25 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੀ ਪਛਾਣ ਕਮਲਜੀਤ ਸਿੰਘ ਵਜੋਂ ਹੋਈ ਹੈ, ਜੋ ਤਲਵਣ ਤੋਂ ਆਪਣੇ ਪਿੰਡ ਵਾਪਸ ਆ ਰਿਹਾ ਸੀ। ਜਾਣਕਾਰੀ ਅਨੁਸਾਰ ਰਸਤੇ ਵਿਚ ਪਿੱਛੋਂ ਆ ਰਹੇ ਇਕ ਤੇਜ਼ ਰਫ਼ਤਾਰ ਰੇਤ ਨਾਲ ਭਰੇ ਟਿੱਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਟਿੱਪਰ ਹੇਠਾਂ ਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਗਿਆ। ਪੁਲਸ ਵੱਲੋਂ ਤੁਰੰਤ ਕਾਰਵਾਈ ਨਾ ਕਰਨ ਦੇ ਦੋਸ਼ ਲਾਉਂਦਿਆਂ ਉਨ੍ਹਾਂ ਨੇ ਮ੍ਰਿਤਕ ਦੀ ਦੇਹ ਤਲਵਣ ਰੋਡ ''ਤੇ ਰੱਖ ਕੇ ਸੜਕ ਜਾਮ ਕਰ ਦਿੱਤੀ ਅਤੇ ਧਰਨਾ ਸ਼ੁਰੂ ਕਰ ਦਿੱਤਾ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਰਸਤੇ ਤੋਂ ਹਰ ਰੋਜ਼ ਰੇਤ ਨਾਲ ਭਰੇ ਓਵਰਲੋਡ ਟਿੱਪਰ ਤੇਜ਼ ਰਫ਼ਤਾਰ ਨਾਲ ਲੰਘਦੇ ਹਨ ਜਦਕਿ ਪੰਜਾਬ ਸਰਕਾਰ ਵੱਲੋਂ 5 ਵਜੇ ਤੱਕ ਰੇਤ ਦੀ ਮਾਈਨਿੰਗ ਦੇ ਹੁਕਮ ਦਿੱਤੇ ਹਨ ਪਰ ਰਾਤ ਨੂੰ ਨਾਜਾਇਜ਼ ਤੌਰ ’ਤੇ ਇਥੇ ਮਾਈਨਿੰਗ ਹੁੰਦੀ ਹੈ ਪਰ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਇਲਾਕੇ ਵਿਚ ਚੱਲ ਰਹੀ ਰੇਤ ਦੀ ਖੱਡ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਹਾਦਸੇ ਲਈ ਜ਼ਿੰਮੇਵਾਰ ਟਿੱਪਰ ਚਾਲਕ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰਿਵਾਰਕ ਮੈਂਬਰਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਰਾਜ਼ੀਨਾਮਾ ਕਰਨ ਆਏ ਪਤੀ-ਪਤਨੀ ਦੇ ਰਿਸ਼ਤੇਦਾਰਾਂ ਵਿਚਾਲੇ ਹੱਥੋਪਾਈ, ਪਾੜੇ ਕੱਪੜੇ
ਇਸ ਮੌਕੇ ਡੀ. ਐੱਸ. ਪੀ. ਫਿਲੌਰ ਭਾਰਤ ਮਸੀਹ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਦੋ ਦਿਨਾਂ ਦੇ ਅੰਦਰ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਲਾਕੇ ਵਿਚ ਨਾਕਾਬੰਦੀ ਵਧਾਈ ਜਾਵੇਗੀ ਅਤੇ ਬਿਨਾਂ ਨੰਬਰ ਜਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
