ਫੈਸਲਾਬਾਦ : ਚਰਚ 'ਚ ਭੰਨ-ਤੋੜ ਤੋਂ ਬਾਅਦ 100 ਤੋਂ ਵਧ ਲੋਕ ਗ੍ਰਿਫ਼ਤਾਰ

Thursday, Aug 17, 2023 - 10:50 AM (IST)

ਫੈਸਲਾਬਾਦ : ਚਰਚ 'ਚ ਭੰਨ-ਤੋੜ ਤੋਂ ਬਾਅਦ 100 ਤੋਂ ਵਧ ਲੋਕ ਗ੍ਰਿਫ਼ਤਾਰ

ਇਸਲਾਮਾਬਾਦ- ਪਾਕਿਸਤਾਨ ਦੇ ਫੈਸਲਾਬਾਦ 'ਚ ਕਥਿਤ ਈਸ਼ਨਿੰਦਾ ਨੂੰ ਲੈ ਕੇ ਈਸਾਈਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੰਗਿਆਂ 'ਚ ਸ਼ਾਮਲ ਹੋਣ ਲਈ 100 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿਸਤਾਨ ਸਥਿਤ ਡਾਨ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਪਾਕਿਸਤਾਨ ਦੇ ਫੈਸਲਾਬਾਦ ਦੇ ਜਰਨਵਾਲਾ ਜ਼ਿਲ੍ਹੇ 'ਚ ਬੁੱਧਵਾਰ ਨੂੰ ਈਸ਼ਨਿੰਦਾ ਦੇ ਦੋਸ਼ 'ਚ ਕਈ ਚਰਚਾਂ 'ਚ ਭੰਨ-ਤੋੜ ਕੀਤੀ ਗਈ।
ਜਰਨਵਾਲਾ 'ਚ ਹਿੰਸਾ ਇਕ ਸੋਚੀ ਸਮਝੀ ਸਾਜ਼ਿਸ਼
ਪੰਜਾਬ ਸਰਕਾਰ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ ਕਿ ਸੂਬਾਈ ਸਰਕਾਰ ਨੇ ਵੀ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਅੰਤਰਿਮ ਸੂਚਨਾ ਮੰਤਰੀ ਆਮਿਰ ਮੀਰ ਨੇ ਕਿਹਾ ਸੀ ਕਿ ਇਲਾਕੇ 'ਚ ਸ਼ਾਂਤੀ ਭੰਗ ਕਰਨ ਦੇ ਦੋਸ਼ 'ਚ ਦਰਜਨਾਂ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਕ ਬਿਆਨ 'ਚ ਮੰਤਰੀ ਨੇ ਕਿਹਾ ਕਿ ਜਰਨਵਾਲਾ 'ਚ ਹਿੰਸਾ ਇਕ "ਸੋਚੀ ਸਮਝੀ ਸਾਜ਼ਿਸ਼" ਦੇ ਤਹਿਕ ਕੀਤੀ ਗਈ ਸੀ। ਜਨਤਾ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਸ਼ਾਂਤੀ ਭੰਗ ਕਰਨ ਦੀ ਯੋਜਨਾ ਸੀ।
ਜੀਓ ਨਿਊਜ਼ ਨੇ ਮੀਰ ਦੇ ਹਵਾਲੇ ਨਾਲ ਕਿਹਾ ਕਿ ਫੈਸਲਾਬਾਦ 'ਚ ਸਥਿਤੀ ਹੁਣ ਪੂਰੀ ਤਰ੍ਹਾਂ ਕਾਬੂ 'ਚ ਹੈ। ਸੂਬਾਈ ਸੂਚਨਾ ਮੰਤਰੀ ਨੇ ਇਹ ਵੀ ਕਿਹਾ ਕਿ ਪਵਿੱਤਰ ਗ੍ਰੰਥ ਦੀ ਬੇਅਦਬੀ ਦੀ ਦੁਖਦਾਈ ਘਟਨਾ ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ, ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
6,000 ਤੋਂ ਵੱਧ ਪੁਲਸ ਮੁਲਾਜ਼ਮ ਤਾਇਨਾਤ 
ਸੂਚਨਾ ਮੰਤਰੀ ਨੇ ਦੱਸਿਆ ਕਿ ਚਰਚਾਂ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਵੱਡੀ ਗਿਣਤੀ 'ਚ ਪੁਲਸ ਬਲ ਨੂੰ ਤਾਇਨਾਤ ਕੀਤਾ ਗਿਆ ਹੈ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਪ੍ਰਭਾਵਿਤ ਇਲਾਕਿਆਂ 'ਚ 6,000 ਤੋਂ ਜ਼ਿਆਦਾ ਪੁਲਸ ਕਰਮਚਾਰੀ ਅਤੇ ਰੇਂਜਰਸ ਦੇ ਜਵਾਨ ਮੌਜੂਦ ਹਨ। ਡਾਨ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਦੌਰਾਨ ਈਸਾਈ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਪੁਲਸ ਮੂਕਦਰਸ਼ਕ ਬਣੀ ਰਹੀ। 
ਚਰਚ ਆਫ਼ ਪਾਕਿਸਤਾਨ ਦੇ ਪ੍ਰਧਾਨ ਬਿਸ਼ਪ ਆਜ਼ਾਦ ਮਾਰਸ਼ਲ ਨੇ ਕਿਹਾ ਕਿ ਈਸਾਈਆਂ ਨੂੰ ਤਸੀਹੇ ਦਿੱਤੇ ਜਾ ਰਹੇ ਹਨ। ਬਿਸ਼ਪ ਨੇ ਕਿਹਾ ਕਿ ਸਾਰੇ ਨਾਗਰਿਕਾਂ ਨੂੰ ਤੁਰੰਤ ਦਖਲ ਦੇਣਾ ਚਾਹੀਦਾ ਹੈ ਅਤੇ ਸਾਨੂੰ ਭਰੋਸਾ ਦਿਵਾਉਣਾ ਚਾਹੀਦਾ ਹੈ ਕਿ ਸਾਡੀ ਆਪਣੀ ਮਾਤ ਭੂਮੀ 'ਚ ਸਾਡਾ ਜੀਵਨ ਕੀਮਤੀ ਹੈ, ਜਿਸ ਨੇ ਹੁਣੇ-ਹੁਣੇ ਆਜ਼ਾਦੀ ਦਾ ਜਸ਼ਨ ਮਨਾਇਆ ਹੈ।
ਖ਼ਾਸ ਤੌਰ 'ਤੇ ਪਾਕਿਸਤਾਨ 'ਚ ਘੱਟ-ਗਿਣਤੀਆਂ ਨੂੰ ਪਿਛਲੇ ਸਾਲਾਂ ਤੋਂ ਅਤਿਆਚਾਰਾਂ ਅਤੇ ਨਿਸ਼ਾਨਾ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਹਿਊਮਨ ਰਾਈਟਸ ਫੋਕਸ ਮੁਤਾਬਕ ਪਾਕਿਸਤਾਨ ਦੇ ਰਾਸ਼ਟਰਪਤੀ ਨਵੀਦ ਵਾਲਟਰ ਨੇ ਜੁਲਾਈ 'ਚ ਕਿਹਾ ਸੀ ਕਿ 1947 'ਚ ਆਜ਼ਾਦੀ ਤੋਂ ਬਾਅਦ ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਆਬਾਦੀ 23 ਫ਼ੀਸਦੀ ਤੋਂ ਘਟ ਕੇ 3 ਫ਼ੀਸਦੀ ਹੋ ਗਈ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News