ਮੰਗੋਲੀਆ ਨੇ ਦੱਖਣੀ ਕੋਰੀਆ ਦੇ ਸੈਲਾਨੀਆਂ ਨੂੰ ਬਿਨਾਂ ਵੀਜ਼ਾ ਆਉਣ ਦੀ ਦਿੱਤੀ ਇਜਾਜ਼ਤ

Wednesday, May 04, 2022 - 04:48 PM (IST)

ਉਲਾਨ ਬਟੋਰ (ਏਜੰਸੀ)- ਮੰਗੋਲੀਆਈ ਸਰਕਾਰ ਨੇ ਬੁੱਧਵਾਰ ਨੂੰ ਦੱਖਣੀ ਕੋਰੀਆ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਬਿਨਾਂ ਵੀਜ਼ਾ ਦੇ ਹੀ ਆਪਣੇ ਦੇਸ਼ ਵਿੱਚ ਆ ਕੇ 90 ਦਿਨਾਂ ਤੱਕ ਰਹਿਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਇਹ ਇਜਾਜ਼ਤ ਮੰਗੋਲੀਆ ਦੀ ਵੀਜ਼ਾ ਮੁਕਤ ਨੀਤੀ 1 ਜੂਨ ਤੋਂ ਲਾਗੂ ਹੋਣ ਤੋਂ ਬਾਅਦ ਦਿੱਤੀ ਜਾਵੇਗੀ ਅਤੇ ਇਹ 2024 ਦੇ ਅੰਤ ਤੱਕ ਜਾਰੀ ਰਹੇਗੀ।

ਇਕ ਸਰਕਾਰੀ ਰੀਲੀਜ਼ ਵਿਚ ਦੱਸਿਆ ਗਿਆ ਕਿ ਇਹ ਫੈਸਲਾ ਸਰਕਾਰ ਵੱਲੋਂ ਵੱਧ ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਿਤ ਕਰਕੇ ਆਰਥਿਕਤਾ ਨੂੰ ਸੁਧਾਰਨ ਅਤੇ ਦੇਸ਼ ਦੇ ਸੈਰ-ਸਪਾਟਾ ਖੇਤਰ ਨੂੰ ਸੁਧਾਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਹਿੱਸੇ ਵਜੋਂ ਲਿਆ ਗਿਆ ਹੈ, ਜੋ ਕਿ ਕੋਰੋਨਾ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

ਮੰਗੋਲੀਆ ਦੇ ਵਾਤਾਵਰਣ ਅਤੇ ਸੈਰ-ਸਪਾਟਾ ਮੰਤਰਾਲਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਾਲ 2019 ਵਿੱਚ ਮੰਗੋਲੀਆ ਵਿੱਚ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 5 ਲੱਖ 77 ਹਜ਼ਾਰ 300 ਰਹੀ, ਇਹ ਹੁਣ ਤੱਕ ਦੇਸ਼ ਵਿੱਚ ਆਉਣ ਵਾਲੇ ਸੈਲਾਨੀਆਂ ਦੀ ਸਭ ਤੋਂ ਵੱਧ ਗਿਣਤੀ ਸੀ। ਮੰਤਰਾਲਾ ਅਨੁਸਾਰ, ਸਰਕਾਰ ਦਾ ਟੀਚਾ ਸਾਲ 2022 ਵਿੱਚ ਫਿਰ ਤੋਂ ਇੰਨੀ ਹੀ ਗਿਣਤੀ ਵਿੱਚ ਸੈਲਾਨੀਆਂ ਨੂੰ ਆਕਰਸ਼ਿਤ ਕਰਨਾ ਹੈ।


cherry

Content Editor

Related News