2 ਸਾਲਾ ਬੱਚੀ ਨੇ ਨਹੀਂ ਪਾਇਆ ਸੀ ਮਾਸਕ, 6 ਬੱਚਿਆਂ ਸਣੇ ਮਾਂ ਨੂੰ ਵੀ ਕੱਢਿਆ ਜਹਾਜ਼ ''ਚੋਂ ਬਾਹਰ

Sunday, Aug 23, 2020 - 03:27 PM (IST)

2 ਸਾਲਾ ਬੱਚੀ ਨੇ ਨਹੀਂ ਪਾਇਆ ਸੀ ਮਾਸਕ, 6 ਬੱਚਿਆਂ ਸਣੇ ਮਾਂ ਨੂੰ ਵੀ ਕੱਢਿਆ ਜਹਾਜ਼ ''ਚੋਂ ਬਾਹਰ

ਓਰਲੈਂਡੋ- ਕੋਰੋਨਾ ਵਾਇਰਸ ਕਾਰਨ ਹਰੇਕ ਵਿਅਕਤੀ ਨੂੰ ਮਾਸਕ ਲਗਾ ਕੇ ਸਫਰ ਕਰਨ ਦੀ ਹਿਦਾਇਤ ਦਿੱਤੀ ਗਈ ਹੈ। ਜਹਾਜ਼, ਬੱਸ ਜਾਂ ਗੱਡੀ 'ਚ ਜਾਣ ਵਾਲਿਆਂ ਲਈ ਇਹ ਹਿਦਾਇਤਾਂ ਸਖਤੀ ਨਾਲ ਲਾਗੂ ਕੀਤੀਆਂ ਗਈਆਂ ਹਨ। ਹਾਲਾਂਕਿ ਇਸ ਵਿਚ ਛੋਟੇ ਬੱਚਿਆਂ ਨੂੰ ਛੋਟ ਦਿੱਤੀ ਗਈ ਹੈ ਪਰ ਓਰਲੈਂਡੋ ਤੋਂ ਨਿਊਯਾਰਕ ਜਾ ਰਹੀ ਚਾਇਆ ਬਰੂਕ ਨਾਂ ਦੀ ਇਕ ਮਾਂ ਨੂੰ ਉਸ ਦੇ 6 ਬੱਚਿਆਂ ਸਣੇ ਜਹਾਜ਼ 'ਚੋਂ ਉਤਾਰ ਦਿੱਤਾ ਗਿਆ ਕਿਉਂਕਿ ਉਸ ਦੀ ਦੋ ਸਾਲਾ ਬੱਚੀ ਨੇ ਮਾਸਕ ਨਹੀਂ ਲਗਾਇਆ ਸੀ।

PunjabKesari

ਫਲਾਈਟ ਅਟੈਂਡਟ ਇਸ ਗੱਲ 'ਤੇ ਅੜੇ ਰਹੇ ਕਿ ਮਾਂ ਬੱਚੇ ਨੂੰ ਮਾਸਕ ਲਗਾਵੇ ਪਰ ਉਸ ਦਾ ਕਹਿਣਾ ਸੀ ਕਿ ਬੱਚੀ ਦੋ ਸਾਲ ਦੀ ਹੈ ਤੇ ਇਸ ਲਈ ਇਹ ਲਾਜ਼ਮੀ ਨਹੀਂ ਹੈ। ਫਲਾਈਟ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਵੈੱਬਸਾਈਟ 'ਤੇ ਹਰ ਯਾਤਰੀ ਨੂੰ ਇਹ ਸੂਚਿਤ ਕੀਤਾ ਸੀ ਕਿ 2 ਸਾਲ ਦੀ ਉਮਰ ਤੋਂ ਲੈ ਕੇ ਹਰ ਵਿਅਕਤੀ ਲਈ ਸਫਰ ਦੌਰਾਨ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ। ਜਹਾਜ਼ ਵਿਚ ਬੈਠੇ ਲੋਕ ਇਸ ਬਹਿਸ ਕਾਰਨ ਕਾਫੀ ਪਰੇਸ਼ਾਨ ਹੋਏ ਤੇ ਕਈਆਂ ਨੇ ਬੱਚਿਆਂ ਦੀ ਮਾਂ ਦਾ ਸਾਥ ਦਿੱਤਾ। 

ਬਰੂਕ ਨੇ ਫੇਸਬੁੱਕ 'ਤੇ ਜੈੱਟ ਬਲੂ ਏਅਰਲਾਈਨਜ਼ ਨੂੰ ਲਾਹਣਤ ਪਾਉਂਦੇ ਲਿਖਿਆ ਕਿ ਸ਼ਰਮ ਵਾਲੀ ਗੱਲ ਹੈ ਤੁਸੀਂ ਮੈਨੂੰ ਤੇ ਮੇਰੇ 6 ਬੱਚਿਆਂ ਨੂੰ ਜਹਾਜ਼ ਵਿਚੋਂ ਉਤਾਰ ਕੇ ਠੀਕ ਨਹੀਂ ਕੀਤਾ। ਮੈਂ ਕਾਫੀ ਸਮਾਨ ਤੇ 6 ਬੱਚਿਆਂ ਨਾਲ ਸਫਰ ਕਰਨ ਜਾ ਰਹੀ ਸੀ ਤੇ ਇਹ ਮੇਰੇ ਲਈ ਬਹੁਤ ਬੁਰਾ ਅਨੁਭਵ ਰਿਹਾ। ਜਹਾਜ਼ ਵਿਚ ਸਵਾਰ ਕਈ ਲੋਕਾਂ ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਮਾਸਕ ਨਾ ਪਾਉਣ ਦੀ ਛੋਟ ਹੈ ਪਰ ਏਅਰਲਾਈਨਜ਼ ਦੇ ਕਰਮਚਾਰੀਆਂ ਨੇ ਕੋਈ ਗੱਲ਼ ਨਾ ਸੁਣੀ। ਬਰੂਕ ਦਾ ਕਹਿਣਾ ਹੈ ਕਿ ਉਹ ਉਸ ਨੂੰ ਖਿੱਝ ਕੇ ਤੇ ਚੀਖ ਕੇ ਬੋਲ ਰਹੇ ਸਨ। ਉਸ ਨੇ ਕਿਹਾ ਕਿ ਮੀਡੀਆ ਵਿਚ ਖਬਰ ਆਉਣ ਤੋਂ ਬਾਅਦ ਸ਼ਾਇਦ ਜੈੱਟ ਬਲੂ ਆਪਣੀ ਪਾਲਿਸੀ ਵਿਚ ਕੁਝ ਤਬਦੀਲੀ ਕਰੇ। 


author

Lalita Mam

Content Editor

Related News