ਮੋਇਦ ਯੂਸੁਫ਼ ਬਣੇ PAK ਦੇ ਨਵੇਂ ਰਾਸ਼ਟਰੀ ਸੁਰੱਖਿਆ ਸਲਾਹਕਾਰ, ਇਮਰਾਨ ਤੇ ਫੌਜ ਦੇ ਹਨ ਬਹੁਤ ਨਜ਼ਦੀਕੀ

Wednesday, May 19, 2021 - 04:59 PM (IST)

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਜ਼ਦੀਕੀ ਮੋਇਦ ਯੂਸੁਫ਼ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਤੌਰ ’ਤੇ ਨਿਯੁਕਤ ਕੀਤਾ ਗਿਆ ਹੈ। ਯੂਸੁਫ਼ ਦਸੰਬਰ 2019 ਤੋਂ ਇਮਰਾਨ ਖਾਨ ਦੇ ਖਾਸ ਅਸਿਸਟੈਂਟ ਦੇ ਤੌਰ ’ਤੇ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਰਾਸ਼ਟਰੀ ਸੁਰੱਖਿਆ ਤੇ ਰਣਨੀਤੀ ਨਾਲ ਜੁੜੀ ਪਾਲਿਸੀ ਪਲਾਨਿੰਗ ਦਾ ਕੰਮ ਸੌਂਪਿਆ ਗਿਆ ਸੀ। ਹੁਣ ਉਨ੍ਹਾਂ ਨੂੰ ਰਸਮੀ ਤੌਰ ’ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸੋਮਵਾਰ ਨੂੰ ਯੂਸੁਫ਼ ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਮੰਨਿਆ ਜਾਂਦਾ ਹੈ ਕਿ ਪਿਛਲੇ ਦਿਨੀਂ ਬੈਕ ਚੈਨਲ ਤੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਈ ਗੱਲਬਾਤ ’ਚ ਮੋਇਦ ਯੂਸੁਫ਼ ਨੇ ਅਹਿਮ ਭੂਮਿਕਾ ਅਦਾ ਕੀਤੀ ਸੀ।

ਡਾ. ਮੋਇਦ ਯੂਸੁਫ਼ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਅਹੁਦੇ ’ਤੇ ਨਿਯੁਕਤੀ ਦਾ ਫੈਸਲਾ ਤੱਤਕਾਲ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ। ਪਾਕਿਸਤਾਨ ਦੇ ਸਟ੍ਰੈਟੇਜਿਕ ਪਾਲਿਸੀ ਪਲਾਨਿੰਗ ਸੈੱਲ ਦੇ ਚੇਅਰਮੈਨ ਅਹੁਦੇ ’ਤੇ ਨਿਯੁਕਤੀ ਤੋਂ ਪਹਿਲਾਂ ਯੂਸੁਫ਼ ਨੂੰ ਯੂਨਾਈਟਿਡ ਸਟੇਟਸ ਇੰਸਟੀਚਿਊਟ ਆਫ ਪੀਸ ਦੇ ਏਸ਼ੀਆ ਸੈਂਟਰ ਦੇ ਵਾਈਸ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਮੋਇਦ ਯੂਸੁਫ਼ ਨੇ ‘Brokering Peace in Nuclear Environments...’ ਨਾਂ ਨਾਲ ਇਕ ਕਿਤਾਬ ਵੀ ਲਿਖੀ ਹੈ। ਮੋਇਦ ਯੂਸੁਫ਼ ਨੂੰ ਇਮਰਾਨ ਖਾਨ ਦੇ ਨਾਲ ਹੀ ਪਾਕਿਸਤਾਨੀ ਫੌਜ ਦਾ ਵੀ ਨਜ਼ਦੀਕੀ ਮੰਨਿਆ ਜਾਂਦਾ ਹੈ।

ਉਹ ਪਾਕਿ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਸਭ ਤੋਂ ਨਜ਼ਦੀਕੀ ਮੰਨੇ ਜਾਂਦੇ ਹਨ। ਰਿਪੋਰਟਾਂ ਦੇ ਮੁਤਾਬਕ ਹਾਲ ਹੀ ’ਚ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਈ ਪਰਦੇ ਦੇ ਪਿੱਛੇ ਗੱਲਬਾਤ ’ਚ ਉਨ੍ਹਾਂ ਦਾ ਅਹਿਮ ਰੋਲ ਸੀ। ਇਨ੍ਹਾਂ ਗੱਲਾਂ-ਬਾਤਾਂ ਤੋਂ ਬਾਅਦ ਹੀ ਦੋਵਾਂ ਦੇਸ਼ਾਂ ਨੇ ਐੱਲ. ਓ. ਸੀ. ’ਤੇ 2003 ’ਚ ਹੋਏ ਸੀਜ਼ਫਾਇਰ ਸਮਝੌਤੇ ’ਤੇ ਕਾਇਮ ਰਹਿਣ ’ਤੇ ਸਹਿਮਤੀ ਪ੍ਰਗਟਾਈ ਸੀ। ਸੀਜ਼ਫਾਇਰ ਨੂੰ ਲੈ ਕੇ ਹੋਏ ਫੈਸਲੇ ਤੋਂ ਬਾਅਦ ਯੂਸੁਫ ਨੇ ਇਕ ਆਡੀਓ ਸਟੇਟਮੈਂਟ ’ਚ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਦੋਵਾਂ ਦੇਸ਼ਾਂ ਦਰਮਿਆਨ ਪਰਦੇ ਦੇ ਪਿੱਛੇ ਹੋਈ ਗੱਲਬਾਤ ਤੋਂ ਬਾਅਦ ਇਹ ਫੈਸਲਾ ਹੋਇਆ ਹੈ। ਇਹੀ ਨਹੀਂ, ਯੂਸੁਫ਼ ਨੇ ਇਹ ਵੀ ਕਿਹਾ ਸੀ ਕਿ ਆਉਣ ਵਾਲੇ ਦਿਨਾਂ ’ਚ ਭਾਰਤ ਤੇ ਪਾਕਿਸਤਾਨ ਦਰਮਿਆਨ ਕੁਝ ਹੋਰ ਮੁੱਦਿਆਂ ’ਤੇ ਸਹਿਮਤੀਆਂ ਬਣ ਸਕਦੀਆਂ ਹਨ।


Manoj

Content Editor

Related News