11 ਅਕਤੂਬਰ ਨੂੰ ਭਾਰਤ ਆਉਣਗੇ ਚੀਨ ਦੇ ਰਾਸ਼ਟਰਪਤੀ, ਜਾਣੋ ਪੂਰਾ ਪ੍ਰੋਗਰਾਮ

10/09/2019 1:31:11 PM

ਬੀਜਿੰਗ— ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 11 ਅਕਤੂਬਰ ਨੂੰ ਭਾਰਤ ਆਉਣਗੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੂਜੀ ਵਾਰ ਗੈਰ ਰਸਮੀ ਸਿਖਰ ਵਾਰਤਾ ਹੋਵੇਗੀ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਘੋਸ਼ਣਾ ਕੀਤੀ ਹੈ। ਮੰਤਰਾਲੇ ਨੇ ਕਿਹਾ ਕਿ ਇਹ ਸਿਖਰ ਵਾਰਤਾ ਦੋਹਾਂ ਨੇਤਾਵਾਂ ਨੂੰ ਦੋ-ਪੱਖੀ, ਖੇਤਰੀ ਅਤੇ ਗਲੋਬਲ ਮਹੱਤਵ ਦੇ ਵਿਆਪਕ ਮੁੱਦਿਆਂ 'ਤੇ ਗੱਲਬਾਤ ਜਾਰੀ ਰੱਖਣ ਦਾ ਮੌਕਾ ਪ੍ਰਦਾਨ ਕਰੇਗੀ।

ਮੰਤਰਾਲੇ ਨੇ ਕਿਹਾ,''ਪ੍ਰਧਾਨ ਮੰਤਰੀ ਦੇ ਸੱਦੇ 'ਤੇ 'ਪੀਪਲਜ਼ ਰੀਪਬਲਿਕਲ ਆਫ ਚਾਈਨਾ' ਦੇ ਮੁਖੀ ਸ਼ੀ ਜਿਨਪਿੰਗ ਗੈਰ-ਰਸਮੀ ਸਿਖਰ ਵਾਰਤਾ ਲਈ 11-12 ਅਕਤੂਬਰ 2019 ਨੂੰ ਚੇਨੱਈ 'ਚ ਹੋਣਗੇ। ਸਿਖਰ ਵਾਰਤਾ ਚੇਨੱਈ ਦੇ ਨੇੜੇ ਪ੍ਰਾਚੀਨ ਤਟੀ ਸ਼ਹਿਰ ਮਾਮਲੱਾਪੁਰਮ 'ਚ ਹੋਵੇਗੀ। ਮੰਤਰਾਲੇ ਨੇ ਕਿਹਾ ਕਿ ਸਿਖਰ ਵਾਰਤਾ ਦੌਰਾਨ ਦੋਵੇਂ ਦੇਸ਼ ਭਾਰਤ-ਚੀਨ ਵਿਕਾਸ ਸਾਂਝੇਦਾਰੀ ਨੂੰ ਡੂੰਘਾ ਕਰਨ 'ਤੇ ਵਿਚਾਰ-ਵਟਾਂਦਰਾ ਕਰਨਗੇ।

ਜਾਣੋ ਪੂਰਾ ਪ੍ਰੋਗਰਾਮ—
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸ਼ੁੱਕਰਵਾਰ ਨੂੰ ਦੁਪਹਿਰ 1.20 ਵਜੇ ਚੇਨੱਈ ਪੁੱਜਣਗੇ।ਜਿਨਪਿੰਗ ਨਿਰਧਾਰਤ ਪ੍ਰੋਗਰਾਮ ਮੁਤਾਬਕ ਇੱਥੋਂ ਦੇ ਗੁਇੰਡੀ ਸਥਿਤ ਇਕ ਹੋਟਲ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋ-ਪੱਖੀ ਵਾਰਤਾ ਕਰਨਗੇ, ਜਿਸ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਜਿਨਪਿੰਗ ਦੇ ਹਵਾਈ ਅੱਡੇ 'ਤੇ ਪੁੱਜਣ ਦੇ ਬਾਅਦ ਸੰਗੀਤ ਆਦਿ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ ਅਤੇ ਇਸ ਦੇ ਬਾਅਦ ਉਹ 1.45 ਵਜੇ ਹੋਟਲ ਪੁੱਜਣਗੇ। ਜਿਸ ਸਮੇਂ ਜਿਨਪਿੰਗ ਨੇ ਆਉਣਾ ਹੈ ਉਸ ਦੇ 10 ਤੋਂ 15 ਕੁ ਮਿੰਟਾਂ ਤਕ ਹਵਾਈ ਅੱਡੇ 'ਤੇ ਘਰੇਲੂ ਅਤੇ ਕੌਮਾਂਤਰੀ ਜਹਾਜ਼ਾਂ ਦੀ ਆਵਾਜਾਈ ਨਹੀਂ ਹੋਵੇਗੀ। ਇਸ ਨੂੰ ਲੈ ਕੇ ਜਹਾਜ਼ ਕੰਪਨੀਆਂ ਨੂੰ ਆਪਣੀਆਂ ਉਡਾਣਾਂ ਦਾ ਸਮਾਂ ਮੁੜ ਨਿਰਧਾਰਤ ਕਰਨ ਦੀ ਸਲਾਹ ਦਿੱਤੀ ਗਈ ਹੈ।

ਜਿਨਪਿੰਗ ਹੋਟਲ 'ਚ ਥੋੜੀ ਦੇਰ ਠਹਿਰਣ ਮਗਰੋਂ ਸੜਕ ਮਾਰਗ ਤੋਂ ਚੇਨੱਈ ਤੋਂ 55 ਕਿਲੋਮੀਟਰ ਦੂਰ ਮਹਾਬਲੀਪੁਰਮ ਰਵਾਨਾ ਹੋਣਗੇ, ਜਿੱਥੇ ਉਹ ਪੀ. ਐੱਮ. ਮੋਦੀ ਨਾਲ ਸ਼ਾਮ 5 ਵਜੇ 'ਅਰਜੁਨ ਪੇਨਾਂਸ' ਅਤੇ 5.20 ਵਜੇ 'ਪੰਜ ਰਥ' ਅਤੇ ਫਿਰ 'ਸ਼ੋਰ ਮੰਦਰ' ਜਾਣਗੇ। ਜਿਨਪਿੰਗ ਇੱਥੇ ਸੱਭਿਆਚਾਰਕ ਸਮਾਰੋਹ 'ਚ ਸ਼ਾਮਲ ਹੋਣ ਅਤੇ ਮਹੱਤਵਪੂਰਣ ਨੇਤਾਵਾਂ ਨਾਲ ਮੁਲਾਕਾਤ ਕਰਨ ਮਗਰੋਂ ਰਾਤ 9 ਵਜੇ ਹੋਟਲ ਵਾਪਸ ਆਉਣਗੇ। ਜਿਨਪਿੰਗ 12 ਅਕਤੂਬਰ ਨੂੰ ਸਵੇਰੇ 9 ਵਜੇ ਤਟੀ ਸ਼ਹਿਰ ਰਵਾਨਾ ਹੋ ਜਾਣਗੇ, ਜਿੱਥੇ ਉਹ ਪੀ. ਐੱਮ. ਮੋਦੀ ਨਾਲ ਦੋ-ਪੱਖੀ ਵਾਰਤਾ ਕਰਨਗੇ। ਪੀ. ਐੱਮ. ਮੋਦੀ ਨਾਲ ਭੋਜਨ ਕਰਨ ਮਗਰੋਂ ਉਹ 1.15 ਵਜੇ ਚੇਨੱਈ ਵਾਪਸ ਜਾਣਗੇ ਅਤੇ ਇਸ ਦੇ ਬਾਅਦ 2.20 'ਤੇ ਚੀਨ ਰਵਾਨਾ ਹੋ ਜਾਣਗੇ।


Related News