ਮਿਸੀਸਿਪੀ ਵਾਸੀਆਂ ਨੇ ਨਵਾਂ ਝੰਡਾ ਅਪਣਾਉਣ ਦੇ ਹੱਕ ''ਚ ਪਾਈ ਵੋਟ
Thursday, Nov 05, 2020 - 04:48 PM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕਿਸੇ ਵੀ ਦੇਸ਼ ਜਾਂ ਰਾਜ ਲਈ ਉਸ ਦਾ ਝੰਡਾ ਬਹੁਤ ਮਹੱਤਵਪੂਰਨ ਹੁੰਦਾ ਹੈ। ਝੰਡੇ ਨਾਲ ਹੀ ਕਿਸੇ ਖੇਤਰ ਦੀ ਦੁਨੀਆ ਵਿਚ ਵੱਖਰੀ ਪਛਾਣ ਹੁੰਦੀ ਹੈ। ਇਸ ਸਮੇਂ ਦੁਨੀਆ ਦੇ ਹਰ ਦੇਸ਼,ਰਾਜ ਜਾਂ ਖਿੱਤੇ ਨੇ ਆਪਣੇ ਲਈ ਜ਼ਰੂਰ ਅਪਣਾਇਆ ਹੋਇਆ ਹੈ। ਅਮਰੀਕਾ ਦੇ ਰਾਜ ਮਿਸੀਸਿਪੀ ਵਿਚ ਇਸ ਸਮੇਂ ਉੱਥੋਂ ਦੇ ਸਥਾਨਕ ਝੰਡੇ ਨੂੰ ਬਦਲਣ ਤੇ ਵਿਚਾਰ ਹੋ ਰਹੀ ਹੈ।
ਇਸ ਰਾਜ ਵਿਚ ਵੋਟਰਾਂ ਨੇ ਨਵੇਂ ਝੰਡੇ ਦੇ ਹੱਕ ਵਿਚ ਮਤਦਾਨ ਕੀਤਾ ਹੈ ਜਿਸ ਵਿਚ 21 ਤਾਰਿਆਂ ਨਾਲ ਘਿਰੇ ਇਕ ਮੈਗਨੋਲੀਆ ਦੀ ਖਾਸ ਵਿਸ਼ੇਸ਼ਤਾ ਹੈ ਜੋ ਕਿ ਮਿਸੀਸਿਪੀ ਤੋਂ ਪਹਿਲਾਂ ਯੂਨੀਅਨ ਵਿੱਚ ਸ਼ਾਮਲ ਹੋਣ ਵਾਲੇ ਰਾਜਾਂ ਨੂੰ ਦਰਸਾਉਂਦੀ ਸੀ, ਨਾਲ ਹੀ ਇਸ ਵਿਚ "ਇਨ ਗੌਡ ਵੀ ਟਰੱਸਟ" ਦੇ ਸ਼ਬਦ ਵੀ ਲਿਖੇ ਹੋਏ ਹਨ। ਇਸ ਸੰਬੰਧੀ ਕਲੈਰੀਅਨ ਲੇਜਰ ਅਨੁਸਾਰ 79% ਵੋਟਰਾਂ ਨੇ ਇਸ ਦੇ ਨਵੇਂ ਡਿਜ਼ਾਈਨ ਨੂੰ ਚੁਣਿਆ ਹੈ। ਮਿਸੀਸਿਪੀ ਨੇ 126 ਸਾਲਾਂ ਤੋਂ ਸੰਘ ਦੇ ਬੈਟਲ ਕ੍ਰਾਸ ਵਾਲੇ ਝੰਡੇ ਦੀ ਵਰਤੋਂ ਕੀਤੀ ਸੀ ਅਤੇ ਅਜਿਹਾ ਕਰਨ ਵਾਲਾ ਇਹ ਆਖਰੀ ਰਾਜ ਸੀ। 2001 ਵਿਚ ਇਸ ਚਿੰਨ੍ਹ ਨੂੰ ਹਟਾਉਣ ਲਈ ਜਾਰਜੀਆ ਨੇ ਆਪਣਾ ਝੰਡਾ ਬਦਲਿਆ ਸੀ ਅਤੇ ਹੁਣ ਇਸ ਰਾਜ ਦੇ ਵਾਸੀ ਇਸ ਕ੍ਰਾਸ ਵਾਲੇ ਝੰਡੇ ਨੂੰ ਬਦਲਣਾ ਚਾਹੁੰਦੇ ਹਨ।