ਮਨੀਟੋਬਾ ਦੇ ਸਕੂਲ ਨੇੜੇ ਦਲਦਲੀ ਇਲਾਕੇ 'ਚੋਂ 6 ਸਾਲਾ ਬੱਚੇ ਦੀ ਲਾਸ਼ ਬਰਾਮਦ
Monday, Sep 23, 2024 - 04:43 PM (IST)

ਮਨੀਟੋਬਾ : RCMP ਦਾ ਕਹਿਣਾ ਹੈ ਕਿ ਉੱਤਰ-ਪੂਰਬੀ ਮੈਨੀਟੋਬਾ ਫਸਟ ਨੇਸ਼ਨ 'ਚ ਬੁੱਧਵਾਰ ਤੋਂ ਲਾਪਤਾ ਇੱਕ ਛੇ ਸਾਲਾ ਲੜਕੇ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਸ਼ਾਮਤਾਵਾ ਫਸਟ ਨੇਸ਼ਨ ਵਿਚ ਖੋਜਕਰਤਾਵਾਂ ਨੇ ਜੌਨਸਨ ਰੈੱਡਹੈੱਡ ਨੂੰ ਸ਼ਾਮ 7:45 ਵਜੇ ਦੇ ਕਰੀਬ ਮਰਿਆ ਹੋਇਆ ਪਾਇਆ। ਐਤਵਾਰ ਰਾਤ ਨੂੰ ਮੈਨੀਟੋਬਾ ਆਰਸੀਐੱਮਪੀ ਨੇ ਇੱਕ ਨਿਊਜ਼ ਰਿਲੀਜ਼ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ।
ਪ੍ਰੈੱਸ ਰਿਲੀਜ਼ ਅਨੁਸਾਰ, ਉਸਦੀ ਲਾਸ਼ ਸਕੂਲ ਤੋਂ ਲਗਭਗ ਸਾਢੇ ਤਿੰਨ ਕਿਲੋਮੀਟਰ ਦੂਰ ਇੱਕ ਦਲਦਲ ਖੇਤਰ ਵਿਚ ਮਿਲੀ, ਜਿੱਥੇ ਉਸਨੂੰ ਆਖਰੀ ਵਾਰ ਦੇਖਿਆ ਗਿਆ ਸੀ। RCMP ਨੇ ਪਹਿਲਾਂ ਕਿਹਾ ਸੀ ਕਿ ਲੜਕਾ ਬੁੱਧਵਾਰ ਸਵੇਰੇ ਉੱਤਰ-ਪੂਰਬੀ ਮਨੀਟੋਬਾ ਫਸਟ ਨੇਸ਼ਨ ਦੇ ਸਕੂਲ ਵਿਚ ਇੱਕ ਨਾਸ਼ਤੇ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਇਆ ਸੀ ਪਰ ਉਸ ਤੋਂ ਬਾਅਦ ਕਲਾਸ ਵਿਚ ਨਹੀਂ ਆਇਆ। ਉਸਦੇ ਲਾਪਤਾ ਹੋਣ ਨਾਲ ਕਮਿਊਨਿਟੀ ਮੈਂਬਰਾਂ, ਵਲੰਟੀਅਰਾਂ ਅਤੇ ਪੁਲਸ ਦੁਆਰਾ ਇਲਾਕੇ ਦੀ ਵੱਡੇ ਪੱਧਰ 'ਤੇ ਖੋਜ ਸ਼ੁਰੂ ਕੀਤੀ ਗਈ।
ਆਰਸੀਐੱਮਪੀ ਨੇ ਆਪਣੇ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਅਸੀਂ ਉਸ ਦੇ ਪਰਿਵਾਰ, ਸ਼ਮਾਤਵਾ ਫਸਟ ਨੇਸ਼ਨ ਦੇ ਭਾਈਚਾਰੇ ਅਤੇ ਉਸ ਦੀ ਮੌਤ ਨਾਲ ਸੋਗ ਵਿਚ ਡੁੱਬੇ ਹਰੇਕ ਵਿਅਕਤੀ ਲਈ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ।