ਇਟਲੀ: 'ਮਿਸਲ ਸ਼ਹੀਦਾਂ ਗੱਤਕਾ ਅਕੈਡਮੀ' ਸੁਜਾਰਾ ਵੱਲੋਂ ਮਨਾਈ ਗਈ ਅਕੈਡਮੀ ਦੀ ਪੰਜਵੀਂ ਵਰੇਗੰਢ
Tuesday, Oct 08, 2024 - 04:00 PM (IST)
ਮਾਨਤੋਵਾ(ਦਲਵੀਰ ਕੈਂਥ)- ਸਿੱਖ ਮਾਰਸ਼ਲ ਆਰਟ ਗੱਤਕਾ ਕਲਾ ਨੂੰ ਇਟਲੀ ਵਿੱਚ ਸਥਾਪਿਤ ਕਰਨ ਲਈ ਸ਼ਲਾਘਾਯੋਗ ਉਪਰਾਲੇ ਕਰ ਰਹੀ ਜ਼ਿਲ੍ਹਾ ਮਾਨਤੋਵਾ ਅਧੀਨ ਪੈਂਦੇ ਸ਼ਹਿਰ ਸੁਜਾਰਾ ਵਿਖੇ “ਮਿਸਲ ਸ਼ਹੀਦਾਂ ਗੱਤਕਾ ਅਕੈਡਮੀ” ਵੱਲੋਂ ਅਕੈਡਮੀ ਦੀ ਪੰਜਵੀਂ ਸਲਾਨਾ ਵਰ੍ਹੇਗੰਢ ਬਹੁਤ ਹੀ ਧੂਮ-ਧਾਮ ਨਾਲ ਮਨਾਈ ਗਈ। ਅਕੈਡਮੀ ਦੇ ਸੰਚਾਲਕ ਭਾਈ ਹਰਸਿਮਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸਲ ਸ਼ਹੀਦਾਂ ਗੱਤਕਾ ਅਕੈਡਮੀ ਵੱਲੋਂ ਪਿਛਲੇ 5 ਸਾਲਾਂ ਤੋਂ ਬੱਚਿਆਂ ਨੂੰ ਸਿੱਖ ਮਾਰਸ਼ਲ ਆਰਟ ਗੱਤਕੇ ਦੀ ਸਿਖਲਾਈ ਸੁਜਾਰਾ ਵਿਖੇ ਦਿੱਤੀ ਜਾ ਰਹੀ ਹੈ, ਜਿਸ ਦੇ 5 ਸਾਲ ਪੂਰੇ ਹੋਣ 'ਤੇ ਅਕੈਡਮੀ ਵੱਲੋਂ ਪ੍ਰੋਗਰਾਮ ਉਲੀਕੇ ਗਏ ਸਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਅਕੈਡਮੀ ਦੇ ਬੱਚਿਆਂ ਵੱਲੋਂ ਸ਼ਬਦ ਕੀਰਤਨ ਅਤੇ ਅਰਦਾਸ ਰਾਹੀਂ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਅਕੈਡਮੀ ਦੀ ਵਰ੍ਹੇਗੰਢ ਸੁਜਾਰਾ ਸ਼ਹਿਰ ਦੇ ਇਨਡੋਰ ਸਟੇਡੀਅਮ ਪਾਲਾ ਰੋਲਰ ਵਿਖੇ ਮਨਾਈ ਗਈ, ਜਿਸ ਵਿੱਚ ਬੱਚਿਆਂ ਅਤੇ ਪਰਿਵਾਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਅਕੈਡਮੀ ਵਿੱਚ ਸਿੱਖਿਆ ਲੈ ਰਹੇ ਬੱਚਿਆਂ ਵੱਲੋਂ ਸਜਾਏ ਗੱਤਕੇ ਅਖਾੜੇ ਵਿੱਚ ਗੱਤਕੇ ਦੇ ਜੌਹਰ ਦਿਖਾਏ ਗਏ।
ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਦਰਦਨਾਕ ਮੌਤ
ਅਕੈਡਮੀ ਦੇ ਸੰਚਾਲਕ ਭਾਈ ਹਰਸਿਮਰਨ ਸਿੰਘ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੱਤਕੇ ਅਖਾੜੇ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਅਕੈਡਮੀ ਦੇ 5 ਸਾਲ ਪੂਰੇ ਹੋਣ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਉਹ ਪਹੁੰਚੇ ਹੋਏ ਸੱਜਣਾਂ ਅਤੇ ਸੁਜ਼ਾਰਾ ਦੇ ਪ੍ਰਸ਼ਾਸਨ ਦਾ ਵੀ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਸਮਾਗਮ ਕਰਨ ਲਈ ਇਜਾਜ਼ਤ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਸੁਜਾਰਾ ਦੇ ਪਾਲਾਰੋਲਰ ਇਨਡੋਰ ਸਟੇਡੀਅਮ ਵਿਖੇ ਬੱਚਿਆਂ ਨੂੰ ਹਰ ਸ਼ਨੀਵਾਰ ਅਤੇ ਐਤਵਾਰ 3 ਵਜੇ ਤੋਂ 6 ਵਜੇ ਤੱਕ ਗੱਤਕੇ ਦੀ ਸਿਖਲਾਈ ਦਿੱਤੀ ਜਾਂਦੀ ਹੈ। ਜੇਕਰ ਕੋਈ ਵੀ ਬੱਚਾ ਗੱਤਕਾ ਸਿਖਣਾ ਚਾਹੁੰਦਾ ਹੋਵੇ ਜਾਂ ਗੁਰਬਾਣੀ ਕੀਰਤਨ ਅਤੇ ਗੁਰਮੁਖੀ ਭਾਸ਼ਾ ਦਾ ਗਿਆਨ ਹਾਸਲ ਕਰਨਾ ਦਾ ਇਛੁੱਕ ਹੋਵੇ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8