ਬੱਚੀਆਂ ਲਈ ਸੁਰੱਖਿਅਤ ਨਹੀਂ ਪਾਕਿਸਤਾਨ, ਹੁਣ ਕਰਾਚੀ 'ਚ ਨਾਬਾਲਗ ਕੁੜੀ ਨਾਲ ਜਬਰ ਜ਼ਿਨਾਹ

Wednesday, Jul 12, 2023 - 10:50 AM (IST)

ਕਰਾਚੀ (ਏਐਨਆਈ): ਪਾਕਿਸਤਾਨ ਵਿਚ ਬੱਚੀਆਂ ਦੀ ਸੁਰੱਖਿਆ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਤਾਜ਼ਾ ਮਾਮਲੇ ਵਿਚ ਕਰਾਚੀ ਵਿੱਚ ਇੱਕ ਹਾਊਸਿੰਗ ਸੁਸਾਇਟੀ ਵਿੱਚ ਇੱਕ ਨਾਬਾਲਗ ਕੁੜੀ ਨਾਲ ਕਥਿਤ ਤੌਰ 'ਤੇ ਜਬਰ ਜ਼ਿਨਾਹ ਕੀਤਾ ਗਿਆ। ਏਆਰਵਾਈ ਨਿਊਜ਼ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।

ਇਹ ਜਬਰ ਜ਼ਿਨਾਹ ਸੱਚਲ ਥਾਣੇ ਦੇ ਆਸ-ਪਾਸ ਪੈਂਦੇ ਵਾਈਟ ਹਾਊਸ ਇਲਾਕੇ ਵਿੱਚ ਹੋਇਆ ਸੀ। ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਏਆਰਵਾਈ ਨਿਊਜ਼ ਅਨੁਸਾਰ ਐੱਫ.ਆਈ.ਆਰ. ਵਿੱਚ ਕਿਹਾ ਗਿਆ ਕਿ ਕੁਝ ਮਜ਼ਦੂਰ ਅਗਲੇ ਘਰ ਵਿੱਚ ਕੰਮ ਕਰ ਰਹੇ ਸਨ ਜਦੋਂ ਕੁੜੀ, ਜੋ ਕਿ 7ਵੀਂ ਜਮਾਤ ਦੀ ਵਿਦਿਆਰਥਣ ਸੀ, ਉਨ੍ਹਾਂ ਨੂੰ ਚਾਹ ਦੇਣ ਗਈ। ਕੁਝ ਦੇਰ ਬਾਅਦ ਉਹ ਘਰ ਗਈ ਤਾਂ ਉਸ ਨੂੰ ਰੋਂਦੇ ਹੋਏ ਦੇਖਿਆ ਗਿਆ। ਕੁੜੀ ਨੇ ਆਪਣੀ ਮਾਂ ਨੂੰ ਇਕ ਵਿਅਕਤੀ ਦੁਆਰਾ ਉਸ ਨਾਲ ਅਨੈਤਿਕ ਹਰਕਤ ਕੀਤੇ ਜਾਣ ਦੀ ਸ਼ਿਕਾਇਤ ਕੀਤੀ। 

ਏਆਰਵਾਈ ਨਿਊਜ਼ ਦੀ ਰਿਪੋਰਟ ਮੁਤਾਬਕ ਪੁਲਸ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਪੀੜਤ ਕੁੜੀ ਅਤੇ ਸ਼ੱਕੀ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਸ ਨੇ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਮਾਮਲੇ 'ਚ ਅਗਲੀ ਕਾਰਵਾਈ ਕੀਤੀ ਜਾਵੇਗੀ। ਏਆਰਵਾਈ ਨਿਊਜ਼ ਨੇ ਸਥਾਨਕ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਇਸ ਤੋਂ ਪਹਿਲਾਂ ਜੂਨ ਵਿੱਚ ਫੈਸਲਾਬਾਦ ਵਿੱਚ ਕਾਨੂੰਨ ਦੀ ਇਕ ਵਿਦਿਆਰਥਣ ਨਾਲ ਉਸਦੇ ਸਹਿਪਾਠੀ ਦੁਆਰਾ ਕਥਿਤ ਤੌਰ 'ਤੇ ਜਬਰ ਜ਼ਿਨਾਹ ਕੀਤਾ ਗਿਆ ਸੀ। ਪੁਲਸ ਮੁਤਾਬਕ ਫੈਸਲਾਬਾਦ ਦੇ ਸਥਾਨਕ ਲਾਅ ਕਾਲਜ 'ਚ ਪੜ੍ਹ ਰਹੀ ਐੱਲ.ਐੱਲ.ਬੀ. ਭਾਗ ਤੀਜੇ ਦੀ ਵਿਦਿਆਰਥਣ ਨਾਲ ਉਸ ਦੇ ਸਹਿਪਾਠੀ ਨੇ ਕਈ ਵਾਰ ਛੇੜਛਾੜ ਕੀਤੀ, ਜੋ ਉਸ ਨੂੰ ਅਸ਼ਲੀਲ ਤਸਵੀਰਾਂ ਨਾਲ ਬਲੈਕਮੇਲ ਵੀ ਕਰ ਰਿਹਾ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਨਿਊਯਾਰਕ 'ਚ ਭਾਰੀ ਮੀਂਹ ਕਾਰਨ ਆਇਆ ਹੜ੍ਹ, ਇਕ ਵਿਅਕਤੀ ਦੀ ਮੌਤ (ਤਸਵੀਰਾਂ)

ਇਸੇ ਤਰ੍ਹਾਂ ਜੂਨ ਵਿੱਚ ਸਿੰਧ ਦੇ ਮਟਿਆਰੀ ਜ਼ਿਲੇ ਵਿੱਚ ਇੱਕ ਟਿੱਕਟਾਕਰ ਕੁੜੀ ਨਾਲ ਤਿੰਨ ਵਿਅਕਤੀਆਂ ਦੁਆਰਾ ਕਥਿਤ ਤੌਰ 'ਤੇ ਸਮੂਹਿਕ ਜਬਰ ਜ਼ਿਨਾਹ ਕੀਤਾ। ਉਸ ਕੇਸ ਵਿੱਚ ਕੁੜੀ ਨੂੰ ਕੁਝ ਵਿਅਕਤੀਆਂ ਨੇ ਸਿੰਧ ਦੇ ਮਟਿਆਰੀ ਜ਼ਿਲ੍ਹੇ ਦੀ ਨਿਊ ਸਈਦਾਬਾਦ ਤਹਿਸੀਲ ਵਿੱਚ ਬੁਲਾਇਆ, ਜਿੱਥੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ। ਕੁੜੀ ਨੇ ਵਕਾਸ ਮੱਲ੍ਹਾ ਅਤੇ ਉਸਦੇ ਦੋਸਤਾਂ 'ਤੇ ਵਾਰਦਾਤ ਨੂੰ ਅੰਜਾਮ ਦੇਣ ਦਾ ਦੋਸ਼ ਲਗਾਇਆ ਪਰ ਪੁਲਸ ਵੱਲੋਂ ਮਾਮਲਾ ਦਰਜ ਕਰਨ ਦੇ ਬਾਵਜੂਦ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਪੀੜਤਾ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਨ 'ਚ ਪੁਲਸ ਦੀ ਅਣਗਹਿਲੀ ਦੀ ਸ਼ਿਕਾਇਤ ਕੀਤੀ ਅਤੇ ਇਹ ਵੀ ਦੋਸ਼ ਲਗਾਇਆ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


Vandana

Content Editor

Related News