ਖੁਸ਼ਖ਼ਬਰੀ : ਦੁਬਈ ਨੇ ਵੀਜ਼ਾ ਨਿਯਮਾਂ ''ਚ ਦਿੱਤੀ ਢਿੱਲ, ਲੱਖਾਂ ਭਾਰਤੀ ਕਾਮਿਆਂ ਨੂੰ ਹੋਵੇਗਾ ਫਾਇਦਾ
Wednesday, Nov 17, 2021 - 10:15 AM (IST)
ਦੁਬਈ (ਬਿਊਰੋ): ਸੰਯੁਕਤ ਅਰਬ ਅਮੀਰਾਤ ਵਿੱਚ ਆਰਥਿਕ ਮੁਕਾਬਲੇ ਨੂੰ ਹੁਲਾਰਾ ਦੇਣ ਲਈ ਦੁਬਈ ਨੇ ਵਿਦੇਸ਼ੀ ਕਾਮਿਆਂ ਲਈ ਵੱਡਾ ਐਲਾਨ ਕੀਤਾ ਹੈ। ਦੁਬਈ ਨੇ ਅਮੀਰਾਤ ਵਿੱਚ ਸਥਿਤ ਫਰਮਾਂ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਕਰਮਚਾਰੀਆਂ ਲਈ ਮਲਟੀਪਲ ਐਂਟਰੀ ਵੀਜ਼ਾ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਵੀਜ਼ੇ ਦੀ ਮਿਆਦ 5 ਸਾਲ ਹੋਵੇਗੀ। ਸੱਤ ਅਮੀਰਾਤਾਂ ਦੀ ਇੱਕ ਫੈਡਰੇਸ਼ਨ, ਸੰਯੁਕਤ ਅਰਬ ਅਮੀਰਾਤ ਨੇ ਵੀ ਇਸ ਹਫ਼ਤੇ ਨਵੇਂ ਨਿੱਜੀ ਖੇਤਰ ਦੇ ਲੇਬਰ ਕਾਨੂੰਨਾਂ ਵਿੱਚ ਸਖ਼ਤ ਬਦਲਾਅ ਕੀਤੇ ਹਨ। ਇਸ ਨਾਲ ਉਥੋਂ ਦੀਆਂ ਕੰਪਨੀਆਂ ਕਾਮਿਆਂ ਦੇ ਪਾਸਪੋਰਟ ਜ਼ਬਤ ਨਹੀਂ ਕਰ ਸਕਣਗੀਆਂ। ਇਹ ਕਾਨੂੰਨ ਅਗਲੇ ਸਾਲ ਫਰਵਰੀ ਤੋਂ ਲਾਗੂ ਹੋਣ ਜਾ ਰਹੇ ਹਨ।
ਇਸ ਲਈ ਲਾਗੂ ਕੀਤਾ ਗਿਆ ਲੇਬਰ ਸੁਧਾਰ ਕਾਨੂੰਨ
ਕੋਰੋਨਾ ਵਾਇਰਸ ਮਹਾਮਾਰੀ ਨੇ ਸੰਯੁਕਤ ਅਰਬ ਅਮੀਰਾਤ ਦੀ ਅਰਥਵਿਵਸਥਾ ਨੂੰ ਵੀ ਕਾਫੀ ਵੱਡਾ ਨੁਕਸਾਨ ਪਹੁੰਚਾਇਆ ਹੈ। ਇਸ ਕਾਰਨ ਸੰਯੁਕਤ ਅਰਬ ਅਮੀਰਾਤ ਆਰਥਿਕਤਾ ਨੂੰ ਉਭਾਰਨ ਵਿੱਚ ਮਦਦ ਲਈ ਨਿਵੇਸ਼ ਅਤੇ ਵਿਦੇਸ਼ੀ ਲੋਕਾਂ ਨੂੰ ਆਕਰਸ਼ਿਤ ਕਰਨ ਵਿੱਚ ਰੁੱਝਿਆ ਹੋਇਆ ਹੈ। ਇਸੇ ਕਾਰਨ ਯੂਏਈ ਨੇ ਆਰਥਿਕ ਅਤੇ ਕਾਨੂੰਨੀ ਸੁਧਾਰਾਂ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਲੰਬੇ ਸਮੇਂ ਦੇ ਰਿਹਾਇਸ਼ੀ ਵੀਜ਼ੇ ਸ਼ਾਮਲ ਹਨ। ਇਸ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ ਵੀ ਇਸ ਖੇਤਰ ਦਾ ਵੱਡਾ ਵਪਾਰਕ ਕੇਂਦਰ ਬਣਨ ਦੀ ਦੌੜ ਵਿੱਚ ਸਾਊਦੀ ਅਰਬ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਦੁਬਈ ਦੇ ਕ੍ਰਾਊਨ ਪ੍ਰਿੰਸ ਨੇ ਕੀਤੀ ਤਾਰੀਫ਼
ਦੁਬਈ ਦੇ ਕ੍ਰਾਊਨ ਪ੍ਰਿੰਸ ਨੇ ਕਿਹਾ ਕਿ ਪੰਜ ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਦੁਬਈ ਸਥਿਤ ਕੰਪਨੀਆਂ ਦੇ ਕਰਮਚਾਰੀਆਂਨੂੰ ਆਸਾਨੀ ਨਾਲ ਮੀਟਿੰਗਾਂ ਅਤੇ ਹੋਰ ਕਾਰੋਬਾਰੀ ਲੋੜਾਂ ਲਈ ਅਮੀਰਾਤ ਦੇ ਅੰਦਰ ਅਤੇ ਬਾਹਰ ਜਾਣ ਵਿੱਚ ਮਦਦ ਕਰੇਗਾ। ਇਸ ਤੋਂ ਪਹਿਲਾਂ,ਯੂਏਈ ਨੇ ਵੀ ਕੋਵਿਡ ਵੈਕਸੀਨ ਦੀ ਪੂਰੀ ਖੁਰਾਕ ਲੈਣ ਵਾਲੇ ਯਾਤਰੀਆਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।ਇਸ ਨਾਲ ਭਾਰਤ ਦੇ ਲੱਖਾਂ ਕਾਮਿਆਂ ਨੂੰ ਵੀ ਇਸ ਦਾ ਲਾਭ ਹੋਣ ਦੀ ਉਮੀਦ ਹੈ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆਈ ਕਿਸਾਨਾਂ 'ਤੇ ਪੈ ਸਕਦੀ ਹੈ ਹੜ੍ਹਾਂ ਦੀ ਮਾਰ
ਕਾਨੂੰਨ ਲਾਗੂ ਕਰਨ ਦਾ ਉਦੇਸ਼
ਯੂਏਈ ਦੇ ਮਨੁੱਖੀ ਸਰੋਤ ਅਤੇ ਅਮੀਰਾਤ ਮੰਤਰੀ ਅਬਦੁੱਲਰਹਿਮਾਨ ਅਲ-ਆਵਰ ਨੇ ਕਿਹਾ ਕਿ ਫੈਡਰਲ ਪੱਧਰ 'ਤੇ ਸੋਮਵਾਰ ਨੂੰ ਨਵੇਂ ਲੇਬਰ ਕਾਨੂੰਨ ਦੀ ਘੋਸ਼ਣਾ ਕੀਤੀ ਗਈ ਹੈ। ਇਸ ਦਾ ਉਦੇਸ਼ ਯੂਏਈ ਨੂੰ ਇੱਕ ਹੁਨਰਮੰਦ ਲੇਬਰ ਬਜ਼ਾਰ ਬਣਾਉਣਾ, ਪ੍ਰਤਿਭਾ ਨੂੰ ਆਕਰਸ਼ਿਤ ਕਰਨਾ, ਔਰਤਾਂ ਨੂੰ ਸਸ਼ਕਤ ਕਰਨਾ ਅਤੇ ਪ੍ਰਵਾਸੀ ਕਾਮਿਆਂ ਦੇ ਦਬਦਬੇ ਵਾਲੇ ਨਿੱਜੀ ਖੇਤਰ ਵਿੱਚ ਅਮੀਰਾਤੀ ਨਾਗਰਿਕਾਂ ਦੀ ਤੁਲਨਾ ਵਿੱਚ ਸੁਧਾਰ ਕਰਨਾ ਹੈ। ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਇਸ ਦਾ ਇੱਕ ਪ੍ਰਬੰਧ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਦੇ ਪਾਸਪੋਰਟਾਂ ਨੂੰ ਜ਼ਬਰਦਸਤੀ ਨਾਲ ਬੰਨ੍ਹਣ ਤੋਂ ਰੋਕਦਾ ਹੈ।
ਲੱਖਾਂ ਭਾਰਤੀਆਂ ਨੂੰ ਹੋਵੇਗਾ ਫਾਇਦਾ
ਮੰਤਰਾਲੇ ਨੇ ਇਹ ਵੀ ਕਿਹਾ ਕਿ ਜਦੋਂ ਇਹ ਕਾਨੂੰਨ ਲਾਗੂ ਹੋ ਜਾਵੇਗਾ, ਉਦੋਂ ਤੋਂ ਕੰਟਰੈਕਟ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਕਾਮਿਆਂ ਨੂੰ ਜ਼ਬਰਦਸਤੀ ਯੂਏਈ ਨੂੰ ਛੱਡਣਾ ਨਹੀਂ ਪਵੇਗਾ। ਬਹੁਤ ਸਾਰੇ ਮਨੁੱਖੀ ਅਧਿਕਾਰ ਸਮੂਹਾਂ ਨੇ ਯੂਏਈ ਵਿੱਚ ਲੇਬਰ ਸੁਧਾਰਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਲੜਾਈ ਲੜੀ ਹੈ। ਜਿਸ ਤੋਂ ਬਾਅਦ ਹੁਣ ਯੂਏਈ ਨੇ ਇਨ੍ਹਾਂ ਕਾਨੂੰਨਾਂ ਵਿੱਚ ਸੁਧਾਰ ਕੀਤਾ ਹੈ।
ਨੋਟ- ਦੁਬਈ ਵੱਲੋਂ ਵੀਜ਼ਾ ਨਿਯਮਾਂ ਵਿਚ ਢਿੱਲ ਦੇਣ ਨਾਲ ਵਿਦੇਸ਼ੀ ਕਾਮਿਆਂ ਨੂੰ ਹੋਵੇਗਾ ਫਾਇਦਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।