ਧਰਤੀ ਕੋਲੋਂ ਅੱਜ ਇਸ ਸਮੇਂ ਲੰਘੇਗਾ ਪਹਾੜ ਜਿੰਨਾ ਵੱਡਾ ਉਲਕਾ ਪਿੰਡ

04/29/2020 1:46:53 PM

ਵਾਸ਼ਿੰਗਟਨ : ਬੁੱਧਵਾਰ ਨੂੰ ਸਪੇਸ 'ਚ ਇਕ ਵੱਡੀ ਘਟਨਾ ਹੋਣ ਵਾਲੀ ਹੈ। ਧਰਤੀ ਨੇੜਿਓਂ ਪਹਾੜ ਜਿੰਨਾ ਵੱਡਾ ਇਕ ਉਲਕਾ ਪਿੰਡ ਲੰਘਣ ਵਾਲਾ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਤਕਰੀਬਨ ਡੇਢ ਮਹੀਨਾ ਪਹਿਲਾਂ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਨਾਸਾ ਨੇ ਇਸ ਉਲਕਾ ਪਿੰਡ ਨੂੰ ਐਸਟੇਰਾਇਡ 1998 ਓ. ਆਰ. 2 ਨਾਮ ਦਿੱਤਾ ਹੈ। ਇਹ 31 ਹਜ਼ਰ 319 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧਰਤੀ ਨੇੜਿਓਂ ਲੰਘੇਗਾ, ਯਾਨੀ ਤਕਰੀਬਨ 8.72 ਕਿਲੋਮੀਟਰ ਪ੍ਰਤੀ ਸਕਿੰਟ ਦੀ ਸਪੀਡ ਨਾਲ।

ਨਾਸਾ ਨੇ ਇਹ ਸਭ ਤੋਂ ਪਹਿਲਾਂ 1998 'ਚ ਦੇਖਿਆ ਸੀ

ਇਸ ਉਲਕਾ ਪਿੰਡ ਦੀ ਚੌੜਾਈ 1.5 ਮੀਲ (2.4 ਕਿਲੋਮੀਟਰ) ਹੈ।  ਨਾਸਾ ਨੇ ਇਹ ਸਭ ਤੋਂ ਪਹਿਲਾਂ 1998 'ਚ ਦੇਖਿਆ ਸੀ। ਇਹ 29 ਅਪ੍ਰੈਲ ਨੂੰ ਭਾਰਤੀ ਸਮੇਂ ਮੁਤਾਬਕ ਬਾਅਦ ਦੁਪਹਿਰ 3:25 ਵਜੇ ਧਰਤੀ ਨੇੜਿਓਂ ਲੰਘੇਗਾ।

ਹਾਲਾਂਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਧਰਤੀ ਤੋਂ 39 ਲੱਖ ਮੀਲ (63 ਲੱਖ ਕਿਲੋਮੀਟਰ) ਦੇ ਫਰਕ ਨਾਲ ਲੰਘੇਗਾ, ਯਾਨੀ ਧਰਤੀ ਤੋਂ ਚੰਦਰਮਾ ਦੀ ਦੂਰੀ (3 ਲੱਖ 84 ਹਜ਼ਾਰ 400 ਕਿਲੋਮੀਟਰ) ਦੇ ਤਕਰੀਬਨ 16 ਗੁਣਾ ਦੂਰ। ਹਾਲਾਂਕਿ, ਸਪੇਸ ਸਾਇੰਸ 'ਚ ਇਹ ਦੂਰੀ ਬਹੁਤ ਜ਼ਿਆਦਾ ਨਹੀਂ ਮੰਨੀ ਜਾਂਦੀ। ਪਹਿਲਾਂ ਇਸ ਦੇ ਧਰਤੀ ਨਾਲ ਟਰਾਉਣ ਦਾ ਖਦਸ਼ਾ ਸੀ ਪਰ ਹੁਣ ਵਿਗਿਆਨੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਜਿਹੀ ਕੋਈ ਘਟਨਾ ਨਹੀਂ ਹੋਣ ਵਾਲੀ। 

ਪੁਲਾੜ ਵਿਗਿਆਨੀ ਡਾਕਟਰ ਸਟੀਫਨ ਮੁਤਾਬਕ ਇਹ ਉਲਕਾ ਪਿੰਡ ਸੂਰਜ ਦਾ ਇਕ ਚੱਕਰ ਲਾਉਣ 'ਚ 1,340 ਦਿਨ ਜਾਂ 3.7 ਸਾਲ ਲੈਂਦਾ ਹੈ। ਇਸ ਤੋਂ ਬਾਅਦ ਇਸ ਦਾ ਧਰਤੀ ਵੱਲ ਅਗਲਾ ਚੱਕਰ 18 ਮਈ, 2031 ਦੇ ਨਜ਼ਦੀਕ ਹੋ ਸਕਦਾ ਹੈ, ਉਦੋਂ ਇਹ 1.90 ਕਰੋੜ ਕਿਲੋਮੀਟਰ ਦੀ ਦੂਰੀ ਨਾਲ ਨਿਕਲੇਗਾ। ਵਿਗਿਆਨੀਆਂ ਮੁਤਾਬਕ ਹਰ 100 ਸਾਲ 'ਚ ਅਜਿਹੇ ਉਲਕਾ ਪਿੰਡ ਦੇ ਧਰਤੀ ਨਾਲ ਟਕਰਾਉਣ ਦੀ ਕਾਫੀ ਸੰਭਾਵਨਾ ਹੁੰਦੀ ਹੈ ਪਰ ਹੁਣ ਤੱਕ ਕਿਸੇ ਨਾ ਕਿਸੇ ਤਰੀਕੇ ਨਾਲ ਧਰਤੀ ਕੋਲੋਂ ਨਿਕਲਦੇ ਰਹੇ ਹਨ।


Sanjeev

Content Editor

Related News