ਕੱਲ ਤੋਂ ਖੁੱਲ੍ਹਣਗੀਆਂ ਮੱਕਾ ਸ਼ਹਿਰ ਦੀਆਂ ਮਸਜਿਦਾਂ, ਨਮਾਜ਼ ਅਦਾ ਕਰਨ ਵਾਲਿਆਂ ਨੂੰ ਮੰਨਣੇ ਪੈਣਗੇ ਇਹ ਨਿਯਮ
Saturday, Jun 20, 2020 - 10:28 PM (IST)

ਰਿਆਦ, (ਆਈ.ਏ.ਐੱਨ.ਐੱਸ.): ਕੋਰੋਨਾ ਸੰਕਟ ਦੇ ਚੱਲਦੇ ਤਿੰਨ ਮਹੀਨੇ ਤੋਂ ਬੰਦ ਪਵਿੱਤਰ ਸ਼ਹਿਰ ਮੱਕਾ ਦੀਆਂ ਮਸਜਿਦਾਂ ਕੱਲ ਯਾਨੀ ਐਤਵਾਰ ਤੋਂ ਫਿਰ ਤੋਂ ਖੁੱਲ੍ਹਣ ਜਾ ਰਹੀਆਂ ਹਨ। ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ ਇਸ ਦੌਰਾਨ ਲੋਕਾਂ ਨੂੰ ਸ਼ਹਿਰ ਵਿਚ ਸਿਹਤ ਸਬੰਧੀ ਸਖਤ ਸਾਵਧਾਨੀਆਂ ਦਾ ਪਾਲਣ ਕਰਨਾ ਪਵੇਗਾ। ਪਿਛਲੇ ਮਹੀਨੇ ਦੇ ਅਖੀਰ ਵਿਚ ਪੂਰੇ ਸਾਊਦੀ ਅਰਬ ਵਿਚ ਮਸਜਿਦਾਂ ਫਿਰ ਤੋਂ ਖੁੱਲ੍ਹ ਗਈਆਂ ਸਨ ਪਰ ਮੱਕਾ ਸ਼ਹਿਰ ਦੀਆਂ ਮਸਜਿਦਾਂ ਬੰਦ ਸਨ। ਦੱਸਿਆ ਜਾਂਦਾ ਹੈ ਕਿ ਐਤਵਾਰ ਨੂੰ ਮੱਕਾ ਵਿਚ ਤਕਰੀਬਨ 1,560 ਮਸਜਿਦਾਂ ਫਜ਼ਰ ਦੀ ਨਮਾਜ਼ ਦੇ ਸਮੇਂ ਖੁੱਲ੍ਹ ਜਾਣਗੀਆਂ।
ਮੱਕਾ ਵਿਚ ਇਸਲਾਮਿਕ ਮਾਮਲਿਆਂ ਦੇ ਮੰਤਰਾਲਾ ਦੀ ਸ਼ਾਖਾ ਨੇ ਸ਼ਹਿਰ ਦੀਆਂ ਮਸਜਿਦਾਂ ਨੂੰ ਸਾਵਧਾਨੀ ਵਰਤਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮ ਵਿਚ ਕਿਹਾ ਗਿਆ ਹੈ ਕਿ ਨਮਾਜ਼ ਨੂੰ ਅਦਾ ਕਰਨ ਦੇ ਲਈ ਆਪਣੀ ਚਟਾਈ ਲਿਆਉਣ ਤੇ ਨਮਾਜ਼ ਦੌਰਾਨ ਸਰੀਰਕ ਦੂਰੀ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ। ਮੰਤਰਾਲਾ ਨੇ ਲਾਕਡਾਊਨ ਦੌਰਾਨ ਸਾਰੀਆਂ ਮਸਜਿਦਾਂ ਨੂੰ ਸਾਫ ਕਰਨ ਦੀ ਜ਼ਿੰਮੇਦਾਰੀ ਏਜੰਸੀਆਂ ਨੂੰ ਸੌਂਪੀ ਹੈ। ਇਹੀ ਨਹੀਂ ਸਵੈ-ਸੇਵਕਾਂ ਨੇ ਵੀ ਮੱਕਾ ਦੀਆਂ ਮਸਜਿਦਾਂ ਵਿਚ ਅਹਿਤਿਆਤੀ ਕਦਮਾਂ ਨੂੰ ਲਾਗੂ ਕਰਨ ਦੇ ਲਈ ਕੰਮ ਕੀਤਾ ਹੈ।
ਸਵੈ-ਸੇਵਕਾਂ ਨੇ ਨਮਾਜ਼ ਅਦਾ ਕਰਦੇ ਵੇਲੇ ਸੋਸ਼ਲ ਡਿਸਟੈਂਸਿੰਗ ਰੱਖਣ ਦੇ ਸੰਕੇਤ ਵਾਲੇ ਸਟੀਕਰ ਲਾਏ ਹਨ। ਸਾਊਦੀ ਅਰਬ ਵਿਚ ਹੁਣ ਤੱਕ ਇਨਫੈਕਸ਼ਨ ਕਾਰਣ 1184 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1,50,292 ਮਾਮਲੇ ਸਾਹਮਣੇ ਆਏ ਹਨ। ਇਸ ਵਿਚਾਲੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਨੇ ਕਿਹਾ ਹੈ ਕਿ ਕੋਰੋਨਾ ਨੇ ਪੂਰੀ ਤਰ੍ਹਾਂ ਦੁਨੀਆ ਵਿਚ ਆਮ ਜ਼ਿੰਦਗੀ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਲੋਕਾਂ ਵਿਚ ਇਕੱਲੇਪਨ ਦੇ ਚੱਲਦੇ ਪ੍ਰੇਸ਼ਾਨੀ ਵਧੀ ਹੈ। ਅਜਿਹੇ ਵਿਚ ਸਿਹਤਮੰਦ ਰਹਿਣ ਦੇ ਲਈ ਯੋਗ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਸੰਕਟ ਦੇ ਚੱਲਦੇ ਇਸ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਡਿਜੀਟਲ ਤਰੀਕੇ ਨਾਲ ਮਨਾਇਆ ਜਾਵੇਗਾ। ਮਹਾਸਭਾ ਦੇ ਪ੍ਰਧਾਨ ਤਿਜਾਨੀ ਮੁਹੰਮਦ ਬੰਦੇ ਨੇ ਆਪਣੇ ਡਿਜੀਟਲ ਸੰਦੇਸ਼ ਵਿਚ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਚੱਲਦੇ ਆਮ ਜ਼ਿੰਦਰੀ ਤਹਿਸ-ਨਹਿਸ ਹੋ ਗਈ ਹੈ। ਇਕੱਲਾਪਨ ਵਧ ਗਿਆ ਹੈ ਤੇ ਆਰਥਿਕ ਪ੍ਰੇਸ਼ਾਨੀਆਂ ਦੇ ਚੱਲਦੇ ਡਿਪ੍ਰੈਸ਼ਨ ਵਧਿਆ ਹੈ। ਲੋਕ ਆਪਣੇ ਤੇ ਆਪਣੇ ਪਿਆਰਿਆਂ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਨਜ਼ਰ ਆ ਰਹੇ ਹਨ।