ਮੈਲਬੌਰਨ ''ਚ ਵੀ ਜਾਰਜ ਫਲਾਇਡ ਦੇ ਸਮਰਥਨ ''ਚ ਉਤਰਨਗੇ ਹਜ਼ਾਰਾਂ ਲੋਕ

6/3/2020 11:42:15 AM

ਮੈਲਬੌਰਨ- ਅਮਰੀਕੀ-ਅਫਰੀਕੀ ਨਾਗਰਿਕ ਜਾਰਜ ਫਲਾਇਡ ਦੀ ਮੌਤ ਦੇ ਬਾਅਦ ਅਮਰੀਕਾ ਸਣੇ ਕਈ ਦੇਸ਼ਾਂ ਵਿਚ ਨਸਲੀ ਭੇਦ-ਭਾਵ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਅਮਰੀਕਾ ਵਿਚ ਕਈ ਥਾਵਾਂ 'ਤੇ ਪ੍ਰਦਰਸ਼ਨ ਹਿੰਸਕ ਹੋ ਗਏ, ਜਿਸ ਕਾਰਨ ਵੱਡੀ ਗਿਣਤੀ ਵਿਚ ਸੁਰੱਖਿਆ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ। ਆਸਟ੍ਰੇਲੀਆ ਵਿਚ ਵੀ ਲੋਕ ਵਿਰੋਧ ਕਰ ਰਹੇ ਹਨ। ਮੈਲਬੌਰਨ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਕੋਵਿਡ-19 ਦੇ ਮੱਦੇਨਜ਼ਰ ਸਮਾਜਕ ਦੂਰੀ ਬਣਾਏ ਰੱਖਣ ਅਤੇ ਸ਼ਾਂਤੀ ਬਣਾਈ ਰੱਖਣ। ਮੈਲਬੌਰਨ ਵਿਚ ਸ਼ਨੀਵਾਰ ਨੂੰ ਪਾਰਲੀਮੈਂਟ ਹਾਊਸ ਅੱਗੇ 'ਬਲੈਕ ਲਾਈਵਜ਼ ਮੈਟਰ ਰੈਲੀ' ਕੱਢੀ ਜਾਣੀ ਹੈ। 

ਇਸ ਵਿਚ ਸ਼ਾਮਲ ਹੋਣ ਲਈ 29,000 ਲੋਕਾਂ ਨੇ ਆਪਣਾ ਨਾਂ ਰਜਿਸਟਰ ਕਰਵਾਇਆ ਹੈ। ਪੁਲਸ ਨੇ ਲੋਕਾਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਜਾਰਜ ਫਲਾਇਡ ਨੂੰ ਸ਼ਰਧਾਂਜਲੀ ਦੇਣ ਲਈ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਕਿਉਂਕਿ ਕੋਰੋਨਾ ਵਾਇਰਸ ਦੀ ਚਾਲ ਮੱਧਮ ਹੋਈ ਹੈ ਪਰ ਇਹ ਪੂਰੀ ਤਰ੍ਹਾਂ ਅਜੇ ਖਤਮ ਨਹੀਂ ਹੋਇਆ। ਲੋਕਾਂ ਨੂੰ ਇਕ-ਦੂਜੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ਬਣਾ ਕੇ ਖੜ੍ਹੇ ਹੋਣ ਲਈ ਕਿਹਾ ਗਿਆ ਹੈ। 
 
ਜ਼ਿਕਰਯੋਗ ਹੈ ਕਿ 25 ਮਈ ਨੂੰ ਅਮਰੀਕਾ ਦੇ ਮਿਨੀਪੋਲਿਸ ਵਿਚ ਇਕ ਨਿਹੱਥੇ ਗੈਰ-ਗੋਰੇ ਅਮਰੀਕੀ-ਅਫਰੀਕੀ ਜਾਰਜ ਫਲਾਇਡ ਦੀ ਇਕ ਗੋਰੇ ਪੁਲਸ ਅਧਿਕਾਰੀ ਦੇ ਹੱਥੋਂ ਮੌਤ ਹੋ ਗਈ। ਜਾਰਜ ਵਾਰ-ਵਾਰ ਪੁਲਸ ਵਾਲੇ ਨੂੰ ਕਹਿੰਦਾ ਰਿਹਾ ਕਿ ਉਸ ਨੂੰ ਸਾਹ ਨਹੀਂ ਆ ਰਿਹਾ ਪਰ ਪੁਲਸ ਅਧਿਕਾਰੀ ਨੇ ਉਸ ਦੀ ਗਰਦਨ ਨੂੰ ਆਪਣੇ ਗੋਡੇ ਹੇਠ ਦੱਬੇ ਹੀ ਰੱਖਿਆ ਤੇ ਇਸ ਮਗਰੋਂ ਜਾਰਜ ਦੀ ਮੌਤ ਹੋ ਗਈ। ਇਸ ਨੂੰ ਲੋਕ ਨਸਲੀ ਹਿੰਸਾ ਦਾ ਮਾਮਲਾ ਮੰਨ ਰਹੇ ਹਨ। ਦੋਸ਼ੀ ਪੁਲਸ ਅਧਿਕਾਰੀ ਹਿਰਾਸਤ ਵਿਚ ਹੈ ਤੇ ਉਸ ਨੂੰ ਅਗਲੇ ਹਫਤੇ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਜਾਰਜ ਦੀ ਮੌਤ ਤੋਂ ਬਾਅਦ ਅਮਰੀਕਾ ਸਣੇ ਜਰਮਨੀ, ਕੈਨੇਡਾ, ਆਇਰਲੈਂਡ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। 
 


Lalita Mam

Content Editor Lalita Mam