ਮੈਲਬੌਰਨ ਦੇ ਫੈਡਰੇਸ਼ਨ ਸਕੁਏਅਰ ''ਤੇ ਕਿਸਾਨਾਂ ਦੇ ਹੱਕ ''ਚ ਰੋਸ ਪ੍ਰਦਰਸ਼ਨ (ਤਸਵੀਰਾਂ)

Monday, Feb 08, 2021 - 05:58 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ): ਦਿੱਲੀ ਵਿਚ ਕਿਸਾਨਾਂ ਦੇ ਚੱਲ ਰਹੇ ਸਘੰਰਸ਼ ਦੀ ਹਮਾਇਤ ਅਤੇ ਕਾਲੇ ਕਾਨੂੰਨਾਂ ਨੂੰ ਰੋਕਣ ਲਈ ਸਾਰੀ ਦੁਨੀਆ 'ਚ ਆਪੋ ਆਪਣੇ ਤਰੀਕੇ ਨਾਲ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਐਤਵਾਰ ਨੂੰ ਮੈਲਬੌਰਨ ਦੇ ਫੈਡਰੇਸ਼ਨ ਸਕੁਏਅਰ 'ਤੇ  ਕਿਸਾਨਾਂ ਦੀ ਹਮਾਇਤ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਹਾਜ਼ਰੀ ਭਰੀ। ਬੁਲਾਰਿਆਂ ਨੇ ਕਿਹਾ ਕਿ ਭਾਰਤੀ ਹਕੂਮਤ ਤਾਨਾਸ਼ਾਹੀ ਰਵੱਈਏ 'ਤੇ ਉਤਰੀ ਹੋਈ ਹੈ ਤੇ ਲੰਬੇ ਸਮੇਂ ਤੋਂ ਧਰਨੇ ਤੇ ਬੈਠੇ ਕਿਸਾਨਾਂ ਦੀਆਂ ਮੰਗਾਂ 'ਤੇ ਅੜੀਅਲ ਰਵੱਈਆ ਅਖਤਿਆਰ ਕੀਤਾ ਹੋਇਆ ਹੈ। ਕਿਸਾਨੀ ਦੇ ਬਿਹਤਰ ਭਵਿੱਖ ਲਈ ਇਹ ਬਿੱਲ ਜਲਦ ਤੋਂ ਜਲਦ ਰੱਦ ਕੀਤੇ ਜਾਣੇ ਚਾਹੀਦੇ ਹਨ।

PunjabKesari

ਵਿਰੋਧ ਪ੍ਰਦਰਸ਼ਨ ਵਿੱਚ ਜਿੱਥੇ ਭਾਰਤ ਸਰਕਾਰ ਪ੍ਰਤੀ ਗੁੱਸਾ ਤੇ ਰੋਸ ਸੀ, ਉੱਥੇ ਉਹਨਾਂ ਦੁਆਰਾ ਪ੍ਰਗਟਾਏ ਗਏ ਵਿਚਾਰਾਂ ਵਿਚ ਤਰਕ ਵੀ ਸੀ। ਲੋਕਾਂ ਦੇ ਹੱਥਾਂ ਵਿੱਚ ਫੜੇ ਬੈਨਰ ਭਾਰਤੀ ਸਰਕਾਰ ਵਿਰੁੱਧ ਉਹਨਾਂ ਦੇ ਮਨ ਦਾ ਗ਼ੁੱਸਾ ਜ਼ਾਹਰ ਕਰ ਰਹੇ ਸਨ ਅਤੇ ਉਹਨਾਂ ਦੀ ਮੰਗ ਸੀ ਕਿ ਇਹ ਕਾਲੇ ਕਾਨੂੰਨ ਛੇਤੀ ਤੋਂ ਛੇਤੀ ਵਾਪਸ ਲਏ ਜਾਣ। ਇਸ ਰੋਸ ਪ੍ਰਦਰਸ਼ਨ ਵਿਚ ਪੰਜਾਬ, ਹਰਿਆਣਾ, ਰਾਜਸਥਾਨ, ਆਂਧਰਾਪ੍ਰਦੇਸ਼, ਆਦਿ ਰਾਜਾਂ ਦੇ ਨੌਜਵਾਨਾਂ ਤੋਂ ਇਲਾਵਾ ਬਜ਼ੁਰਗ, ਬੀਬੀਆਂ ਅਤੇ ਬੱਚੇ ਵੀ ਸ਼ਾਮਿਲ ਸਨ।

PunjabKesari

ਪੜ੍ਹੋ ਇਹ ਅਹਿਮ ਖਬਰ- ਭਾਰਤੀ ਕਿਸਾਨ ਸਪੋਰਟ ਕਮੇਟੀ ਆਸਟ੍ਰੇਲੀਆ ਦਾ ਗਠਨ, ਅੰਦੋਲਨ ਲਈ ਭੇਜੀ 2 ਲੱਖ 18 ਹਜ਼ਾਰ ਦੀ ਮਦਦ

ਇਸ ਮੌਕੇ ਕਿਸਾਨ ਆਗੂ ਰਾਕੇਸ਼ ਟਕੈਤ ਦੀ ਮੈਲਬੌਰਨ ਰਹਿੰਦੀ ਧੀ ਜੋਤੀ ਟਿਕੈਤ ਨੇ ਵੀ ਆਪਣੇ ਭਾਸ਼ਣ ਰਾਹੀਂ ਕਿਸਾਨਾਂ ਦੇ ਹੱਕ ਵਿੱਚ ਨਾਅਰਾ ਬੁਲੰਦ ਕੀਤਾ। ਹਰਿਆਣਾ ਪੁਲਸ ਵੱਲੋਂ ਗ਼ੈਰਕਾਨੂੰਨੀ ਢੰਗ ਨਾਲ ਹਿਰਾਸਤ ਵਿਚ ਲਈ ਗਈ ਮਜ਼ਦੂਰ ਕਾਰਕੁਨ ਨੋਦੀਪ ਕੌਰ ਦੀ ਤੁਰੰਤ ਰਿਹਾਈ ਦੀ ਅਪੀਲ ਵੀ ਕੀਤੀ ਗਈ। ਨੌਜਵਾਨ ਚਿੱਤਰਕਾਰ ਰਾਜੀ ਮੁਸੱਬਰ ਵਲੋਂ ਇਸ ਮੌਕੇ ਕਿਸਾਨਾਂ ਅਤੇ ਭਾਰਤੀ ਹਕੂਮਤ ਦੇ ਰਵੱਈਏ ਨੂੰ ਬਿਆਨ ਕਰਦੀ ਇਕ ਪੇਂਟਿੰਗ ਵੀ ਬਣਾਈ ਗਈ। ਸ਼ਾਂਤਮਈ ਢੰਗ ਨਾਲ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਨੂੰ ਸੰਗਤਾਂ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਇਸ ਦੌਰਾਨ ਸਰਕਾਰ ਵੱਲੋਂ ਦਿੱਤੀਆਂ ਗਈਆਂ ਕੋਵਿਡ-19 ਸੰਬੰਧੀ ਹਿਦਾਇਤਾਂ ਦੀ ਪਾਲਣਾ ਵੀ ਕੀਤੀ ਗਈ। ਇਸ ਮੌਕੇ ਖਾਲਸਾ ਏਡ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਵੀ ਸ਼ਲਾਘਾਯੋਗ ਸਨ।

ਨੋਟ- ਮੈਲਬੌਰਨ ਦੇ ਫੈਡਰੇਸ਼ਨ ਸਕੁਏਅਰ 'ਤੇ ਕਿਸਾਨਾਂ ਦੇ ਹੱਕ 'ਚ ਰੋਸ ਪ੍ਰਦਰਸ਼ਨ, ਕੁਮੈਂਟ ਕਰ ਦਿਓ ਰਾਏ।


Vandana

Content Editor

Related News