ਚੀਨ ਨਾਲ ਤਣਾਅ ਤੋਂ ਬਾਅਦ ਮਹਿੰਗੀਆਂ ਹੋ ਸਕਦੀਆਂ ਹਨ ਦਵਾਈਆਂ
Monday, Jun 22, 2020 - 02:18 AM (IST)
ਨਵੀਂ ਦਿੱਲੀ -ਪੂਰਬੀ ਲੱਦਾਖ ਦੇ ਗਲਵਾਨ ਘਾਟੀ 'ਚ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਕਾਰ ਹਿੰਸਕ ਝੜਪ ਅਤੇ ਦੋਵਾਂ ਦੇਸ਼ਾਂ 'ਚ ਵਧੇ ਤਣਾਅ ਕਾਰਣ ਦਵਾਈਆਂ ਦੇ ਮੁੱਲ ਵਧ ਸਕਦੇ ਹਨ। ਪਿਛਲੇ 4 ਦਿਨਾਂ 'ਚ ਹੀ ਦਵਾਈ ਉਦਯੋਗ ਲਈ ਚੀਨ ਵੱਲੋਂ ਆਉਣ ਵਾਲਾ ਕੱਚਾ ਮਾਲ 30 ਫੀਸਦੀ ਤੱਕ ਮਹਿੰਗਾ ਹੋ ਗਿਆ ਹੈ। ਉਤਰਾਖੰਡ 'ਚ ਦਵਾਈ ਕੰਪਨੀਆਂ ਦੇ ਮਾਲਿਕਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਦਾ ਅਸਰ ਆਉਣ ਵਾਲੇ ਦਿਨਾਂ 'ਚ ਆਮ ਲੋਕਾਂ 'ਤੇ ਪੈ ਸਕਦਾ ਹੈ, ਉਨ੍ਹਾਂ ਨੂੰ ਦਵਾਈਆਂ ਲਈ ਜ਼ਿਆਦਾ ਖਰਚ ਕਰਨਾ ਪੈ ਸਕਦਾ ਹੈ।
ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ 'ਚ ਦਵਾਈਆਂ ਦੀਆਂ ਸੈਂਕੜੇ ਕੰਪਨੀਆਂ ਹਨ। ਇਨ੍ਹਾਂ 2 ਪ੍ਰਦੇਸ਼ਾਂ 'ਚ ਹੀ ਦੇਸ਼ ਦੇ ਕੁਲ ਦਵਾਈ ਉਤਪਾਦਨ ਦਾ ਕਰੀਬ ਅੱਧਾ ਹਿੱਸਾ ਹੈ। ਇਨ੍ਹਾਂ ਲਈ ਜ਼ਿਆਦਾਤਰ ਕੱਚਾ ਮਾਲ ਚੀਨ ਤੋਂ ਹੀ ਆਉਂਦਾ ਹੈ। ਦੇਸ਼ 'ਚ ਦਵਾਈਆਂ ਲਈ ਐਕਟਿਵ ਫਾਰਮਾਸਿਊਟੀਕਲ ਇੰਗਰੇਡੀਏਂਟਸ (ਏ. ਪੀ. ਆਈ.) ਦਾ ਸਾਰਾ ਹਿੱਸਾ ਚੀਨ ਤੋਂ ਹੀ ਆਉਂਦਾ ਹੈ ਕਿਉਂਕਿ ਚੀਨੀ ਏ. ਪੀ. ਆਈ. ਦੀ ਕੀਮਤ ਅਮਰੀਕਾ ਅਤੇ ਯੂਰਪ ਦੇ ਮੁਕਾਬਲੇ ਬੇਹੱਦ ਘੱਟ ਹੈ।
ਹਰਿਦੁਆਰ 'ਚ ਇਕ ਵੱਡੇ ਦਵਾਈ ਉਦਯੋਗਪਤੀ ਨੇ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਗਲਵਾਨ ਘਾਟੀ 'ਚ ਹਿੰਸਕ ਝੜੱਪ ਅਤੇ ਚਾਈਨਾ ਦੇ ਸਾਮਾਨਾਂ ਦੇ ਬਾਈਕਾਟ ਨੂੰ ਲੈ ਕੇ ਸ਼ੁਰੂ ਹੋਏ ਅੰਦੋਲਨ 'ਚ ਦਵਾਈ ਉਦਯੋਗ ਲਈ ਕੱਚੇ ਮਾਲ ਦੇ ਸਪਲਾਇਰਜ਼ ਨੇ ਕੀਮਤ 30 ਫੀਸਦੀ ਤੱਕ ਵਧਾ ਦਿੱਤੀ ਹੈ। ਉਹ ਇਸ ਦੇ ਪਿੱਛੇ ਮੌਜੂਦਾ ਹਾਲਾਤ ਨੂੰ ਜ਼ਿੰਮੇਦਾਰ ਦੱਸ ਰਹੇ ਹਨ ਪਰ ਅਜਿਹਾ ਲੱਗ ਰਿਹਾ ਹੈ ਕਿ ਉਹ ਮੌਕੇ ਦਾ ਫਾਇਦਾ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ 'ਚ 10-12 ਵੱਡੇ ਸਪਲਾਇਰਜ਼ ਦਾ ਗਰੁੱਪ ਹੈ। ਇਹ ਚੀਨ ਤੋਂ ਕੱਚਾ ਮਾਲ ਅਤੇ ਸਾਲਟ ਮੰਗਵਾਉਂਦੇ ਹਨ ਅਤੇ ਦੇਸ਼ਭਰ 'ਚ ਉਤਪਾਦਕਾਂ ਨੂੰ ਵੇਚਦੇ ਹਨ। ਸਪਲਾਈ 'ਤੇ ਉਨ੍ਹਾਂ ਦਾ ਪੂਰਾ ਕਾਬੂ ਹੈ ਅਤੇ ਅਸੀਂ ਉਨ੍ਹਾਂ ਦੇ ਅੱਗੇ ਬੇਬਸ ਹਾਂ। ਸਾਨੂੰ ਜ਼ਿਆਦਾ ਕੀਮਤ 'ਤੇ ਕੱਚਾ ਮਾਲ ਖਰੀਦਣਾ ਹੋਵੇਗਾ, ਕੋਈ ਬਦਲ ਨਹੀਂ ਹੈ। ਇਸ ਨਾਲ ਆਮ ਵਿਅਕਤੀਆਂ ਲਈ ਦਵਾਈਆਂ ਦੀ ਕੀਮਤ ਵੱਧ ਜਾਵੇਗੀ।
ਉਦਯੋਗਪਤੀ ਨੇ ਇਹ ਵੀ ਕਿਹਾ ਕਿ ਸਪਲਾਇਰਜ਼ ਐਡਵਾਂਸ ਪੇਮੈਂਟ ਮੰਗ ਰਹੇ ਹਨ। ਇਨ੍ਹਾਂ 'ਚੋਂ ਕਈ ਹੁਣ ਜਮ੍ਹਾਖੋਰੀ ਕਰ ਰਹੇ ਹਨ ਅਤੇ ਐਡਵਾਂਸ ਵੀ ਮੰਗ ਰਹੇ ਹਨ। ਹੋ ਸਕਦਾ ਹੈ ਕਿ ਉਹ ਅਗਲੇ ਕੁੱਝ ਦਿਨਾਂ 'ਚ ਕੋਈ ਨਵੀਂ ਸ਼ਰਤ ਲੈ ਕੇ ਆ ਜਾਣ ਤਾਂਕਿ ਮੌਕੇ ਦਾ ਫਾਇਦਾ ਉਠਾ ਸਕਣ। ਹਰਿਦੁਆਰ ਦੇ ਹੀ ਇਕ ਹੋਰ ਦਵਾਈ ਉਦਯੋਗਪਤੀ ਨੇ ਵੀ ਇਨ੍ਹਾਂ ਗੱਲਾਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਹੁਣ ਕੱਚੇ ਮਾਲ ਲਈ ਸਾਡੇ ਕੋਲ ਚੀਨ ਤੋਂ ਇਲਾਵਾ ਕੋਈ ਦੂਜਾ ਬਦਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਰੀਬ 80 ਫੀਸਦੀ ਕੱਚਾ ਮਾਲ ਚੀਨ ਤੋਂ ਦਰਾਮਦ ਹੁੰਦਾ ਹੈ। ਅਸੀਂ ਯੂਰਪ ਅਤੇ ਅਮਰੀਕਾ ਤੋਂ ਮਾਲ ਦਰਾਮਦ ਨਹੀਂ ਕਰ ਸਕਦੇ ਹਾਂ ਕਿਉਂਕਿ ਚੀਨ ਦੇ ਮੁਕਾਬਲੇ ਉਨ੍ਹਾਂ ਦੀ ਕੀਮਤ ਲੱਗਭੱਗ ਦੁੱਗਣੀ ਹੈ। ਉਨ੍ਹਾਂ ਕਿਹਾ ਕਿ ਪੈਰਾਸਿਟਾਮੋਲ ਵਰਗੀ ਬੇਸਿਕ ਦਵਾਈ ਲਈ ਵੀ ਮਟੀਰੀਅਲ ਚੀਨ ਤੋਂ ਹੀ ਆ ਰਿਹਾ ਹੈ। ਦਵਾਈ ਉਤਪਾਦਕ ਨੇ ਕਿਹਾ ਕਿ ਸਿਰਫ ਪੈਰਾਸਿਟਾਮੋਲ ਨਹੀਂ, ਸਗੋਂ ਲੱਗਭੱਗ ਸਾਰੇ ਵੱਡੇ ਐਂਟੀਬਾਇਓਟਿਕਸ ਅਤੇ ਵਿਟਾਮਿਨਜ਼ ਚੀਨ ਤੋਂ ਹੀ ਘੱਟ ਕੀਮਤ 'ਚ ਆਉਂਦੇ ਹਨ, ਜਿਸ ਨਾਲ ਅਸੀਂ ਘੱਟ ਕੀਮਤ 'ਤੇ ਦਵਾਈ ਬਣਾ ਕੇ ਵੇਚ ਸਕਦੇ ਹਾਂ। ਸਾਡੇ ਕੋਲ ਚੀਨ ਤੋਂ ਦਰਾਮਦ ਕਰਨ ਤੋਂ ਇਲਾਵਾ ਹੁਣ ਕੋਈ ਬਦਲ ਨਹੀਂ ਹੈ। ਦੇਸ਼ 'ਚ ਏ. ਪੀ. ਆਈ. ਦੀਆਂ ਬਹੁਤ ਘੱਟ ਇਕਾਈਆਂ ਹਨ, ਜੋ ਚੀਨ ਦੀ ਤਰ੍ਹਾਂ ਘੱਟ ਕੀਮਤ 'ਚ ਮਟੀਰੀਅਲ ਦੇ ਸਕਦੀਆਂ ਹਨ।