ਕੱਚੇ ਕਿਰਤੀਆਂ ਨਾਲ ਹੋਰ ਰਹੇ ਸੋਸ਼ਣ ਨੂੰ ਨੱਥ ਪਾਉਣ ਲਈ ਲਾਤੀਨਾ ਵਿਖੇ 6 ਜੁਲਾਈ ਨੂੰ ਹੋਵੇਗਾ ਵਿਸ਼ਾਲ ਪ੍ਰਦਰਸ਼ਨ
Friday, Jul 05, 2024 - 09:54 AM (IST)

ਰੋਮ (ਦਲਵੀਰ ਕੈਂਥ)- ਮਰਹੂਮ ਸਤਨਾਮ ਸਿੰਘ ਦੀ ਬੇਵਕਤੀ ਮੌਤ ਜਿਸ 'ਚ ਇਟਲੀ ਦੇ ਭਾਰਤੀਆਂ ਅਤੇ ਇਟਾਲੀਅਨ ਸਮੇਤ ਹੋਰ ਦੇਸ਼ਾਂ ਦੇ ਲੋਕਾਂ ਸੜਕਾਂ ਉੱਪਰ ਉਤਰ ਕਿ ਸਤਨਾਮ ਸਿੰਘ ਨੂੰ ਇਨਸਾਫ਼ ਦੁਆਉਣ ਲਈ ਰੋਸ ਮਾਰਚ ਕੀਤਾ। ਜਿਸ ਦੇ ਨਤੀਜੇ ਵਜੋਂ ਅੱਜ ਮਰਹੂਮ ਸਤਨਾਮ ਸਿੰਘ ਦੀ ਮੌਤ ਦਾ ਕਥਿਤ ਦੋਸ਼ੀ ਅਨਤੋਨੇਲੋ ਲੋਵਾਤੋ ਸਲਾਖ਼ਾਂ ਪਿੱਛੇ ਹੈ ਪਰ ਇਸ ਘਟਨਾ ਨੇ ਉਸ ਗੋਰਖਧੰਦੇ ਦਾ ਪਰਦਾਫਾਸ਼ ਵੀ ਕਰ ਦਿੱਤਾ। ਜਿਸ 'ਚ ਬਹੁਤੇ ਇਟਾਲੀਅਨ ਮਾਲਕ ਆਪਣੇ ਕਾਮਿਆਂ ਨਾਲ ਜਗੋਂ 13ਵੀਂ ਕਰਕੇ ਕਾਮਿਆਂ ਨੂੰ ਬੇਵੱਸ ਅਤੇ ਲਾਚਾਰ ਕਰਦੇ ਹਨ। ਕਾਮਿਆਂ ਦੇ ਸੋਸ਼ਣ ਅਤੇ ਉਨ੍ਹਾਂ ਨੂੰ ਕੰਮਾਂ ਦੌਰਾਨ ਨਾ ਮਿਲ ਰਹੀ ਸਰੀਰਕ ਸੁੱਰਖਿਆ ਅਤੇ ਹੋਰ ਸਹੂਲਤਾਂ ਦੇ ਮੱਦੇਨਜ਼ਰ ਪੁਲਸ ਪ੍ਰਸ਼ਾਸ਼ਨ ਨੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ 'ਚ ਅਜਿਹੇ ਘਮਾਸਾਨ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਜਿਸ ਨਾਲ ਹਰ ਉਹ ਮਾਲਕ ਘਬਰਾ ਗਿਆ, ਜਿਸ ਕੋਲ ਕਾਮਿਆਂ ਦੀ ਸੁੱਰਖਿਆ ਅਤੇ ਸਹੂਲਤਾਂ ਸਬੰਧੀ ਅਨੇਕਾਂ ਘਾਟਾਂ ਹਨ, ਅਜਿਹੇ 'ਚ ਇਨ੍ਹਾਂ ਮਾਲਕਾਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਸੈਂਕੜੇ ਕਾਮਿਆਂ ਨੂੰ ਘਰ ਦਾ ਰਾਹ ਦਿਖਾ ਦਿੱਤਾ ਜਿਨ੍ਹਾਂ ਕਾਮਿਆਂ ਕੋਲ ਪੇਪਰ ਨਹੀਂ ਸਨ ਜਾਂ ਉਹ ਬਿਨ੍ਹਾਂ ਕੰਮ ਦੇ ਲਿਖਤੀ ਇਕਰਾਰਨਾਮੇ ਦੇ ਕੰਮ ਕਰਦੇ ਸਨ।
ਚਾਹੇ ਇਹ ਕਾਮੇ 4-5 ਸਾਲਾਂ ਤੋਂ ਮਾਲਕਾਂ ਕੋਲ ਕੰਮ ਕਰਦੇ ਸਨ ਅਤੇ ਉਨ੍ਹਾਂ ਨੂੰ ਮਾਲਕ ਵਧੀਆ ਕਾਮੇ ਵਜੋਂ ਪਸੰਦ ਵੀ ਕਰਦੇ ਪਰ ਪ੍ਰਸ਼ਾਸ਼ਨ ਦੀ ਤਲਵਾਰ ਲਟਕਦੀ ਦੇਖ ਸਭ ਮਾਲਕਾਂ ਨੂੰ ਆਪਣਾ ਆਪ ਬਚਾਉਣ ਲਈ ਕੱਚੇ ਕਾਮੇ ਕੰਮ ਤੋਂ ਕੱਢਣੇ ਹੀ ਪੈ ਰਹੇ ਹਨ। ਇਨ੍ਹਾਂ ਕੱਚੇ ਕਾਮਿਆਂ 'ਚ ਬਹੁ ਗਿਣਤੀ ਭਾਰਤੀਆਂ ਦੀ ਹੈ। ਕਈ ਕੱਚੇ ਕਾਮਿਆਂ ਨੂੰ ਤਾਂ ਰਿਹਾਇਸ਼ ਤੋਂ ਵੀ ਜਵਾਬ ਮਿਲ ਗਿਆ ਹੈ। ਇਨ੍ਹਾਂ ਸਾਰੇ ਬਿਨ੍ਹਾਂ ਪੇਪਰਾਂ ਦੇ ਕਿਰਤੀਆਂ ਦੇ ਸ਼ੋਸ਼ਣ ਅਤੇ ਹੋਰ ਵਧੀਕੀਆਂ ਖ਼ਿਲਾਫ਼ ਪਿਛਲੇ 10 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਲੜਦੀ ਆ ਰਹੀ। ਇਟਲੀ ਦੇ ਕਿਰਤੀਆਂ ਦੀ ਸਿਰਮੌਰ ਜੱਥੇਬੰਦੀ ਸੀ ਜੀ.ਆਈ.ਐੱਲ. ਵੱਲੋਂ ਇਟਲੀ ਸਰਕਾਰ ਨੂੰ ਹਲੂਣਾ ਦੇਣ ਲਈ ਕਿ ਉਹ ਇਟਲੀ ਭਰ ਵਿੱਚ ਕਿਰਤੀਆਂ ਦੇ ਸ਼ੋਸ਼ਣ ਨੂੰ ਰੋਕਣ ਅਤੇ ਬਿਨ੍ਹਾਂ ਪੇਪਰਾਂ ਇਟਲੀ 'ਚ ਤਮਾਮ ਕੰਮਾਂ ਦੇ ਮਾਲਕਾਂ ਵੱਲੋਂ ਤਿੱਖੀਆਂ ਸੂਲਾਂ ਰੂਪੀ ਉਨ੍ਹਾਂ ਤਮਾਮ ਵਧੀਕੀਆਂ ਨੂੰ ਨੱਥ ਪਾਉਣ ਲਈ ਇਟਲੀ ਦੀ ਇਮੀਗ੍ਰੇਸ਼ਨ ਖੋਲ੍ਹੇ ਤਾਂ ਜੋ ਕੱਚੇ ਕਾਮੇ ਪੱਕੇ ਹੋਕੇ ਇਟਲੀ ਸਰਕਾਰ ਦੀ ਆਰਥਿਕਤਾ 'ਚ ਅਹਿਮ ਰੋਲ ਅਦਾ ਕਰਨ ਅਤੇ ਨਾਲ ਹੀ ਕਈ-ਕਈ ਸਾਲਾਂ ਤੋਂ ਆਪਣੇ ਬੁੱਢੇ ਮਾਪਿਆਂ ਦੀ ਉਡੀਕ ਨੂੰ ਖਤਮ ਕਰਕੇ ਖੁਸ਼ੀ ਨਾਲ ਉਨ੍ਹਾਂ ਨੂੰ ਬਾਗੋ-ਬਾਗ ਕਰਨ ਆਪਣੇ ਦੇਸ਼ ਗੇੜਾ ਮਾਰਨ। ਅਜਿਹੀਆਂ ਮੰਗਾਂ ਨੂੰ ਲੈ ਕੇ 6 ਜੁਲਾਈ ਦਿਨ ਸ਼ਨੀਵਾਰ 2024 ਨੂੰ ਸੀ। ਜੀ.ਆਈ.ਐੱਲ. ਸਵੇਰੇ 9 ਵਜੇਂ ਪ੍ਰਦਰਸ਼ਨ ਕਰਨ ਜਾ ਰਹੀ ਹੈ ਜਿਸ ਦੀ ਜਾਣਕਾਰੀ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਦਿੰਦਿਆਂ ਸੀ। ਜੀ.ਆਈ.ਐਲ. ਦੀ ਆਗੂ ਬੀਬੀ ਹਰਦੀਪ ਕੌਰ ਲਾਓਰਾ ਨੇ ਕਿਹਾ ਕਿ ਇਸ ਰੈਲੀ ਵਿੱਚ ਹਰ ਉਹ ਸ਼ਖ਼ਸ ਜ਼ਰੂਰ ਪਹੁੰਚੇ ਜਿਹੜਾ ਕਿਰਤੀ ਦੀ ਮਿਹਨਤ ਨੂੰ ਸਲਾਮ ਕਰਦਾ ਹੈ। ਇਹ ਇੱਕਠ ਕੱਚੇ ਕਿਰਤੀਆਂ ਦੇ ਸ਼ੋਸ਼ਣ ਨੂੰ ਠੱਲ ਪਾਉਣ ਅਤੇ ਉਨ੍ਹਾਂ ਨੂੰ ਪੱਕੇ ਕਰਨ ਲਈ ਇਟਲੀ ਦੀ ਸਰਕਾਰ ਨੂੰ ਇਕ ਸੁਨੇਹਾ ਹੈ। ਜਿਸ ਨੂੰ ਸਰਕਾਰ ਤੱਕ ਪਹੁੰਚਾਉਣਾ ਹਰ ਪ੍ਰਵਾਸੀ ਕੱਚੇ ਕਿਰਤੀ ਦਾ ਸਾਥ ਦੇਣ। ਇੱਥੇ ਇਹ ਗੱਲ ਵੀ ਜ਼ਿਕਰਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਤੋਂ ਹੀ ਇਟਲੀ ਦੀ ਪ੍ਰਧਾਨ ਮੰਤਰੀ ਜੋਰਜ਼ੀਆ ਮੇਲੋਨੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈਕੇ ਸੰਜੀਦਾ ਹਨ। ਜਿਸ ਦੇ ਮੱਦੇਨਜ਼ਰ ਹੀ ਉਨ੍ਹਾਂ ਤਮਾਮ ਲੋਕਾਂ ਨੂੰ ਲੰਬੇ ਹੱਥੀ ਲੈਣ ਲਈ ਤਾਣਾ-ਬਾਣਾ ਬੁਣਨਾ ਸ਼ੁਰੂ ਕੀਤਾ ਹੋਇਆ ਹੈ। ਜਿਹੜੇ ਲੋਕਾਂ ਨੇ ਇਟਲੀ ਦੇ ਪੇਪਰਾਂ ਦੇ ਨਾਮ ਉਪੱਰ ਬਾਹਰੋਂ ਆਉਣ ਵਾਲੇ ਲੋਕਾਂ ਤੋਂ ਆਪਣੀਆਂ ਜੇਬਾਂ ਭਰੀਆਂ ਤੇ ਇਟਲੀ ਸਰਕਾਰ ਨੂੰ ਧੋਖਾ ਦਿੱਤਾ। ਅਜਿਹੇ ਹਾਲਤਾਂ ਨਾਲ ਨਜਿੱਠਣ ਲਈ ਮੇਲੋਨੀ ਸਰਕਾਰ ਇਟਲੀ ਦੀ ਇਮੀਗ੍ਰੇਸ਼ਨ ਖੋਲ੍ਹ ਸਕਦੀ ਹੈ ਪਰ ਕਦੋਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e