ਯੂਕੇ ਦੇ ਪਲਿਮਥ ''ਚ ਹੋਈ ਗੋਲੀਬਾਰੀ ’ਚ ਹਮਲਾਵਰ ਸਮੇਤ 6 ਮਰੇ
Friday, Aug 13, 2021 - 12:19 PM (IST)
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)– ਯੂਕੇ ਦੇ ਪਲਿਮਥ ਸ਼ਹਿਰ ’ਚ ਵੀਰਵਾਰ ਨੂੰ ਗੋਲੀਬਾਰੀ ਦੀ ਇਕ ਦਰਦਨਾਕ ਘਟਨਾ ਵਾਪਰੀ ਹੈ। ਜਿਸ ਵਿਚ ਪੰਜ ਨਿਵਾਸੀਆਂ ਦੀ ਮੌਤ ਹੋ ਜਾਣ ਦੇ ਨਾਲ-ਨਾਲ ਸ਼ੱਕੀ ਹਮਲਾਵਰ ਦੀ ਵੀ ਮੌਤ ਹੋਈ ਹੈ। ਸ਼ਹਿਰ ਦੇ ਕੀਹੈਮ ਇਲਾਕੇ ’ਚ ਹੋਈ ਗੋਲੀਬਾਰੀ ’ਚ ਮਾਰੇ ਗਏ ਲੋਕਾਂ ’ਚ ਇਕ 10 ਸਾਲਾਂ ਤੋਂ ਘੱਟ ਉਮਰ ਦੇ ਬੱਚੇ ਦੇ ਹੋਣ ਦੀ ਵੀ ਖਬਰ ਹੈ।
ਇਸ ਘਟਨਾ ਦੇ ਸਬੰਧ ’ਚ ਡੇਵੋਨ ਅਤੇ ਕੌਰਨਵਾਲ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਵੀਰਵਾਰ ਸ਼ਾਮ ਨੂੰ ਸ਼ਹਿਰ ਦੇ ਉੱਤਰ ’ਚ ਬਿਡਿਕ ਡਰਾਈਵ ਵਿਚ ਘਟਨਾ ਵਾਲੀ ਥਾਂ 'ਤੇ ਦੋ ਜਨਾਨੀਆਂ ਅਤੇ ਦੋ ਪੁਰਸ਼ ਮ੍ਰਿਤਕ ਪਾਏ ਗਏ। ਇਸ ਤੋਂ ਇਲਾਵਾ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿਚ ਇਲਾਜ ਅਧੀਨ ਇਕ ਹੋਰ ਜਨਾਨੀ ਦੀ ਕੁਝ ਦੇਰ ਬਾਅਦ ਹਸਪਤਾਲ ’ਚ ਮੌਤ ਹੋ ਗਈ। ਪਲਿਮਥ ਸਟਨ ਅਤੇ ਡੇਵੋਨਪੋਰਟ ਦੇ ਸੰਸਦ ਮੈਂਬਰ ਲੂਕ ਪੋਲਾਰਡ ਨੇ ਆਪਣੇ ਬਿਆਨ ’ਚ ਕਿਹਾ ਕਿ ਉਹ ਪੀੜਤਾਂ ’ਚੋਂ ਇਕ 10 ਸਾਲਾਂ ਤੋਂ ਘੱਟ ਉਮਰ ਦੇ ਬੱਚੇ ਬਾਰੇ ਦੁੱਖ ਪ੍ਰਗਟ ਕਰਦਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਕ ਛੇਵਾਂ ਵਿਅਕਤੀ ਵੀ ਘਟਨਾ ਸਥਾਨ 'ਤੇ ਮ੍ਰਿਤਕ ਪਾਇਆ ਗਿਆ, ਜਿਸਨੂੰ ਸ਼ੱਕੀ ਬੰਦੂਕਧਾਰੀ ਮੰਨਿਆ ਜਾਂਦਾ ਹੈ। ਇਸ ਗੋਲੀਬਾਰੀ ਦੇ ਕੁਝ ਗਵਾਹਾਂ ਨੇ ਦੱਸਿਆ ਕਿ ਇਕ ਬੰਦੂਕਧਾਰੀ ਵਿਅਕਤੀ ਇਕ ਘਰ ’ਚੋਂ ਬਾਹਰ ਆਇਆ ਅਤੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ, ਫਿਰ ਉਹ ਭੱਜਦੇ ਹੋਏ ਲੀਨੀਅਰ ਪਾਰਕ ’ਚ ਕੁਝ ਲੋਕਾਂ 'ਤੇ ਗੋਲੀਆਂ ਚਲਾਉਣ ਲਈ ਅੱਗੇ ਵਧਿਆ। ਪੁਲਿਸ ਦੁਆਰਾ ਇਸ ਹਮਲੇ ਨੂੰ ਅੱਤਵਾਦ ਸਬੰਧਿਤ ਨਹੀਂ ਮੰਨਿਆ ਗਿਆ। ਗੋਲੀਬਾਰੀ ਦੀ ਘਟਨਾ ਉਪਰੰਤ ਐਂਬੂਲੈਂਸਾਂ, ਏਅਰ ਐਂਬੂਲੈਂਸਾਂ, ਡਾਕਟਰਾਂ ਅਤੇ ਸੀਨੀਅਰ ਪੈਰਾ ਮੈਡੀਕਲ ਟੀਮਾਂ ਨੇ ਘਟਨਾ ਸਥਾਨ 'ਤੇ ਪਹੁੰਚ ਕਰਕੇ ਸਹਾਇਤਾ ਕਾਰਜ ਆਰੰਭ ਦਿੱਤੇ ਸਨ।