ਭੰਗ ਦੇ ਬੂਟੇ ਚੋਰੀ ਕਰਨ ਦੌਰਾਨ ਕੀਤੇ ਕਤਲ ਦੇ ਮਾਮਲੇ ''ਚ 2 ਵਿਅਕਤੀਆਂ ਨੂੰ ਹੋਈ 32 ਸਾਲ ਦੀ ਜੇਲ੍ਹ

Monday, Apr 26, 2021 - 01:20 PM (IST)

ਭੰਗ ਦੇ ਬੂਟੇ ਚੋਰੀ ਕਰਨ ਦੌਰਾਨ ਕੀਤੇ ਕਤਲ ਦੇ ਮਾਮਲੇ ''ਚ 2 ਵਿਅਕਤੀਆਂ ਨੂੰ ਹੋਈ 32 ਸਾਲ ਦੀ ਜੇਲ੍ਹ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਲੰਡਨ ਦੇ 2 ਵਿਅਕਤੀਆਂ ਨੂੰ ਏਸੇਕਸ ਦੇ ਇਕ ਘਰ ਵਿਚ ਦਾਖ਼ਲ ਹੋ ਕੇ ਭੰਗ ਦੇ ਬੂਟੇ ਚੋਰੀ ਕਰਨ ਦੌਰਾਨ ਕੀਤੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਉਹ 50,000 ਪੌਂਡ ਕੀਮਤ ਭੰਗ ਦੇ ਬੂਟੇ ਚੋਰੀ ਕਰਨ ਦੀ ਨੀਅਤ ਨਾਲ ਘਰ ਅੰਦਰ ਦਾਖ਼ਲ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਇਕ 25 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਸੀ। ਇਸ ਦੋਸ਼ ਵਿਚ ਹੁਣ 2 ਵਿਅਕਤੀਆਂ ਨੂੰ ਘੱਟੋ-ਘੱਟ 32 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।

ਇਸ ਮਾਮਲੇ ਵਿਚ ਹਾਈਬਰੀ ਨਿਊਪਾਰਕ, ਆਇਲਿੰਗਟਨ ਦੇ 32 ਸਾਲਾ ਲਿਓਨ ਰਾਈਟ ਅਤੇ ਐਸ਼ਫੋਰਡ ਕ੍ਰੇਸੈਂਟ ਐਨਫੀਲਡ ਦੇ 32 ਸਾਲਾ ਵੇਸਲੇ ਹੈਂਡ੍ਰਿਕਸਨ ਨੂੰ ਐਸਕੀਰੀ ਸਪਾਹੋ ਨਾਮ ਦੇ ਵਿਅਕਤੀ ਦਾ ਕਤਲ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਸ਼ੁੱਕਰਵਾਰ (23 ਅਪ੍ਰੈਲ) ਨੂੰ ਸਜ਼ਾ ਸੁਣਾਈ ਗਈ ਹੈ। ਬੈਸਲਡਨ ਕ੍ਰਾਊਨ ਕੋਰਟ ਵਿਚ ਮੁਕੱਦਮੇ ਤੋਂ ਬਾਅਦ ਬੁੱਧਵਾਰ (21 ਅਪ੍ਰੈਲ) ਨੂੰ ਉਨ੍ਹਾਂ ਨੂੰ ਸਾਰੇ ਦੋਸ਼ਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇਸ ਮਾਮਲੇ ਵਿਚ ਸ਼ਾਮਲ ਚਾਰ ਹੋਰ ਵਿਅਕਤੀਆਂ ਨੂੰ ਚੋਰੀ ਵਿਚ ਹਿੱਸਾ ਲੈਣ ਲਈ ਹਰੇਕ ਨੂੰ 13 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਪਰ ਇਹ ਕਤਲ ਦੀ ਕੋਸ਼ਿਸ਼ ਦੇ ਦੋਸ਼ੀ ਨਹੀਂ ਪਾਏ ਗਏ। ਅਦਾਲਤ ਅਨੁਸਾਰ ਇਹ ਸਮੂਹ 12 ਦਸੰਬਰ, 2019 ਨੂੰ ਟਿੰਟਰਨ ਐਵੀਨਿਊ ਵੈਸਟਕਲਿਫ਼ ਵਿਖੇ, ਇਕ ਘਰ ਅੰਦਰ ਲੱਗੇ ਹੋਏ ਭੰਗ ਦੇ ਬੂਟੇ ਚੋਰੀ ਕਰਨ ਲਈ ਚਾਕੂ ਅਤੇ ਤਲਵਾਰਾਂ ਨਾਲ ਲੈਸ ਹੋਕੇ ਗਏ ਸਨ। ਇਸ ਦੌਰਾਨ ਇਹ ਕਤਲ ਦੀ ਘਟਨਾ ਵਾਪਰੀ। ਸਪਾਹੋ ਨੂੰ ਘਟਨਾ ਵਾਲੀ ਥਾਂ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਇਕ ਦੂਸਰੇ ਵਿਅਕਤੀ ਨੂੰ ਢਿੱਡ ਵਿਚ ਸੱਟ ਲੱਗਣ ਕਾਰਨ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਸੀ।


author

cherry

Content Editor

Related News