ਓਹੀਓ ਯਾਤਰਾ ਦੌਰਾਨ ਰਾਜਦੂਤ ਤਰਨਜੀਤ ਸੰਧੂ ਦੀਆਂ ਕਈ ਅਹਿਮ ਮੀਟਿੰਗਾਂ, ਸਟੇਟ ਯੂਨੀਵਰਸਿਟੀ ਦਾ ਵੀ ਕੀਤਾ ਦੌਰਾ

Thursday, Dec 29, 2022 - 04:03 PM (IST)

ਓਹੀਓ ਯਾਤਰਾ ਦੌਰਾਨ ਰਾਜਦੂਤ ਤਰਨਜੀਤ ਸੰਧੂ ਦੀਆਂ ਕਈ ਅਹਿਮ ਮੀਟਿੰਗਾਂ, ਸਟੇਟ ਯੂਨੀਵਰਸਿਟੀ ਦਾ ਵੀ ਕੀਤਾ ਦੌਰਾ

ਜਲੰਧਰ (ਇੰਟਨਰੈਸ਼ਨਲ ਡੈਸਕ)- ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਆਪਣੇ ਓਹੀਓ ਸੂਬੇ ਵਿਚ ਕੋਲੰਬਸ ਅਤੇ ਸਿਨਸਿਨਾਟੀ ਦੇ ਤਿੰਨ ਦਿਨਾਂ ਦੌਰੇ ਦੌਰਾਨ ਸਿੱਖਿਆ, ਵਪਾਰ ਤੇ ਨਿਵੇਸ਼, ਤਕਨਾਲੋਜੀ, ਖੇਤੀ, ਸਥਿਰਤਾ ਆਦਿ ਸਮੇਤ ਭਾਰਤ ਤੇ ਅਮਰੀਕਾ ਵਿਚਾਲੇ ਦੋ-ਪੱਖੀ ਸਹਿਯੋਗ ਦੇ ਅਹਿਮ ਖੇਤਰਾਂ ’ਤੇ ਬੁੱਧੀਜੀਵੀਆਂ ਨਾਲ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਈ ਖੇਤਰਾਂ ਦੇ ਲੋਕਾਂ ਨਾਲ ਮੀਟਿੰਗਾਂ ਵੀ ਕੀਤੀਆਂ।

ਐਗਰੀਕਲਚਰ ਰਿਸਰਚ ਕੰਪਲੈਕਸ ਦਾ ਦੌਰਾਨ

ਹਾਲ ਹੀ ਦੇ ਦੌਰੇ ਦੌਰਾਨ ਕੋਲੰਬਸ ਵਿਚ ਰਾਜਦੂਤ ਸੰਧੂ ਦੇ ਓਹੀਓ ਸਟੇਟ ਯੂਨੀਵਰਸਿਟੀ ਵਿਚ ਕਈ ਪ੍ਰੋਗਰਾਮ ਸਨ, ਉਹ ਓਹੀਓ ਸਟੇਟ ਯੂਨੀਵਰਸਿਟੀ ਦੀ ਪ੍ਰੈਸੀਡੈਂਟ ਡਾ. ਕ੍ਰਿਸਟੀਨਾ ਐੱਮ. ਜਾਨਸਨ ਨਾਲ ਵੀ ਮਿਲੇ ਅਤੇ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਸੰਧੂ ਨੇ ਯੂਨੀਵਰਸਿਟੀ ਵਲੋਂ ਕੰਟਰੋਲ ਵਾਤਾਵਰਣ ਹਾਈਟੈੱਕ ਐਗਰੀਕਲਚਰ ਰਿਸਰਚ ਕੰਪਲੈਕਸ ਦਾ ਦੌਰਾ ਕੀਤਾ ਅਤੇ 2021 ਵਿਚ ਵਿਸ਼ਵ ਅਨਾਜ ਪੁਰਸਕਾਰ ਪਦਮਸ਼੍ਰੀ ਨਾਲ ਸਨਮਾਨਿਤ ਵਿਸ਼ਵ ਪ੍ਰਸਿੱਧ ਮ੍ਰਦਾ ਵਿਗਿਆਨੀ ਪ੍ਰੋ. ਰਤਨ ਲਾਲ ਨਾਲ ਖੇਤੀਬਾੜੀ ਸਬੰਧੀ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ।

ਓਹੀਓ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਸੰਧੂ ਦੇ ਮਾਤਾ-ਪਿਤਾ

ਇਥੇ ਜ਼ਿਕਰਯੋਗ ਇਹ ਹੈ ਕਿ ਰਾਜਦੂਤ ਸੰਧੂ ਦੇ ਮਾਤਾ-ਪਿਤਾ ਦੋਨੋਂ ਓਹੀਓ ਸਟੇਟ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸਨ। ਪ੍ਰੋ. ਬਿਸ਼ਨ ਸਿੰਘ ਸਮੁੰਦਰੀ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸੰਸਥਾਪਕ ਕੁਲਪਤੀ ਬਣੇ ਅਤੇ ਨਾਲ ਹੀ ਉਨ੍ਹਾਂ ਦੀ ਪਤਨੀ ਪ੍ਰੋ. ਜਗਜੀਤ ਕੌਰ ਜੋ ਪ੍ਰਿੰਸੀਪਲ ਗਵਰਨਮੈਂਟ ਕਾਲਜ ਫਾਰ ਵੁਮੈਨ ਅੰਮ੍ਰਿਤਸਰ ਸਨ, ਉਨ੍ਹਾਂ ਨੇ 1957 ਵਿਚ ਓਹੀਓ ਸਟੇਟ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ ਅਤੇ ਆਪਣੀ ਮਾਤ ਭੂਮੀ ਦੀ ਸੇਵਾ ਲਈ ਪਰਤੀ ਸੀ। ਪ੍ਰੋ. ਬਿਸ਼ਨ ਸਿੰਘ ਮਹਾਨ ਅਤੇ ਸ਼੍ਰਦੇਯ ਗੁਰਦੁਆਰਾ ਸੁਧਾਰ ਅੰਦੋਲਨ ਦੇ ਨੇਤਾ ਸਨ। ਜਿਨ੍ਹਾਂ ਦੀ ਮੌਤ 1926 ਵਿਚ ਲਾਹੌਰ ਜੇਲ ਵਿਚ ਬ੍ਰਿਟਿਸ਼ ਹਿਰਾਸਤ ਦੌਰਾਨ ਹੋਈ ਸੀ। ਉਹ ਆਜ਼ਾਦੀ ਘੁਲਾਟੀਏ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਪੁੱਤਰ ਸਨ। ਯੂਨੀਵਰਸਿਟੀ ਵਿਚ ਰਾਜਦੂਤ ਦੇ ਦੌਰੇ ਦੌਰਾਨ ਪ੍ਰੋ. ਰਤਨ ਲਾਲ ਨੇ ਅਧਿਆਪਕ ਦੇ ਰੂਪ ਵਿਚ ਉਨ੍ਹਾਂ ’ਤੇ ਪ੍ਰੋਫੈਸਰ ਸਮੁੰਦਰੀ ਦੇ ਡੂੰਘੇ ਪ੍ਰਭਾਵਾਂ ਨੂੰ ਦੱਸਿਆ।

ਡਿਜੀਟਲ ਤਬਦੀਲੀ ’ਤੇ ਗੋਲਮੇਜ਼ ਮੀਟਿੰਗਾਂ

ਰਾਜਦੂਤ ਸੰਧੂ ਦੀ ਦੋ-ਪੱਖੀ ਸਿੱਖਿਆ ਅਤੇ ਗਿਆਨ ਸਾਂਝੇਦਾਰੀ ਦੇ ਨਿਰਮਾਣ ’ਤੇ ਵਿਸ਼ੇਸ਼ ਧਿਆਨ ਰਿਹਾ ਹੈ ਅਤੇ ਉਨ੍ਹਾਂ ਨੇ ਅਮਰੀਕਾ ਦੇ ਅੰਦਰ ਆਪਣੀਆਂ ਯਾਤਰਾਵਾਂ ਦੌਰਾਨ ਅਕਾਦਮਿਕ ਸੰਸਥਾਨਾਂ ਦਾ ਦੌਰਾ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਹੈ। ਉਨ੍ਹਾਂ ਨੇ ਵੱਖ-ਵੱਖ ਅਮਰੀਕੀ ਸਿੱਖਿਆ ਸੰਸਥਾਨਾਂ ਦੇ 200 ਤੋਂ ਜ਼ਿਆਦਾ ਬੁੱਧੀਜੀਵੀਆਂ ਨਾਲ ਕੰਮ ਕੀਤਾ ਹੈ। ਓਹੀਓ ਸਟੇਟ ਯੂਨੀਵਰਸਿਟੀ ਦਾ ਭਾਰਤ ਵਿਚ ਸਹਿਯੋਗ ਦਾ ਇਕ ਲੰਬਾ ਇਤਿਹਾਸ ਹੈ ਜੋ 1950 ਦੇ ਦਹਾਕੇ ਵਿਚ ਹਰੀ ਕ੍ਰਾਂਤੀ ਦੇ ਸਮੇਂ ਤੋਂ ਹੈ ਅਤੇ ਇਸ ਵਿਚ ਪੰਜਾਬ ਖੇਤੀ ਯੂਨੀਵਰਸਿਟੀ ਦੀ ਸਥਾਪਨਾ ਵਿਚ ਮਦਦ ਕਰਨਾ ਵੀ ਸ਼ਾਮਲ ਹੈ। ਇਸ ਤੋਂ ਬਾਅਦ ਯੂਨੀਵਰਸਿਟੀ ਨੇ 1967-72 ਦੇ ਦੌਰਾਨ ਕਾਨਪੁਰ ਇੰਡੋ-ਅਮਰੀਕਨ ਪ੍ਰੋਗਰਾਮ ਦੇ ਤਹਿਤ ਆਈ. ਆਈ. ਟੀ. ਕਾਨਪੁਰ ਨੂੰ ਤਕਨੀਕੀ ਮਦਦ ਪ੍ਰਦਾਨ ਕੀਤੀ। ਓਹੀਓ ਦੀ ਆਪਣੀ ਯਾਤਰਾ ਦੌਰਾ ਹੋਰ ਰੁਝੇਵਿਆਂ ਦਰਮਿਆਨ ਰਾਜਦੂਤ ਨੇ ਹਾਲ ਦੇ ਸਾਲਾਂ ਵਿਚ ਭਾਰਤ ਦੇ ਆਰਥਿਕ ਸੁਧਾਰਾਂ ਦੇ ਨਾਲ-ਨਾਲ ਦੇਸ਼ ਵਿਚ ਚੱਲ ਰਹੀ ਡਿਜੀਟਲ ਤਬਦੀਲੀ ਦੇ ਮੌਕਿਆਂ ਨੂੰ ਰੇਖਾਬੱਧ ਕਰਦੇ ਹੋਏ ਕੋਲੰਬਸ ਅਤੇ ਸਿਨਸਿਨਾਟੀ ਦੋਨੋਂ ਵਿਚ ਵਪਾਰਕ ਗੋਲਮੇਜ ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਪ੍ਰਾਕਟਰ ਐਂਡ ਗੈਂਬਲ ਦੇ ਸੀ. ਈ. ਓ. ਨਾਲ ਵੀ ਮੁਲਾਕਾਤ ਕੀਤੀ, ਜਿਸਦਾ ਭਾਰਤ ਵਿਚ ਅਹਿਮ ਨਿਵੇਸ਼ ਹੈ।

ਪ੍ਰਵਾਸੀ ਭਾਰਤੀਆਂ ਨੂੰ ਵੀ ਮਿਲੇ ਸੰਧੂ

ਇਕ ਵੱਖਰੇ ਪ੍ਰੋਗਰਾਮ ਵਿਚ ਰਾਜਦੂਤ ਨੇ ਟਾਟਾ ਕੰਸਲਟੈਂਸੀ ਸਰਵਿਸੇਜ ਸਿਨਿਸਨਾਟੀ ਡਲਿਵਰੀ ਸੈਂਟਰ ਦਾ ਦੌਰਾ ਕੀਤਾ, ਜੋ ਸੈਂਟਰ ਫਾਰ ਐਡਵਾਂਸਡ ਤਕਨਾਲੌਜੀਜ ਦੀ ਮੇਜ਼ਬਾਨੀ ਕਰਦਾ ਹੈ। ਰਾਜਦੂਤ ਆਪਣੀਆਂ ਯਾਤਰਾਵਾਂ ਦੌਰਾਨ ਭਾਰਤੀ-ਤਕਨਾਲੌਜੀ ਕੰਪਨੀਆਂ ਦਾ ਦੌਰਾਨ ਕਰਦੇ ਰਹੇ ਹਨ ਅਤੇ ਉਨ੍ਹਾਂ ਯੋਗਦਾਨਾਂ ’ਤੇ ਰੋਸ਼ਨੀ ਪਾਉਂਦੇ ਰਹੇ ਹਨ ਜੋ ਇਹ ਕੰਪਨੀਆਂ ਯੂ. ਐੱਸ. ਜੀਡੀਪੀ ਦੇ ਨਾਲ-ਨਾਲ ਨਵੀਨਤਾ ਅਤੇ ਰੋਜ਼ਗਾਰ ਦੇ ਖੇਤਰਾਂ ਵਿਚ ਕਰਦੀਆਂ ਹਨ। ਸਿਆਸੀ ਅਗਵਾਈ ਨਾਲ ਮੀਟਿੰਗ ਵਿਚ ਰਾਜਦੂਤ ਸਿਨਸਿਨਾਟੀ ਦੇ ਮੇਅਰ ਆਫਤਾਬ ਪੁਰੇਵਲ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਡਬਲਿਨ ਦੇ ਮੇਅਰ ਜੇਨ ਫਾਕਸ ਅਤੇ ਇਸਦੇ ਪੁਲਸ ਮੁਖੀ ਨਾਲ ਵੀ ਮੁਲਾਕਾਤ ਕੀਤੀ। ਸਿਨਸਿਨਾਟੀ ਵਿਚ ਉਹ ਓਹੀਓ ਕਾਂਗਰਸੀ-ਚੋਣ ਗ੍ਰੇਗ ਲੈਂਡਸਮੈਨ ਨੂੰ ਮਿਲੇ।


author

cherry

Content Editor

Related News