ਮਹਾਰਾਣੀ ਐਲਿਜ਼ਾਬੈਥ II ਦੇ ਮਹਿਲ ਨੇੜੇ ਹਥਿਆਰ ਸਮੇਤ ਵਿਅਕਤੀ ਗ੍ਰਿਫ਼ਤਾਰ

Sunday, Dec 26, 2021 - 04:18 PM (IST)

ਮਹਾਰਾਣੀ ਐਲਿਜ਼ਾਬੈਥ II ਦੇ ਮਹਿਲ ਨੇੜੇ ਹਥਿਆਰ ਸਮੇਤ ਵਿਅਕਤੀ ਗ੍ਰਿਫ਼ਤਾਰ

ਲੰਡਨ (ਭਾਸ਼ਾ)- ਵਿੰਡਸਰ ਕੈਸਲ ਵਿਖੇ ਸੁਰੱਖਿਆ ਉਲੰਘਣਾ ਤੋਂ ਬਾਅਦ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਹਥਿਆਰ ਬਰਾਮਦ ਕੀਤਾ ਗਿਆ ਹੈ। ਇਹ ਉਹ ਥਾਂ ਹੈ ਜਿੱਥੇ ਮਹਾਰਾਣੀ ਐਲਿਜ਼ਾਬੈਥ II ਆਪਣਾ ਕ੍ਰਿਸਮਸ ਮਨਾ ਰਹੀ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਿੰਸ ਚਾਰਲਸ ਅਤੇ ਉਹਨਾਂ ਦੀ ਪਤਨੀ ਕੈਮਿਲਾ ਨੇ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ ਨੌਰਫੋਕ ਵਿੱਚ ਸੈਂਡਰਿੰਘਮ ਅਸਟੇਟ ਵਿੱਚ ਆਪਣੇ ਰਵਾਇਤੀ ਕ੍ਰਿਸਮਸ ਦੇ ਜਸ਼ਨਾਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ। ਇਸ ਮਗਰੋਂ ਉਹਨਾਂ ਨੇ ਬਰਕਸ਼ਾਇਰ, ਦੱਖਣ-ਪੂਰਬੀ ਇੰਗਲੈਂਡ ਵਿੱਚ ਵਿੰਡਸਰ ਕੈਸਲ ਵਿਖੇ 95 ਸਾਲਾ ਮਹਾਰਾਣੀ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਇਆ। 

ਥੇਮਸ ਵੈਲੀ ਅਤੇ ਮੈਟਰੋਪੋਲੀਟਨ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਸ਼ਨੀਵਾਰ ਤੜਕੇ ਸੁਰੱਖਿਆ ਉਲੰਘਣਾ ਦੇ ਸਬੰਧ ਵਿੱਚ ਸਾਉਥੈਂਪਟਨ ਤੋਂ ਇੱਕ 19 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਦੱਸਿਆ ਕਿ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਥੇਮਸ ਵੈਲੀ ਦੀ ਪੁਲਸ ਸੁਪਰਡੈਂਟ ਰੇਬੇਕਾ ਮੀਅਰਸ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਅਸੀਂ ਮੈਟਰੋਪੋਲੀਟਨ ਪੁਲਸ ਦੇ ਸਹਿਯੋਗੀਆਂ ਨਾਲ ਕੰਮ ਕਰ ਰਹੇ ਹਾਂ। ਉਹਨਾਂ ਨੇ ਦੱਸਿਆ ਕਿ ਜਿਹੜੇ ਨੌਜਵਾਨ ਕੋਲੋਂ ਹਥਿਆਰ ਬਰਾਮਦ ਕੀਤਾ ਗਿਆ ਹੈ ਉਹ ਇਸ ਸਮੇਂ ਹਿਰਾਸਤ ਵਿੱਚ ਹੈ। 

ਪੜ੍ਹੋ ਇਹ ਅਹਿਮ ਖਬਰ- ਨੋਬਲ ਪੁਰਸਕਾਰ ਜੇਤੂ ਰਹੇ ਡੇਸਮੰਡ ਟੂਟੂ ਦਾ ਦੇਹਾਂਤ, ਰਾਸ਼ਟਰਪਤੀ ਰਾਮਾਫੋਸਾ ਨੇ ਪ੍ਰਗਟਾਇਆ ਸੋਗ

'ਦਿ ਸੰਡੇ ਮਿਰਰ' ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਉਦੋਂ ਹੋਈ, ਜਦੋਂ ਸੀਸੀਟੀਵੀ ਦੀ ਨਿਗਰਾਨੀ ਕਰ ਰਹੇ ਸੁਰੱਖਿਆ ਨਿਯੰਤਰਕਾਂ ਨੇ ਇੱਕ ਵਿਅਕਤੀ ਨੂੰ ਜਾਂਦੇ ਹੋਏ ਦੇਖਿਆ। ਪੁਲਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਹਥਿਆਰ ਕੀ ਸੀ ਅਤੇ ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਵਿਅਕਤੀ ਮਹਿਲ ਦੇ ਕਿੰਨੇ ਨੇੜੇ ਪਹੁੰਚਿਆ ਸੀ। ਇਹ ਦੱਸਿਆ ਜਾ ਰਿਹਾ ਹੈ ਕਿ ਉਹ ਹਥਿਆਰ ਲੈ ਕੇ ਜਾ ਰਿਹਾ ਸੀ। ਸ਼ਨੀਵਾਰ ਨੂੰ ਸਾਲਾਨਾ ਕ੍ਰਿਸਮਸ ਸਮਾਗਮ ਵਿੱਚ ਮਹਾਰਾਣੀ ਨੇ ਆਪਣੇ ਪਤੀ ਪ੍ਰਿੰਸ ਫਿਲਿਪ ਨੂੰ ਸ਼ਰਧਾਂਜਲੀ ਦਿੱਤੀ, ਜਿਸਦੀ ਅਪ੍ਰੈਲ ਵਿੱਚ 99 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।

ਪੜ੍ਹੋ ਇਹ ਅਹਿਮ ਖਬਰ -ਅਹਿਮ ਖ਼ਬਰ: ਬ੍ਰਿਟੇਨ ਨੇ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਕਾਮਿਆਂ ਲਈ ਵੀਜ਼ਾ ਨਿਯਮਾਂ 'ਚ ਦਿੱਤੀ ਢਿੱਲ


author

Vandana

Content Editor

Related News