ਯੂ. ਕੇ. 'ਚ ਪੰਜਾਬੀ ਨੌਜਵਾਨ ਦਾ ਕਤਲ, ਦੋਸ਼ੀ ਨੂੰ ਜਲਦ ਮਿਲ ਸਕਦੀ ਹੈ ਸਜ਼ਾ

12/16/2019 2:39:29 PM

ਲੰਡਨ— ਇੰਗਲੈਂਡ ਦੇ ਲਿਸਾਸਟਰ 'ਚ ਦੋ ਪੰਜਾਬੀਆਂ ਵਿਚਕਾਰ ਹੋਏ ਝਗੜੇ ਮਗਰੋਂ ਇਕ ਪੰਜਾਬੀ ਨੇ ਦੂਜੇ ਦਾ ਕਤਲ ਕਰ ਦਿੱਤਾ ਸੀ। ਸੁਲੱਖਨ ਸਿੰਘ ਨੂੰ ਦੋਸ਼ੀ ਠਹਿਰਾਇਆ ਹੈ ਤੇ ਉਸ ਨੂੰ ਜਲਦੀ ਹੀ ਸਜ਼ਾ ਮਿਲੇਗੀ। ਦੋਵੇਂ ਕਿਸੇ ਘਰ 'ਚ ਕੰਮ ਕਰ ਰਹੇ ਸਨ ਤੇ ਇਸ ਦੌਰਾਨ ਉਨ੍ਹਾਂ ਵਿਚਕਾਰ ਝਗੜਾ ਹੋਇਆ। ਜਾਣਕਾਰੀ ਮੁਤਾਬਕ 39 ਸਾਲਾ ਸੁਲੱਖਨ ਸਿੰਘ ਤੇ ਸੁਖਵਿੰਦਰ ਸਿੰਘ ਇਸੇ ਸਾਲ 2 ਜੁਲਾਈ ਨੂੰ ਕਿਸੇ ਗੱਲ ਨੂੰ ਲੈ ਕੇ ਬਹਿਸ ਪਏ ਤੇ ਸੁਲੱਖਨ ਨੇ ਸੁਖਵਿੰਦਰ ਦੇ ਚਾਕੂ ਮਾਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੁਲੱਖਨ ਨੇ ਪਿਛਲੇ ਹਫਤੇ ਆਪਣਾ ਗੁਨਾਹ ਮੰਨ ਲਿਆ ਹੈ। ਜਦ ਸੁਖਵਿੰਦਰ ਨੂੰ ਹਸਪਤਾਲ ਲੈ ਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਸ ਨੇ ਦੋ ਘੰਟਿਆਂ 'ਚ ਹੀ ਸੁਲੱਖਨ ਨੂੰ ਹਿਰਾਸਤ 'ਚ ਲੈ ਲਿਆ ਸੀ ਤੇ ਉਹ ਆਪਣੇ ਦੋਸ਼ੀ ਹੋਣ ਦੀ ਗੱਲ ਤੋਂ ਇਨਕਾਰ ਕਰ ਰਿਹਾ ਸੀ ਹਾਲਾਂਕਿ ਉੱਥੇ ਮੌਜੂਦ ਬਾਕੀ ਵਰਕਰਾਂ ਦਾ ਕਹਿਣਾ ਸੀ ਕਿ ਉਸੇ ਨੇ ਕਤਲ ਕੀਤਾ ਸੀ।

PunjabKesari

ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਵਿਚਕਾਰ ਛੋਟੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋਇਆ ਪਰ ਇਹ ਹਿੰਸਕ ਹੋ ਗਿਆ। ਸੁਖਵਿੰਦਰ ਦੇ ਪਰਿਵਾਰ ਨੇ ਕਿਹਾ ਕਿ ਜਦ ਉਹ ਇੰਗਲੈਂਡ ਗਿਆ ਸੀ ਤਾਂ ਉਹ ਬਹੁਤ ਖੁਸ਼ ਸਨ ਪਰ ਉਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਦਾ ਪੁੱਤ ਕਦੇ ਵਾਪਸ ਭਾਰਤ ਨਹੀਂ ਆਵੇਗਾ। ਪਰਿਵਾਰ ਨੇ ਕਿਹਾ ਕਿ ਉਸ ਦੀ ਮੌਤ ਨਾਲ ਉਹ ਸਰੀਰਕ ਤੇ ਮਾਨਸਿਕ ਪੱਖੋਂ ਟੁੱਟ ਗਏ ਹਨ। ਉਨ੍ਹਾਂ ਕਿਹਾ ਕਿ ਰੱਖੜੀ ਤੋਂ ਪਹਿਲਾਂ ਸੁਖਵਿੰਦਰ ਦਾ ਕਤਲ ਹੋਇਆ ਜਦਕਿ ਪਰਿਵਾਰ ਨੂੰ ਚਾਅ ਸੀ ਕਿ ਸੁਖਵਿੰਦਰ ਭਾਰਤ ਆਵੇਗਾ ਤੇ ਪਰਿਵਾਰ ਨੂੰ ਮਿਲੇਗਾ।


Related News