2 ਭਰਾਵਾਂ ਨੂੰ ਬਚਾਉਣ ਲਈ ਖੁਦ ਦੀ ਗਵਾਈ ਜਾਨ, ਲੋਕਾਂ ਨੇ ਦੱਸਿਆ ''ਹੀਰੋ''

09/11/2017 1:30:35 PM

ਨਿਊ ਸਾਊਥ ਵੇਲਜ਼— ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ 'ਚ ਇਕ 32 ਸਾਲਾ ਵਿਅਕਤੀ ਦੀ ਡੁੱਬਣ ਕਾਰਨ ਮੌਤ ਹੋ ਗਈ। ਇਹ ਘਟਨਾ ਨਿਊ ਸਾਊਥ ਵੇਲਜ਼ ਦੇ ਸ਼ਹਿਰ ਵੋਲੋਂਗੋਂਗ ਬੀਚ 'ਤੇ ਵਾਪਰੀ। ਘਟਨਾ ਐਤਵਾਰ ਦੁਪਹਿਰ ਦੀ ਹੈ। ਦਰਅਸਲ 32 ਸਾਲਾ ਸ਼ਾਨੂੰ ਓਲੀਵਰ, ਜੋ ਕਿ 3 ਬੱਚਿਆਂ ਦਾ ਪਿਤਾ ਹੈ। ਉਸ ਨੇ ਜਦੋਂ ਦੇਖਿਆ ਕਿ ਬੀਚ 'ਤੇ ਤੈਰਨ ਗਏ 2 ਭਰਾ ਪਾਣੀ ਵਿਚ ਡੁੱਬ ਰਹੇ ਹਨ ਤਾਂ ਉਹ ਉਨ੍ਹਾਂ ਨੂੰ ਬਚਾਉਣ ਲਈ ਪਾਣੀ 'ਚ ਗਿਆ, ਜਿਵੇਂ-ਕਿਵੇਂ ਉਸ ਨੇ ਦੋਹਾਂ ਭਰਾਵਾਂ ਨੂੰ ਬਚਾਇਆ ਪਰ ਉਸ ਨੇ ਖੁਦ ਨੂੰ ਮੁਸੀਬਤ 'ਚ ਫਸਾ ਲਿਆ। ਓਲੀਵਰ ਪੂਰੀ ਤਰ੍ਹਾਂ ਨਾਲ ਪਾਣੀ ਵਿਚ ਡੁੱਬ ਗਏ, ਜਿਸ ਤੋਂ ਬਾਅਦ 3 ਪੁਲਸ ਅਧਿਕਾਰੀ ਪੈਰਾ-ਮੈਡੀਕਲ ਅਧਿਕਾਰੀਆਂ ਨਾਲ ਪੁੱਜੇ ਅਤੇ ਓਲੀਵਰ ਨੂੰ ਵੋਲੋਂਗੋਂਗ ਹਸਪਤਾਲ 'ਚ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। 32 ਸਾਲਾ ਓਲੀਵਰ ਆਸਟ੍ਰੇਲੀਆ ਦੇ ਵਿਕਟੋਰੀਆ ਦਾ ਰਹਿਣ ਵਾਲਾ ਸੀ।
ਓਲੀਵਰ ਦੀ ਇਸ ਬਹਾਦਰੀ ਨੂੰ ਸਾਰੇ ਸਲਾਮ ਕਰ ਰਹੇ ਹਨ ਅਤੇ ਉਸ ਨੂੰ ਹੀਰੋ ਦੱਸ ਰਹੇ ਹਨ। 12 ਸਾਲਾ ਯਾਜ਼ਾਨ ਹਾਮਿਦ ਅਤੇ ਉਸ ਦੇ 10 ਸਾਲਾ ਭਰਾ ਅਹਿਮਦ ਨੇ ਓਲੀਵਰ ਦੀ ਮੌਤ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਓਲੀਵਰ ਨੇ ਸਾਡੇ ਜ਼ਿੰਦਗੀ ਨੂੰ ਬਚਾਇਆ। ਉਨ੍ਹਾਂ ਨੇ ਸਾਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਖਤਰੇ ਵਿਚ ਪਾ ਦਿੱਤੀ। ਉਨ੍ਹਾਂ ਨੇ ਉਸ ਨੂੰ ਬਹਾਦਰ ਦੱਸਿਆ ਅਤੇ ਸ਼ਰਧਾਂਜਲੀ ਭੇਟ ਕੀਤੀ। ਯਾਜ਼ਾਨ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਦੁੱਖ ਹੈ। ਇਹ ਸਾਡੇ ਲਈ ਬਹੁਤ ਬਦਕਿਸਮਤੀ ਦੀ ਗੱਲ ਹੈ ਕਿ ਸਾਨੂੰ ਬਚਾਉਂਦੇ ਹੋਏ ਓਲੀਵਰ ਦੀ ਮੌਤ ਹੋ ਗਈ। ਪੁਲਸ ਨੇ ਵੀ ਓਲੀਵਰ ਨੂੰ ਬਹਾਦਰ ਦੱਸਿਆ ਅਤੇ ਉਸ ਨੂੰ ਦੁੱਖੀ ਮਨ ਨਾਲ ਸ਼ਰਧਾਂਜਲੀ ਭੇਟ ਕੀਤੀ। ਓਧਰ ਇਸ ਹਾਦਸੇ ਤੋਂ ਬਾਅਦ ਵੋਲੋਂਗੋਂਗ ਬੀਚ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਉਹ ਪਾਣੀ ਵਿਚ ਨਾ ਜਾਣ।


Related News