ਅਮਰੀਕਾ ਨੇ ਮਾਲਦੀਵ ਨੂੰ ਕੀਤੀ ਅਪੀਲ, ਸਾਰੇ ਰਾਜਨੀਤਕ ਕੈਦੀਆਂ ਦੀ ਹੋਵੇ ਰਿਹਾਈ
Friday, Jun 15, 2018 - 11:16 AM (IST)

ਵਾਸ਼ਿੰਗਟਨ— ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਗਿਊਮ ਅਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਦੋਸ਼ੀ ਕਰਾਰ ਦੇਣ 'ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਅਮਰੀਕਾ ਨੇ ਮਾਲਦੀਵ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਰਾਜਨੀਤਕ ਕੈਦੀਆਂ ਨੂੰ ਰਿਹਾਅ ਕਰੇ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇੱਥੇ ਨਿਸ਼ਚਿਤ ਕਰਨ ਕਿ ਸਤੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਦੀਆਂ ਚੋਣਾਂ ਲਈ ਪਾਰਟੀਆਂ ਅਤੇ ਉਮੀਦਵਾਰ ਸੁਤੰਤਰਤਾ ਪੂਰਵਕ ਚੋਣ ਪ੍ਰਚਾਰ ਕਰ ਸਕਣ।
ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੀ ਮਹਿਲਾ ਬੁਲਾਰਾ ਹੀਥਰ ਨੋਰਟ ਨੇ ਕਿਹਾ,''ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਗਿਊਮ, ਸੁਪਰੀਮ ਕੋਰਟ ਦੇ ਚੀਫ ਜੱਜ ਅਬਦੁੱਲਾ ਸਈਦ ਅਤੇ ਸੁਪਰੀਮ ਕੋਰਟ ਦੇ ਜੱਜ ਅਲੀ ਹਮੀਦ ਨੂੰ ਬਿਨਾਂ ਜ਼ਰੂਰੀ ਸੁਰੱਖਿਆ ਤੇ ਬਿਨਾਂ ਨਿਰਪੱਖ ਸੁਣਵਾਈ ਦੇ ਸਜ਼ਾ ਸੁਣਾਉਣ ਨਾਲ ਅਮਰੀਕਾ ਨੂੰ ਡੂੰਘੀ ਨਿਰਾਸ਼ਾ ਹੋਈ ਹੈ।''
ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਮਾਲਦੀਵ ਦੀ ਮੌਜੂਦਾ ਸਰਕਾਰ ਦੇ ਸ਼ਾਸਨ ਚਲਾਉਣ ਦੀ ਪ੍ਰਕਿਰਿਆ 'ਤੇ ਡੂੰਘਾ ਸ਼ੱਕ ਪੈਦਾ ਹੁੰਦਾ ਹੈ ਅਤੇ ਸਤੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਦੀਆਂ ਚੋਣਾਂ ਦੀ ਨਿਰਪੱਖਤਾ 'ਤੇ ਵੀ ਸਵਾਲ ਖੜ੍ਹੇ ਹੁੰਦੇ ਹਨ। ਨੋਰਟ ਨੇ ਕਿਹਾ ਕਿ ਅਮਰੀਕਾ ਕੌਮਾਂਤਰੀ ਭਾਈਚਾਰੇ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਮਾਲਦੀਵ ਦੀ ਸਰਕਾਰ ਅਤੇ ਰਾਸ਼ਟਰਪਤੀ ਯਾਮੀਨ ਤੋਂ ਮੰਗ ਕਰ ਰਿਹਾ ਹੈ ਕਿ ਉਹ ਸ਼ਾਸਨ ਵਿਵਸਥਾ ਲਾਗੂ ਕਰਨ ਅਤੇ ਸੰਵਿਧਾਨ 'ਚ ਨਿਸ਼ਚਿਤ ਕੀਤੇ ਗਏ ਅਧਿਕਾਰਾਂ ਦਾ ਸਨਮਾਨ ਕਰਨ।