ਇਕੱਲੀ ਨੇ ਜੰਗ ’ਚ ਢੇਰ ਕੀਤੇ 309 ਨਾਜ਼ੀ, ਇਹ ਹੈ ਇਤਿਹਾਸ ਦੀ ਚੋਟੀ ਦੀ ਮਹਿਲਾ ਸਨਾਈਪਰ

Sunday, Mar 08, 2020 - 05:59 PM (IST)

ਜਰਮਨੀ— ਵਿਸ਼ਵ ਮਹਿਲਾ ਦਿਵਸ 'ਤੇ ਅੱਜ ਅਸੀਂ ਤੁਹਾਨੂੰ ਉਸ ਔਰਤ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਹਿਟਲਰ ਦੇ 309 ਨਾਜ਼ੀ ਫੌਜੀਆਂ ਨੂੰ ਇਕੱਲੀ ਨੇ ਹੀ ਢੇਰ ਕਰ ਦਿੱਤਾ ਸੀ। ਹਿਟਲਰ ਦੇ ਫੌਜੀਆਂ ’ਤੇ ਇਹ ਇਕੱਲੀ ਔਰਤ ਭਾਰੀ ਪਈ ਸੀ, ਜਿਸ ਦਾ ਨਾਂ ਲਿਊਡਮਿਲਾ ਪੇਵਲੀਚੇਂਕੋ ਹੈ। ਉਹ ਯੁਕੇਰੀਅਨ ਸੋਵੀਅਤ ਸਨਾਈਪਰ ਸੀ। ਉਸ ਨੂੰ ਇਤਿਹਾਸ ਦੀ ਸਭ ਤੋਂ ਕਾਮਯਾਬ ਸਨਾਈਪਰ ’ਚ ਗਿਣਿਆ ਜਾਂਦਾ ਹੈ।

ਲਿਊਡਮਿਲਾ ਪੇਵਲੀਚੇਂਕੋ ਨੇ ਇਹ ਮਿੱਥ ਤੋੜੀ ਕਿ ਫੌਜ ਵਿਚ ਸਨਾਈਪਰ ਮਰਦ ਨਹੀਂ ਔਰਤ ਵੀ ਹੋ ਸਕਦੀ ਹੈ। ਬੰਦੂਕ ਮਰਦਾਂ ਦਾ ਗਹਿਣਾ ਨਹੀਂ ਬਲਕਿ ਜੇ ਔਰਤ ਦੇ ਹੱਥ ਲੱਗੇ ਤਾਂ ਉਹ ਮਰਦਾਂ ਨਾਲੋਂ ਕਿਤੇ ਘੱਟ ਨਹੀਂ। ਦੂਜੇ ਵਿਸ਼ਵ ਯੁੱਧ ਦੌਰਾਨ ਸੋਵੀਅਤ ਯੂਨੀਅਨ ਨੇ ਤਕਰੀਬਨ 2000 ਔਰਤਾਂ ਨੂੰ ਬਤੌਰ ਸਨਾਈਪਰ ਫੌਜ ’ਚ ਭਰਤੀ ਕੀਤਾ ਸੀ। ਉਨ੍ਹਾਂ ’ਚੋਂ ਇਕ ਬੈਸਟ ਸਨਾਈਪਰ ਸੀ ਪੇਵਲੀਚੇਂਕੋ, ਜਿਸ ਦਾ ਸਿੱਕਾ ਸਾਰੇ ਮੰਨਦੇ ਹਨ।

ਉਂਝ ਇਤਿਹਾਸ ਦਾ ਸਭ ਤੋਂ ਖਤਰਨਾਕ ਸਨਾਈਪਰ ਸਿਮੋ ਹੇਹਾ ਨੂੰ ਕਿਹਾ ਜਾਂਦਾ ਹੈ, ਜਿਸ ਨੇ 542 ਫੌਜੀਆਂ ਨੂੰ ਢੇਰ ਕੀਤਾ ਸੀ ਪਰ ਔਰਤਾਂ ’ਚ ਪੇਵਲੀਚੇਂਕੋ ਦਾ ਨਾਂ ਇਤਿਹਾਸ ’ਚ ਦਰਜ ਹੈ। ਲਿਊਡਮਿਲਾ ਪੇਵਲੀਚੇਂਕੋ ਨੂੰ ਦੂਜੇ ਵਿਸ਼ਵ ਯੁੱਧ ਵਿਚ ਜਰਮਨ ਦੇ ਇਕੱਲੇ-ਇਕੱਲੇ 309 ਨਾਜ਼ੀ ਫੌਜੀਆਂ ਨੂੰ ਮਾਰਨ ਦਾ ਸਿਹਰਾ ਹਾਸਲ ਹੈ, ਜਿਸ ਨੇ ਉਸ ਨੂੰ ਇਤਿਹਾਸ ਦੀ ਸਭ ਤੋਂ ਸਫਲ ਔਰਤ ਸਨਾਈਪਰ ਬਣਾਇਆ। ਯੁੱਧ ਤੋਂ ਬਾਅਦ ਉਸ ਨੂੰ ਸੋਵੀਅਤ ਯੂਨੀਅਨ ਦੇ ਹੀਰੋ ਦਾ ਗੋਲਡ ਸਟਾਰ ਦੇ ਨਾਲ ਨਾਲ ਦੋ ਵਾਰ ਆਰਡਰ ਆਫ਼ ਲੈਨਿਨ ਨਾਲ ਸਨਮਾਨਤ ਕੀਤਾ ਗਿਆ। ਉਸ ਨੂੰ ਆਪਣੇ ਮਿਲਟਰੀ ਕੈਰੀਅਰ ਦੌਰਾਨ ਕਈ ਐਵਾਰਡ ਮਿਲੇ ਸਨ ਅਤੇ ਰਿਟਾਇਰ ਹੋਣ ਤੋਂ ਬਾਅਦ ਉਹ ਵ੍ਹਾਈਟ ਹਾਊਸ ਵਿਚ ਜਾਣ ਵਾਲੀ ਪਹਿਲੀ ਸੋਵੀਅਤ ਨਾਗਰਿਕ ਸੀ।

ਸੰਨ 1941 ਵਿਚ ਯੂਕਰੇਨ ਦੀ ਕੀਵ ਯੂਨੀਵਰਸਿਟੀ ’ਚ ਇਤਿਹਾਸ ਦੀ ਪੜ੍ਹਾਈ ਕਰਨ ਵਾਲੀ 24 ਸਾਲਾ ਪੇਵਲੀਚੇਂਕੋ ਨੇ ਹਥਿਆਰ ਚੁੱਕ ਲਏ ਸਨ। ਲਿਊਡਮਿਲਾ ਪੇਵਲੀਚੇਂਕੋ ਦਾ ਜਨਮ 1916 ਵਿਚ ਯੂਕ੍ਰੇਨ ਦੇ ਇਕ ਛੋਟੇ ਜਿਹੇ ਪਿੰਡ, ਬਿਲਾ ਤਸਰਕਵਾ ਵਿਚ ਹੋਇਆ ਸੀ। ਉਹ ਇਕ ਅਧਿਆਪਕ ਤੇ ਇਕ ਸਰਕਾਰੀ ਕਰਮਚਾਰੀ ਦੀ ਧੀ ਸੀ। ਉਸ ਨੂੰ ਆਪਣੇ ਜੋਹਰ ਦਿਖਾਉਣ ਦਾ ਉਦੋਂ ਮੌਕਾ ਮਿਲਿਆ ਜਦੋਂ 1941 ਵਿਚ ਜਰਮਨਜ਼ ਨੇ ਸੋਵੀਅਤ ਯੂਨੀਅਨ 'ਤੇ ਹਮਲਾ ਕਰਨ ਦਾ ਫੈਸਲਾ ਕੀਤਾ।  ਪੇਵਲੀਚੇਂਕੋ ਨੇ ਓਡੇਸਾ ਦੇ ਕੋਲ ਢਾਈ ਸਾਲ ਤਕ ਲੜਾਈ ਲੜੀ। ਮਈ 1942 ਤਕ ਲੈਫਟੀਨੈੱਟ ਪੇਵਲੀਚੇਂਕੋ 257 ਜਰਮਨ ਫੌਜੀਆਂ ਨੂੰ ਮਾਰ ਚੁੱਕੀ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਤਕ ਲਿਯੁਡਮੀਲਾ ਪਾਵਲੀਚੇਨਕੋ ਨੇ ਕੁੱਲ 309 ਦੁਸ਼ਮਣਾਂ ਨੂੰ ਗੋਲੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਮੇਜਰ ਦਾ ਰੈਂਕ ਮਿਲਣ ਤੋਂ ਬਾਅਦ ਪੇਵਲੀਚੇਂਕੋ ਇਕ ਇੰਸਟਰਕਟਰ ਬਣ ਗਈ ਅਤੇ ਯੁੱਧ ਖਤਮ ਹੋਣ ਤਕ ਸੋਵੀਅਤ ਸਨਾਈਪਰਜ਼ ਨੂੰ ਟਰੇਨਿੰਗ ਦੇਣ ਦਾ ਕੰਮ ਕਰਨ ਲੱਗ ਗਈ। ਉਸ ਨੂੰ 1943 ’ਚ ਗੋਲਡ ਸਟਾਰ ਦੀ ਉਪਾਧੀ ਦਿੱਤੀ ਗਈ ਸੀ। 1974 ਵਿਚ ਉਸ ਦਾ ਦਿਹਾਂਤ ਹੋ ਗਿਆ ਸੀ।


Related News