ਦੁਨੀਆਂ ਨੂੰ ਨਫ਼ਰਤ ਅਤੇ ਫਿਰਕੂ ਮਾਹੌਲ ਨਹੀਂ 'ਮਹੁੱਬਤੀ ਸਾਂਝਾਂ' ਦੀ ਲੋੜ ਹੈ !

05/04/2020 12:38:51 PM

ਅਮਰਦੀਪ ਕੌਰ

ਮੈਲਬੌਰਨ (ਆਸਟ੍ਰੇਲੀਆ)

ਜਦੋਂ ਜਦੋਂ ਵੀ ਧਰਮ, ਜਾਤ ਅਤੇ ਮਜ਼ਹਬ ਦੇ ਨਾਮ ਉੱਤੇ ਵੰਡੀਆਂ ਪਾਉਣ ਵਾਲਿਆਂ ਦੇ ਕਾਰਨਾਮੇ ਸੁਣਨ ਅਤੇ ਦੇਖਣ ਨੂੰ ਮਿਲਦੇ ਰਹੇ ਹਨ ਉਦੋਂ ਉਦੋਂ ਹੀ ਮੇਰੇ ਜ਼ਿਹਨ 'ਚ ਅਜਿਹੇ ਲੋਕਾਂ ਪ੍ਰਤੀ ਗੁੱਸੇ ਜਾਂ ਨਫ਼ਰਤ ਦੀ ਭਾਵਨਾ ਨਾਲੋਂ ਵੀ ਵਧੇਰੇ ਤਰਸ ਵਾਲੇ ਭਾਵ ਉਜਾਗਰ ਹੁੰਦੇ ਰਹੇ ਹਨ। ਹੋ ਸਕਦੈ ਮਨੁੱਖ ਹੋ ਕੇ ਮਨੁੱਖਤਾ ਦੇ ਵੈਰੀ ਹੋ ਕੇ ਵਿਚਰਨ ਵਾਲੇ ਅਜਿਹੇ ਲੋਕਾਂ ਦੇ ਅਜਿਹਾ ਕਰਨ ਪਿੱਛੇ ਕੁਝ ਮਕਸਦ ਹੋਣ ਜਿਹੜੇ ਆਮ ਲੋਕਾਂ ਦੀ ਸਮਝ ਤੋਂ ਹਮੇਸ਼ਾ ਦੂਰ ਰਹੇ ਹੋਵਣ, ਇਸੇ ਕਾਰਨ ਸ਼ਾਇਦ ਅਜਿਹੇ ਤਲਖ ਹਾਲਾਤ ਪੈਦਾ ਕਰਕੇ ਆਮ ਲੋਕਾਂ ਦੇ ਜੀਵਨ ਨੂੰ ਤਹਿਸ ਨਹਿਸ ਕਰਨ ਵਾਲੇ ਆਪ ਹਮੇਸ਼ਾ ਫਾਇਦੇ ਵਿੱਚ ਰਹਿੰਦੇ ਹਨ। ਪਰ ਸੋਚਣ ਦੀ ਗੱਲ ਇਹ ਹੈ ਕਿ ਸਾਡੀਆਂ ਇਕ ਦੂਜੇ ਨਾਲ ਬਣੀਆਂ ਗੂੜ੍ਹੀਆਂ ਸਾਂਝਾ ਅਤੇ ਆਪਸੀ ਪਿਆਰ ਵਿੱਚ ਨਫ਼ਰਤ ਦਾ ਵਿਹੁ ਰਲਾਉਣ ਵਾਲੇ ਅਜਿਹਾ ਕਰਨ ਵਿੱਚ ਕਾਮਯਾਬ ਕਿਵੇਂ ਹੁੰਦੇ ਹਨ? ਆਖ਼ਰ ਅਸੀਂ ਕਮਜ਼ੋਰ ਕਿੱਥੇ ਸਾਬਤ ਹੁੰਦੇ ਹਾਂ?

ਗੱਲ ਸਾਲ 2008 ਦੀ ਐ, 21 ਜਨਵਰੀ ਨੂੰ ਕੰਮ ਤੋਂ ਅਗਲੇ ਦਿਨ ਦੀ ਛੁੱਟੀ ਲਈ ਅਰਜ਼ੀ ਕਾਲਜ ਦਫਤਰ ਵਿੱਚ ਜਮਾਂ ਕਰਵਾਈ, ਕਿਉਂਕਿ ਮੰਮੀ ਵਲੋਂ ਵਾਰ ਵਾਰ ਵੀਰ ਦੇ ਵਿਆਹ ਦੀਆਂ ਕੁਝ ਜਰੂਰੀ ਤਿਆਰੀਆਂ ਦੇ ਸੰਬੰਧ ਵਿੱਚ ਕੰਮਕਾਜੀ ਦਿਨਾਂ ਵਿੱਚ ਛੁੱਟੀ ਲੈਣ ਬਾਰੇ ਜ਼ੋਰ ਪਾਇਆ ਜਾ ਰਿਹਾ ਸੀ ਤਾਂ ਕਿ ਬੈਂਕ ਦੇ ਲਾਕਰ ਵਿੱਚ ਪਏ ਗਹਿਣਿਆਂ ਅਤੇ ਨਵੇਂ ਬਣੇ ਗਹਿਣਿਆਂ ਨੂੰ ਇਕ ਵਾਰ ਤਰਤੀਬ ਵਿੱਚ ਚੈੱਕ ਕਰ ਲਿਆ ਜਾਵੇ। ਖ਼ੈਰ ਪ੍ਰਿੰਸੀਪਲ ਮੈਡਮ ਨੇ ਵੀ ਬਿਨਾਂ ਕਿਸੇ ਰੋਕ ਟੋਕ ਤੋਂ ਛੁੱਟੀ ਦੀ ਮਨਜ਼ੂਰੀ ਦੇ ਦਿੱਤੀ। ਉਨ੍ਹੀਂ ਦਿਨੀਂ ਹੀ ਮੇਰੀ ਇਕ ਲੈਕਚਰਾਰ ਸਾਥਣ/ਦੋਸਤ ਦੇ ਘਰ ਵੀ ਉਸਦੇ ਦਿਉਰ ਦੇ ਵਿਆਹ ਦੀਆਂ ਤਿਆਰੀਆਂ ਚਲ ਰਹੀਆਂ ਸਨ। ਮੇਰੀ ਉਹ ਦੋਸਤ ਅਲਕਾ ਹਿੰਦੂ ਪਰਿਵਾਰ ਨਾਲ ਸੰਬੰਧਿਤ ਸੀ। ਅਸੀਂ ਤਕਰੀਬਨ ਹਰ ਰੋਜ਼ ਆਪਣੇ ਵਿਹਲੇ ਪੀਰੀਅਡ ਵਿੱਚ ਖਾਣਾ ਖਾਣ ਸਮੇਂ ਵਿਆਹ ਦੀਆਂ ਤਿਆਰੀਆਂ ਬਾਰੇ ਸਾਂਝ ਜਰੂਰ ਪਾਉਂਦੀਆਂ ਛੁੱਟੀਆਂ ਲੈਣ ਬਾਰੇ ਵਿਉਂਤਾਂ ਘੜ੍ਹਦੀਆਂ, ਸ਼ਾਪਿੰਗ ਬਾਰੇ ਅਤੇ ਹੋਰ ਰਸਮ ਰਿਵਾਜਾਂ ਬਾਰੇ ਖੁੱਲ੍ਹ ਕੇ ਚਰਚਾ ਹੁੰਦੀ। ਹਿੰਦੂ ਹੋਣ ਕਾਰਨ ਉਹਨਾਂ ਦੇ ਕੁਝ ਰਸਮ ਰਿਵਾਜ਼ ਸਾਡੇ ਨਾਲੋਂ ਵੱਖਰੇ ਸਨ।

ਹਿਮਾਚਲ ਦੇ ਇਲਾਕੇ ਤੋਂ ਹੋਣ ਕਾਰਨ ਪੰਜਾਬੀਆਂ ਨਾਲੋਂ ਵੀ ਰਸਮ ਰਵਾਇਤਾਂ ਵੀ ਕੁਝ ਵਧੇਰੇ ਸਨ ਜਿਨ੍ਹਾਂ ਬਾਰੇ ਜਾਣਨਾ ਮੈਨੂੰ ਵੀ ਦਿਲਚਸਪ ਲੱਗਦਾ। ਉਹਨਾਂ ਦੇ ਪਰਿਵਾਰ ਵਿੱਚ ਧਾਰਮਿਕ ਪੱਖ ਤੋਂ ਵੀ ਛੋਟੀਆਂ ਤੋਂ ਲੈ ਕੇ ਵੱਡੀਆਂ ਹਰ ਤਰ੍ਹਾਂ ਦੀਆਂ ਰਸਮਾਂ ਨਿਭਾਉਣਾ ਲਾਜ਼ਮੀ ਸੀ। ਪੂਜਨ, ਭੰਡਾਰਾ ਅਤੇ ਹੋਰ ਕਈ ਰਸਮਾਂ ਦੀ ਸ਼ੁਰੂਆਤ ਹੋ ਚੁੱਕੀ ਸੀ।ਉਸ ਦੇ ਦਿਉਰ ਦੇ ਵਿਆਹ ਵਿੱਚ ਸਿਰਫ ਛੇ ਕੁ ਦਿਨਾਂ ਦਾ ਸਮਾਂ ਬਾਕੀ ਸੀ। ਇਕ ਦੋ ਦਿਨਾਂ ਬਾਅਦ ਉਹ ਵੀ ਛੁੱਟੀ ਉੱਤੇ ਜਾਣ ਵਾਲੀ ਸੀ। ਚਾਰੇ ਪਾਸੇ ਚਾਅ ਅਤੇ ਖੁਸ਼ੀਆਂ ਦਾ ਮਹੌਲ ਸੀ। ਮੈਂ ਆਪਣੀ ਅਗਲੇ ਦਿਨ ਦੀ ਛੁੱਟੀ ਬਾਰੇ ਆਪਣੇ ਕੁਝ ਨੇੜਲੇ ਦੋਸਤ ਅਧਿਆਪਕ ਸਾਥੀਆਂ ਨੂੰ ਸੂਚਿਤ ਕੀਤਾ ਅਤੇ ਛੁੱਟੀ ਤੋਂ ਬਾਅਦ ਦੁਬਾਰਾ ਮਿਲਣ ਦੀ ਆਸ ਪ੍ਰਗਟਾਈ। ਅਸੀਂ ਸਾਰੇ ਗਿਣਤੀ ਵਿੱਚ ਭਾਵੇਂ ਬਹੁਤੇ ਨਹੀਂ ਸੀ ਪਰ ਇਕ ਦੂਜੇ ਪ੍ਰਤੀ ਖਿੱਚ ਅਤੇ ਪਿਆਰ ਇਕ ਪਰਿਵਾਰ ਵਾਂਗਰਾਂ ਸੀ। ਕੌਣ ਕਿਸ ਜਾਤ , ਕਿਸ ਧਰਮ ਜਾਂ ਮਜ਼ਹਬ ਨਾਲ ਸੰਬੰਧਿਤ ਸੀ, ਇਸ ਗੱਲ ਨਾਲ ਸਾਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ।

ਪੜ੍ਹੋ ਇਹ ਖਬਰ ਵੀ– ਸਮਾਜ ਨੂੰ ਬੌਧਿਕ ਲੁੱਟ ਵੱਲ ਧੱਕ ਰਿਹਾ ਹੈ ‘ਦਮਨਕਾਰੀ ਤੰਤਰ’

ਪੜ੍ਹੋ ਇਹ ਖਬਰ ਵੀ – ਜਾਣੋ ਬਿਨਾਂ ਲੱਛਣਾਂ ਵਾਲਾ ਕੋਰੋਨਾ ਵਾਇਰਸ ਕਿੰਨਾ ਕੁ ਹੈ ‘ਖਤਰਨਾਕ’ (ਵੀਡੀਓ)

ਪੜ੍ਹੋ ਇਹ ਖਬਰ ਵੀ– ਦਿਲ ਹੈ ਕਿ ਮਾਨਤਾ ਨਹੀਂ : ‘ਗਰਾਊਂਡ ਜ਼ੀਰੋ ਵਿਚ ਦਿਲ’

ਸਾਨੂੰ ਤਾਂ ਜੋਸ਼ੀ ਮੈਡਮ ਦੇ ਘਰ ਤੋਂ ਆਇਆ ਪੂਜਾ ਦਾ ਪ੍ਰਸ਼ਾਦ ਵੀ ਬਹੁਤ ਸਵਾਦ ਲੱਗਦਾ, ਮੈਡਮ ਨੀਲਮ ਰਾਣਾ ਦੇ ਘਰ ਬਿਠਾਈਆਂ ਕੰਜਕਾਂ ਤੋਂ ਬਾਅਦ ਆਏ ਛੋਲੇ ਪੂਰੀਆਂ ਨੂੰ ਵੀ ਸਭ ਬੜੇ ਚਾਅ ਨਾਲ ਖਾਂਦੇ, ਲਖ਼ਬੀਰ ਸਰ ਵਲੋਂ ਕਿਸੇ ਖਾਸ ਖੁਸ਼ੀ ਵਿੱਚ ਲਿਆਂਦੇ ਲੱਡੂ, ਜੋਤੀ ਮੈਡਮ ਦੀਆਂ ਹਿਮਾਚਲੀ ਚਟਨੀਆਂ, ਅਲਕਾ ਮੈਡਮ ਦੀਆਂ ਪਤੇੜ੍ਹਾ, ਗੁਰਸ਼ਰਨ ਮੈਡਮ ਦਾ ਸਾਗ, ਪਰਵਿੰਦਰ, ਰਵਿੰਦਰ ਦੇ ਆਪਣੇ ਅੰਦਾਜ਼ ਚ ਬਣਾਏ ਖਾਣੇ ਰੂਹ ਖੁਸ਼ ਕਰ ਦਿੰਦੇ। ਸਾਡੇ ਘਰਾਂ ਵਿੱਚ ਸੁਖਮਨੀ ਸਾਹਿਬ ਜਾਂ ਅਖੰਡ ਪਾਠਾਂ ਦੇ ਸੱਦੇ ਉੱਤੇ ਸਭ ਪਹੁੰਚਦੇ ਅਤੇ ਕਈ ਵਾਰ ਕਾਲਜ ਵਿੱਚ ਉਚੇਚੇ ਤੌਰ 'ਤੇ ਪ੍ਰਸ਼ਾਦ ਅਤੇ  ਲੰਗਰ ਬਹੁਤ ਸਤਿਕਾਰ ਸਹਿਤ ਛਕਦੇ। ਗੱਲ ਖਾਣਿਆਂ ਜਾਂ ਪਕਵਾਨਾਂ ਦੀ ਨਹੀਂ ਸੀ ਪਰ ਇਕ ਦੂਜੇ ਦੀਆਂ ਭਾਵਨਾਵਾਂ ਦੇ ਸਤਿਕਾਰ ਦੀ ਜਰੂਰ ਸੀ। ਸਭ ਤੋਂ ਪਿਆਰੀ ਗੱਲ ਕਿ ਮਨੁੱਖ ਹੋ ਕੇ ਮਨੁੱਖਤਾ ਨਿਭਾਉਣ ਦੇ ਜਜ਼ਬੇ ਅਤੇ ਰਵਾਇਤ ਤੋਂ ਸਭ ਭਲੀਭਾਂਤ ਜਾਣੂ ਸਨ। ਕਿਸੇ ਇੱਕ ਉੱਤੇ ਕੋਈ ਮੁਸੀਬਤ ਜਾਂ ਦੁੱਖ ਆਉਂਦਾ ਤਾਂ ਸਾਰੇ ਉਸਦੇ ਦੁੱਖ ਵਿੱਚ ਸ਼ਰੀਕ ਹੁੰਦਿਆਂ ਨਾ ਸਮਾਂ ਦੇਖ਼ਦੇ, ਨਾ ਦੂਰੀ ਅਤੇ ਨਾ ਹੀ ਸਾਧਨਾਂ ਦੀ ਘਾਟ ਆੜੇ ਆਉਂਦੀ, ਬਸ ਕਿਸ ਤਰੀਕੇ...? ਕੀ ਮਦਦ .... ? 

ਹੋ ਸਕਦੀ ਸੀ... ਕਰਨੀ ਜ਼ਰੂਰੀ ਹੁੰਦੀ। ਕੌਣ ਹਿੰਦੂ, ਕੌਣ ਸਿੱਖ, ਕੌਣ ਮੁਸਲਮਾਨ, ਕੌਣ ਹਰੀਜਨ ਜਾਂ ਆਧਰਮੀ, ਕੌਣ ਬ੍ਰਾਹਮਣ ਜਾਂ ਜੱਟ ਅਜਿਹਾ ਤਾਂ ਸ਼ਾਇਦ ਕਦੇ ਭੁੱਲ ਭੁਲੇਖੇ ਵੀ ਨਹੀਂ ਸੋਚਿਆ ਹੋਣਾ। 

ਉਫ਼ ...ਗੱਲ ਜਿੱਥੋਂ ਸ਼ੁਰੂ ਹੋਈ ਸੀ, ਉੱਥੇ ਚੱਲਦੇ ਹਾਂ। ਅਗਲੇ ਦਿਨ ਦੀ ਛੁੱਟੀ ਲੈ ਕੇ ਘਰ ਪਹੁੰਚੀ। ਹਰ ਰੋਜ਼ ਵਾਂਗ ਘਰ ਦੇ ਕੰਮ ਧੰਦੇ ਮੁਕਾ ਕੇ ਮੰਮੀ ਸੱਸ ਨੂੰ ਅਗਲੇ ਦਿਨ ਪੇਕੇ ਜਾਣ ਦੇ ਕਾਰਨ ਬਾਰੇ ਸੂਚਿਤ ਕੀਤਾ। ਅਗਲੀ ਸਵੇਰ ਆਪਣੀ ਕੀਤੀ ਵਿਉਂਤਬੰਦੀ ਅਨੁਸਾਰ ਧੀ ਰਾਣੀ ਨੂੰ ਤਿਆਰ ਕਰਕੇ ਸਕੂਲ ਛੱਡਿਆ ਅਤੇ ਆਪ ਆਪਣੇ ਸਰਦਾਰ ਜੀ ਦੇ ਨਾਲ ਸਕੂਟਰ ਤੇ ਬੈਠ ਬੱਸ ਅੱਡੇ ਪਹੁੰਚੀ ਅਤੇ ਫ਼ਗਵਾੜੇ ਤੋਂ ਲੁਧਿਆਣੇ ਵਲ ਜਾਂਦੀ ਬੱਸ ਲੈ ਲਈ। ਕੁਝ ਘੜੀਆਂ ਪਲਾਂ ਦੇ ਫਾਸਲੇ ਵਿੱਚ ਹੀ ਸਮੇਂ ਨੇ ਅਜਿਹਾ ਪਲਟਾ ਮਾਰਿਆ ਕਿ ਜੋ ਜਿਸ ਤਰ੍ਹਾਂ ਵਿਉਂਤਿਆ ਸੀ ਉਸਦੇ ਬਿਲਕੁਲ ਉਲਟ ਹੋ ਨਿੱਬੜਿਆ, ਪ੍ਰਮਾਤਮਾ ਨੂੰ ਜਾਣੋ ਕੁਝ ਹੋਰ ਹੀ ਮਨਜ਼ੂਰ ਸੀ। ਫਗਵਾੜੇ ਤੋਂ ਫਿਲੌਰ ਦਾ ਫਾਸਲਾ ਬਹੁਤ ਥੋੜ੍ਹਾ ਹੈ, ਵਿੱਚ ਵਿਚਾਲੇ ਗੁਰਾਇਆ ਆਉਂਦਾ ਹੈ। ਟਿਕਟ ਲੈਣ ਤੋਂ ਬਾਅਦ ਸੀਟ ਨਹੀਂ ਮਿਲੀ ਪਿੱਛੇ ਤਕ ਨਜ਼ਰ ਦੌੜਾਈ ਕਿ ਸ਼ਾਇਦ ਕੋਈ ਸੀਟ ਮਿਲ ਜਾਵੇ ਪਰ ਸਾਰੀ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਅਚਾਨਕ ਫਗਵਾੜਾ ਲੰਘਦਿਆਂ ਹੀ ਡੈਡੀ ਦਾ ਫੋਨ ਆਇਆ

ਆਵਾਜ਼ ਵਿੱਚ ਘਬਰਾਹਟ ਸੀ... ਜਲਦੀ ਪਹੁੰਚ ..ਮੰਮੀ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਅਤੇ ਹੁਣ ਹਸਪਤਾਲ ਵਿੱਚ ਹੈ... ਪਰ ਤੂੰ ਘਰ ਪਹੁੰਚ... ਜਲਦੀ। 

ਹਾਂ ਜੀ ਡੈਡੀ ...ਮੈਂ ਬੱਸ  ਚ ਹੀ ਆਂ... ਪਹੁੰਚਦੀ ਆਂ ਜਲਦੀ ।

ਪਰ ਮੰਮੀ ਦੀ ਪਿਛਲੀ ਰਾਤ ਹੀ ਗੱਲ ਹੋਈ ਸੀ ਉਹ ਵੀ ਤਾਂ ਇਹੀ ਕਹਿ ਰਹੇ ਸੀ ਜਲਦੀ ਪਹੁੰਚ ਜਾਵੀਂ। ਦਿਨ ਛੋਟੇ ਹੋਣ ਕਰਕੇ ਹਨੇਰਾ ਜਲਦੀ ਹੋ ਜਾਂਦਾ ਤੂੰ ਵਾਪਸ ਵੀ ਜਾਣਾ....।

ਪਰ ਅਚਾਨਕ ਮੰਮੀ ਨੂੰ ...... ਪਤਾ ਨਹੀਂ ਕਿੰਨੇ ਤਰ੍ਹਾਂ ਦੇ ਖਿਆਲ ਇੱਕਦਮ ਮੈਨੂੰ ਭੈਅ ਭੀਤ ਕਰਨ ਲੱਗੇ।

ਫੋਨ ਸੁਣ ਕੇ ਲੱਤਾਂ ਵਿੱਚ ਕੰਬਣੀ ਛਿੜ ਗਈ...

ਔਖੀ ਘੜੀ ਨਾ ਦੇਖਣ ਦੇਈ ਅਪਨਾ ਬਿਰਦੁ ਸਮਾਲਿ ...

ਸ਼ਬਦ ਆਪਮੁਹਾਰੇ ਜ਼ੁਬਾਨ ਉੱਤੇ ਆ ਗਿਆ । ਸ਼ਬਦ ਆਪਮੁਹਾਰਾ ਜ਼ਿਹਨ ਵਿੱਚ ਚਲਦਾ ਰਿਹਾ ਪਰ ਟਿਕਾਅ ਜਾਂ ਠਹਿਰਾਅ ਕਿਉਂ ਨਹੀਂ ਸੀ ਆ ਰਿਹਾ... ਨਹੀਂ ਜਾਣਦੀ । ਕਈ ਸਵਾਲਾਂ ਨੇ ਘੇਰਾ ਪਾ ਲਿਆ... ਸਵੇਰੇ ਕੀਤੀ ਅਰਦਾਸ ਵਿੱਚ ਕਿੱਥੇ ਕਮੀ ਰਹਿ ਗਈ ਸੀ ਇਸ ਗੱਲ ਤੋਂ ਵੀ ਅਣਜਾਣ ਸਾਂ... ਪ੍ਰਮਾਤਮਾ ਅੱਗੇ ਬਾਰ ਬਾਰ ਮੰਮੀ ਦੀ ਸਿਹਤਯਾਬੀ ਦੀ ਅਰਦਾਸ ਕਰਦੀ ਰਹੀ। ਅੱਧਾ ਘੰਟਾ ਵੀ ਚਾਰ ਘੰਟਿਆਂ ਵਾਂਗ ਜਾਪ ਰਿਹਾ ਸੀ। ਕਿਵੇਂ ਉੱਡ ਕੇ ਬੱਸ ਅੱਡੇ ਤੇ ਪਹੁੰਚ ਜਾਵਾਂ ...ਬੱਸ ਐਨੀ ਹੌਲੀ ਕਿਉਂ ਚੱਲ ਰਹੀ ਸੀ ਪਤਾ ਨਹੀਂ ਕੀ ਕੀ ਬਾਰ ਬਾਰ ਦਿਮਾਗ਼ ਤੇ ਭਾਰੂ ਹੋ ਰਿਹਾ ਸੀ। 

ਪੜ੍ਹੋ ਇਹ ਖਬਰ ਵੀ– ਸਾਹਿਤਨਾਮਾ : ‘ਮੈਨੂੰ ਪੰਜਾਬੀ ਕਿਉਂ ਚੰਗੀ ਲੱਗਦੀ ਹੈ’ 

ਪੜ੍ਹੋ ਇਹ ਖਬਰ ਵੀ– ਮੀਂਹ, ਝੱਖੜ ਨੇ ਪ੍ਰਭਾਵਿਤ ਕੀਤੀ ਕਣਕ ਦੀ ਵਾਢੀ ਤੇ ਮੰਡੀਕਰਨ ਦੇ ਨਾਲ ਸਾਉਣੀ ਦੀ ਬਿਜਾਈ 

ਅਖੀਰ ਬੱਸ ਫਿਲੌਰ ਅੱਡੇ ਤੇ ਆ ਰੁਕੀ। ਬੱਸ ਤੋਂ ਉੱਤਰ ਕੇ ਆਲੇ ਦੁਆਲੇ ਦੇਖਿਆ ਕੋਈ ਲੈਣ ਨਹੀਂ ਸੀ ਪਹੁੰਚਿਆ, ਦਿਲ ਦੀ ਧੜਕਨ ਹੋਰ ਤੇਜ਼ ਹੋ ਗਈ, ਲੱਤਾ ਵਿੱਚ ਛਿੜੀ ਹੋਈ ਕੰਬਣੀ ਵੀ ਵਧ ਗਈ। ਹੌਸਲਾ ਕਰਕੇ ਰਿਕਸ਼ੇ ਵਾਲੇ ਨੂੰ ਇਸ਼ਾਰਾ ਕੀਤਾ ਅਤੇ ਪਤਾ ਦੱਸ ਕੇ ਰਿਕਸ਼ੇ ਉੱਤੇ ਬੈਠ ਗਈ।

ਘਰ ਵਾਲੀ ਗਲੀ ਵਿੱਚ ਵੜਦਿਆਂ ਕੁਝ ਹਿੰਮਤ ਆਈ ਪਰ ਘਰ ਪਹੁੰਚ ਰਿਕਸ਼ੇ ਵਾਲੇ ਨੂੰ ਪੈਸੇ ਦਿੰਦਿਆਂ ਉੱਚੀ ਉੱਚੀ ਰੋਣ ਦੀਆਂ ਆਵਾਜ਼ਾਂ ਕੰਨੀ ਪਈਆਂ। ਭਾਣਾ ਵਰਤ ਚੁੱਕਾ ਸੀ ਪਰ ਯਕੀਨ ਕਰਨਾ ਮੁਸ਼ਕਲ ਸੀ। ਮੰਮੀ ਨੇ ਜਲਦੀ ਪਹੁੰਚਣ ਲਈ ਕਿਹਾ ਸੀ ਪਰ ਮੈਂ ਤਾਂ ਲੇਟ ਹੋ ਚੁੱਕੀ ਸੀ। ਕੁਝ ਪਲ ਪਹਿਲਾਂ ਹੀ ਮੰਮੀ ਦੀ ਰੂਹ ਉਡਾਰੀ ਮਾਰ ਚੁੱਕੀ ਸੀ। 

ਸ਼ਗਨਾਂ ਦੇ ਪਲ ਸਮੇਂ ਦੇ ਹੇਰ ਫੇਰ 'ਚ ਹੀ ਮਾਤਮ ਵਿੱਚ ਬਦਲ ਚੁੱਕੇ ਸਨ। ਪੌੜੀਆਂ ਚੜ੍ਹਦਿਆਂ ਹੀ ਮੰਮੀ ਦਾ ਰੂਹ ਵਿਹੂਣਾ ਸਰੀਰ ਦੇਖਕੇ ਮੇਰੀ ਧਾਹ ਨਿੱਕਲ ਗਈ .....ਮੇਰਾ ਰੋਣਾ ਰੁਦਨ ਵਿੱਚ ਬਦਲ ਗਿਆ। ਪਰ ਹੁਣ ਸਬਰ ਕੀਤੇ ਬਿਨਾਂ ਕੋਈ ਚਾਰਾ ਨਹੀਂ ਸੀ। ਘਰ ਵਿੱਚ ਵੱਡੀ ਹੋਣ ਕਾਰਨ ਮਜਬੂਤ ਬਣ ਕੇ ਰਹਿਣਾ ਵੀ ਜਰੂਰੀ ਸੀ। ਰਿਸ਼ਤੇਦਾਰਾਂ, ਜਾਣਕਾਰਾਂ ਨੂੰ ਫੋਨ ਕਰਕੇ ਇਸ ਸਭ ਬਾਰੇ ਸੂਚਿਤ ਕੀਤਾ ਤਾਂ ਸਭ ਲਈ ਅਜਿਹੇ ਸਮੇਂ ਅਚਾਨਕ ਵਾਪਰਿਆ ਇਹ ਭਾਣਾ ਹੈਰਾਨ ਕਰਨ ਵਾਲਾ ਸੀ। ਸਭ ਤੋਂ ਵੱਧ ਹੈਰਾਨੀ ਮੇਰੇ ਸਰਦਾਰ ਜੀ ਨੂੰ ਹੋਈ ਜਿਨ੍ਹਾਂ ਨੇ ਅਜੇ ਇਕ ਘੰਟਾ ਪਹਿਲਾਂ ਹੀ ਬੱਸ ਅੱਡੇ ਤੋਂ ਖੁਸ਼ੀ ਖੁਸ਼ੀ ਸ਼ਗਨਾਂ ਦੇ ਕੰਮ ਲਈ ਬੱਸ ਚੜਾਇਆ ਸੀ,ਪਰ ਪ੍ਰਮਾਤਮਾ ਦੇ ਰੰਗਾਂ ਨੂੰ ਤਾਂ ਉਹ ਆਪ ਹੀ ਜਾਣਦਾ ਹੈ। ਖ਼ੈਰ ਸਾਰੇ ਰਿਸ਼ਤੇਦਾਰਾਂ ਦੇ ਪਹੁੰਚਣ ਤੇ ਹੀ ਸੰਸਕਾਰ ਹੋਣਾ ਸੀ। ਸਭ ਤੋਂ ਦੂਰ ਮੇਰੇ ਦਿੱਲੀ ਵਾਲੇ ਮਾਮਾ ਜੀ ਅਤੇ ਕਲਕੱਤੇ ਵਾਲੇ ਮਾਮਾ ਜੀ ਦਾ ਪਰਿਵਾਰ ਸੀ। ਦਿੱਲੀ ਵਾਲੇ ਮਾਮਾ ਜੀ ਨੇ ਹਰ ਹੀਲੇ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਇੱਛਾ ਸਾਂਝੀ ਕੀਤੀ ਅਤੇ ਸੜਕੀ ਰਸਤੇ ਰਾਹੀਂ ਫੋਨ ਸੁਣਦਿਆਂ ਹੀ ਪੰਜਾਬ ਵੱਲ ਚੱਲ ਪਏ। ਬਾਕੀ ਰਿਸ਼ਤੇਦਾਰ ਪਹੁੰਚ ਰਹੇ ਸਨ , ਇਸ ਦੌਰਾਨ ਹੀ ਮੰਮੀ ਦੇ ਰੁਖ਼ਸਤ ਹੋਣ ਬਾਰੇ ਸਰਦਾਰ ਜੀ ਵਲੋਂ ਮੇਰੇ ਕਾਲਜ ਵੀ ਸੂਚਿਤ ਕਰ ਦਿੱਤਾ ਗਿਆ ਸੀ।

ਦੁਪਹਿਰ ਤੱਕ ਮੇਰੇ ਕਾਲਜ ਦੇ ਤਕਰੀਬਨ ਸਾਰੇ ਅਧਿਆਪਕ ਦੋਸਤ ਪਹੁੰਚ ਗਏ ਉਹਨਾਂ ਨੇ ਮੇਰੇ ਨਾਲ ਦੁੱਖ ਸਾਂਝਾ ਕੀਤਾ ਮੈਨੂੰ ਹੌਸਲਾ ਦਿੱਤਾ ਅਤੇ ਸੰਸਕਾਰ ਤਕ ਰੁਕਣ ਦੀ ਆਪਣੀ ਇੱਛਾ ਵੀ ਜ਼ਾਹਿਰ ਕੀਤੀ। ਮਾਮਾ ਜੀ ਦੇ ਨਾ ਪਹੁੰਚ ਸਕਣ ਕਾਰਨ ਸੰਸਕਾਰ ਲੇਟ ਹੋ ਰਿਹਾ ਸੀ ਮੌਸਮ ਪਹਿਲਾਂ ਹੀ ਖ਼ਰਾਬ ਸੀ, ਜਿਸ ਕਾਰਨ ਅਚਾਨਕ ਠੰਡ ਵੱਧ ਗਈ ਸੀ ਅਤੇ ਦੁਪਹਿਰ ਵੇਲੇ ਹੀ ਧੁੰਦ ਵੀ ਪੈ ਗਈ ਸੀ। ਮੇਰੇ ਸਾਰੇ ਸਾਥੀ ਬਹੁਤ ਵੱਖੋ ਵੱਖਰੇ ਇਲਾਕਿਆਂ ਨਾਲ ਸੰਬੰਧਿਤ ਸਨ। ਕੁਝ ਹਿਮਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਵਸਨੀਕ ਸਨ, ਕੁਝ ਨੰਗਲ (ਭਾਖੜਾ ਡੈਮ) ਦੇ, ਕੁਝ ਨਵਾਸ਼ਹਿਰ, ਕੁਝ ਮਾਹਲਪੁਰ , ਹੁਸ਼ਿਆਰਪੁਰ ਅਤੇ ਗੜ੍ਹਸ਼ੰਕਰ ਨਾਲ ਸੰਬੰਧਿਤ ਸਨ। ਪਰ ਅਲਕਾ ਮੈਡਮ ਦੇ ਘਰ ਵਿਆਹ ਦੇ ਸ਼ਗਨ ਹੋ ਰਹੇ ਸਨ ਅਤੇ ਇਕ ਸੰਪੂਰਨ ਬ੍ਹਾਹਮਣਿਕ ਪਰੰਪਰਾਵਾਂ ਨੂੰ ਨਿਭਾਉਣ ਵਾਲੀ ਅਲਕਾ ਨੂੰ ਉਸਦੇ ਪਰਿਵਾਰ ਨੇ ਇਸ ਮਾਤਮ ਵਿੱਚ ਸ਼ਾਮਲ ਹੋਣ ਦੀ ਆਗਿਆ ਬਿਨਾਂ ਕੁਝ ਸੋਚੇ ਸਮਝੇ ਹੀ ਤਾਂ ਦੇ ਦਿੱਤੀ ਸੀ।

ਪੜ੍ਹੋ ਇਹ ਖਬਰ ਵੀ– ਸਿੱਖ ਸਾਹਿਤ ਵਿਸ਼ੇਸ਼ : ਸਤਿਕਾਰਤ ਸਖ਼ਸ਼ੀਅਤ ‘ਭਾਈ ਮਰਦਾਨਾ ਜੀ’

ਪੜ੍ਹੋ ਇਹ ਖਬਰ ਵੀ– ਜਨਮ ਦਿਹਾੜਾ ਵਿਸ਼ੇਸ਼ : ਸਿੱਖ ਕੌਮ ਦੇ ਮਹਾਨ ਜਰਨੈਲ ‘ਜੱਸਾ ਸਿੰਘ ਰਾਮਗੜ੍ਹੀਆ’ 

ਛੋਟੇ ਛੋਟੇ ਭਰਮਾਂ ਨੂੰ ਪਾਲਣ ਵਾਲਿਆਂ ਅਤੇ ਸ਼ੁੱਧੀਆਂ-  ਅਸ਼ੁੱਧੀਆਂ ਦੀਆਂ ਰੀਤਾਂ ਨਿਭਾਉਣ ਵਾਲਿਆਂ ਨੇ ਅੱਜ ਇਸ ਦੁੱਖ ਦੀ ਘੜੀ ਵੇਲੇ ਉਹਨਾਂ ਰੀਤਾਂ ਰਸਮਾਂ ਦੀ ਪਰਵਾਹ ਕੀਤੇ ਬਿਨਾਂ ਆਪਣਾ ਮਨੁੱਖ ਹੋਣ ਦਾ ਫ਼ਰਜ਼ ਹੀ ਤਾਂ ਨਿਭਾਇਆ ਸੀ, ਨਹੀਂ ਤਾਂ ਉਹਨਾਂ ਦੇ ਧਰਮ ਅਤੇ ਸੰਸਕ੍ਰਿਤੀ ਦੇ ਅਨੁਸਾਰ ਤਾਂ ਘਰ ਵਿੱਚ ਪੂਜਾ ਅਤੇ ਮਠਿਆਈਆਂ ਦੀ ਕੜਾਹੀ ਚੜ੍ਹਨ ਤੋਂ ਬਾਅਦ ਅਜਿਹੇ ਸੋਗਮਈ ਮਹੌਲ ਵਿੱਚ ਜਾਣਾ ਗਵਾਰਾ ਨਹੀਂ ਸਮਝਿਆ ਜਾਂਦਾ । ਪਰ ਉਹਨਾਂ ਨੇ ਸੰਸਕਾਰ ਵੇਲੇ ਦੀ ਉਡੀਕ ਕਰਕੇ ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਹੀ ਮੈਨੂੰ ਮਿਲਕੇ ਵਾਪਸੀ ਕੀਤੀ,  ਦਿਨ ਛੋਟੇ ਹੋਣ ਕਾਰਨ ਹਨ੍ਹੇਰਾ ਵੀ ਛੇਤੀ ਹੋ ਗਿਆ।

ਉਹਨਾਂ ਦੇ ਇਲਾਕਿਆਂ ਨੂੰ ਜਾਣ ਵਾਲੀਆਂ ਬੱਸਾਂ ਦੀ ਸੇਵਾ ਵੀ ਨਾਮਾਤਰ ਸੀ ਅਤੇ ਫਿਲੌਰ ਤੋਂ ਨੰਗਲ ਟੁੱਟਵੇਂ ਰੂਟ ਰਾਹੀਂ ਢਾਈ ਤੋਂ ਤਿੰਨ ਘੰਟੇ ਦਾ ਪੈਂਡਾ ਸੀ, ਅੱਗੇ ਹਿਮਾਚਲ ਦੇ ਅਲੱਗ ਅਲੱਗ ਹਿੱਸਿਆਂ ਚ ਪੈਂਦੇ ਕਸਬਿਆਂ ਵਿੱਚ ਪਹੁੰਚਣਾ ਵੀ ਉਸ ਰਾਤ ਉਹਨਾਂ ਲਈ ਕਿੰਨਾ ਔਕੜਾਂ ਭਰਿਆ ਰਿਹਾ ਹੋਵੇਗਾ ਇਹ ਮੈਂ ਸ਼ਿੱਦਤ ਨਾਲ ਮਹਿਸੂਸ ਕਰ ਸਕਦੀ ਹਾਂ। ਕੁਝ ਹਫਤਿਆਂ ਬਾਅਦ ਜਦੋਂ ਉਹਨਾਂ ਨਾਲ ਫੋਨ ਤੇ ਗੱਲ ਕਰਦਿਆਂ ਪੁੱਛਿਆ ਕਿ ਉਸ ਦਿਨ ਕਿਵੇਂ ਅਤੇ ਕਿੰਨੇ ਵਜੇ ਘਰ ਪਹੁੰਚੇ ਤਾਂ ਉਹਨਾਂ ਨੇ ਮੇਰੀ ਤਕਲੀਫ਼ ਵਿੱਚ ਵਾਧਾ ਕਰਨਾ ਜਰੂਰੀ ਨਾ ਸਮਝਿਆ ਬਸ ਇਹੀ ਦੱਸਿਆ ਕਿ ਕੋਈ ਰਾਤ ਨੌਂ ਵਜੇ ਅਤੇ ਕੋਈ ਰਾਤ ਦੱਸ ਵਜੇ ਪਹੁੰਚਿਆ। ਪਰ ਆਪੋ ਆਪਣੇ ਟਿਕਾਣਿਆਂ ਤੇ ਉਹ ਸਭ ਕਿਵੇਂ ਪਹੁੰਚੇ ਹੋਣਗੇ ਮੇਰੇ ਲਈ ਸਦਾ ਇੱਕ ਸਵਾਲ ਬਣਿਆ ਰਿਹਾ।  

PunjabKesari

 ਉਸ ਦਿਨ ਅਲਕਾ ਨਾਲ ਅਤੇ ਮੇਰੀਆਂ ਦੂਜੀਆਂ ਸਾਥਣਾਂ ਨਾਲ ਕੀ ਬੀਤੀ ਹੋਵੇਗੀ ਨਹੀਂ ਜਾਣਦੀ ਪਰ ਇਹ ਜਰੂਰ ਜਾਣਦੀ ਹਾਂ ਕਿ ਜੇਕਰ ਉਹ ਧਰਮ ਅਤੇ ਜਾਤ ਦੇ ਬੰਧਨਾ ਵਿੱਚ ਬੱਝ ਕੇ ਕਿਸੇ ਅਜਿਹੀ ਭਾਵਨਾ ਦਾ ਪ੍ਰਗਟਾਵਾ ਕਰਦੇ ਤਾਂ ਸ਼ਾਇਦ ਮਨੁੱਖਤਾ ਹਾਰ ਜਾਂਦੀ। ਮਨੁੱਖਾਂ ਦੁਆਰਾ ਮਨੁੱਖਤਾ ਦੇ ਵਿਰੁੱਧ ਹੀ ਪੈਦਾ ਕੀਤੀਆਂ ਇਹਨਾਂ ਵਲਗਣਾਂ ਨੂੰ ਰੱਦਣ ਦੀ ਅੱਜ ਵੱਡੀ ਲੋੜ ਹੈ। ਇਹਨਾਂ ਚਾਲਾਂ ਪਿੱਛੇ ਕਾਰਜਸ਼ੀਲ ਸਰਗਰਮ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣਾ ਲਾਜਮੀ ਹੈ।

ਅੱਜ ਵੀ ਫੋਕੀਆਂ ਪਰੰਪਰਾਵਾਂ ਅਤੇ ਫਿਰਕੂ ਸੋਚ ਤੋਂ ਉੱਪਰ ਉੱਠ ਕੇ ਮੇਰੇ ਦੁੱਖ ਦੀ ਘੜੀ ਚ ਸ਼ਰੀਕ ਹੋਣ ਵਾਲੇ ਉਹ ਦੋਸਤ ਅਤੇ ਸਾਥੀ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਸਤਿਕਾਰਤ ਥਾਂ ਰੱਖਦੇ ਹਨ, ਉਹ ਹਿੰਦੂ ਸਨ ਜਾਂ ਸਿੱਖ, ਮੁਸਲਮਾਨ ਸਨ ਜਾਂ ਜੈਨੀ। ਇਸ ਬਾਰੇ ਸੋਚਣਾ ਵੀ ਮੇਰੇ ਲਈ ਗੁਨਾਹ ਕਰਨ ਦੇ ਸਮਾਨ ਹੈ। ਬਸ ਐਨਾ ਜਾਣਦੀ ਹਾਂ ਕਿ ਉਸ ਮੁਸ਼ਕਿਲ ਘੜੀ ਵਿੱਚ ਮੇਰੇ ਨਾਲ ਖਲੋਣ ਵਾਲੇ ਸਨ ਅਤੇ ਉਹਨਾਂ ਦੀ ਜਾਤ ਮਾਨਸ ਕੀ ਜਾਤ ਸੀ ਜਿਸ ਬਾਰੇ ਗੁਰੂ ਸਾਹਿਬ ਨੇ ਵੀ ਲਿਖਿਆ ਹੈ ਕਿ :

ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ ॥

ਜਦੋਂ ਗੁਜਰਾਤ ਵਿੱਚ ਬੈਠੀ ਮਧੂ ਆਪਣੀਆਂ ਪੁਰਾਣੀਆਂ ਯਾਦਾਂ ਦੀ ਸਾਂਝ ਪਾਉਂਦਿਆਂ ਗੁਰਦੁਆਰਾ ਸਾਹਿਬ ਮੇਰੇ ਨਾਲ ਇਕੱਠਿਆਂ ਭਾਂਡਿਆਂ ਦੀ ਸੇਵਾ ਕਰਨ ਬਾਰੇ  ਪਿਛੋਕੜ ਦੀ ਗੱਲ ਤੋਰਦੀ ਹੋਈ ਦੱਸਦੀ ਹੈ ਕਿ ਉਹ ਆਪਣੀ ਧੀ ਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਂਦੀ ਹੈ। ਗੁਰੂਆਂ ਦੇ ਗੁਰਪੁਰਬ ਬਾਰੇ ਦੱਸਦੀ ਹੈ ਤਾਂ ਮੈਨੂੰ ਇਹ ਸੋਚ ਕੇ ਹੈਰਾਨੀ ਅਤੇ ਨਮੋਸ਼ੀ ਹੁੰਦੀ ਹੈ ਕਿ ਮੈਂ ਇਸ ਦੇਸ਼ ਵਿੱਚ ਆਪਣੀ ਧੀ ਨੂੰ ਮੰਦਰ ਲੈ ਕੇ ਜਾਣ ਵਿੱਚ ਸ਼ਰਮ ਮਹਿਸੂਸ ਕਰਦੀ ਹਾਂ। 

ਪਰ ਅਸੀਂ ਵਾਰ ਵਾਰ ਇਨ੍ਹਾਂ ਸ਼ੈਤਾਨੀ ਚਾਲਾਂ ਦਾ ਸ਼ਿਕਾਰ ਹੋ ਕੇ ਉਹਨਾਂ ਦਾ ਹਿੱਸਾ ਬਣਦਿਆਂ ਦੇਰ ਨਹੀਂ ਲਾਉਂਦੇ। ਹੁਣ ਇੱਥੇ ਪਹੁੰਚ ਕੇ ਇਹਨਾਂ ਦੇਸ਼ਾਂ ਵਿੱਚ ਇਕ ਦੂਜੇ ਦੇ ਧਰਮ ਪ੍ਰਤੀ ਨਫ਼ਰਤ ਦਾ ਇਹ ਜ਼ਹਿਰ ਵਧਦਾ ਜਾਂਦਾ ਪ੍ਰਤੀਤ ਹੁੰਦਾ ਹੈ। ਸਗੋਂ ਇਸ ਬਦਬੂ ਦਾ ਅਹਿਸਾਸ ਹੀ ਇੱਥੇ ਆ ਕੇ ਹੁੰਦਾ ਹੈ।  
ਜੇਕਰ ਇਹ ਸਰਕਾਰੀ ਚਾਲਾਂ ਤਹਿਤ ਵਖਰੇਵੇਂ ਵਧਾਉਣ ਦੀਆਂ ਵਿਉਂਤਬੰਦੀਆਂ ਅਧੀਨ ਪੁੱਟੇ ਹੋਏ ਕਦਮ ਹਨ ਤਾਂ ਵੀ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਹਿੰਦੂ ਰਾਸ਼ਟਰ, ਖਾਲਿਸਤਾਨ, ਜ਼ਹਾਦ ਵਰਗੇ ਮੁੱਦਿਆਂ ਨੂੰ ਸ਼ਹਿ ਦੇਣ ਵਾਲਿਆਂ ਨੂੰ ਇਕ ਵਾਰ ਫੇਰ ਇਹ ਅਹਿਸਾਸ ਕਰਵਾਉਣ ਦੀ ਲੋੜ ਹੈ ਕਿ ਭਾਰਤ ਵਿੱਚ ਰਹਿਣ ਵਾਲਿਆਂ ਨੇ ਪੁਰਾਣੇ ਸਮਿਆਂ ਤੋਂ ਹੀ ਇਕ ਦੂਜੇ ਦੇ ਧਰਮ ਅਤੇ ਸੱਭਿਆਚਾਰ ਪ੍ਰਤੀ ਆਦਰ- ਸਤਿਕਾਰ ਅਤੇ ਪਿਆਰ-ਭਾਵਨਾ ਦਾ ਸਬੂਤ ਦਿੱਤਾ ਹੈ। ਕੱਟੜਵਾਦ ਕਿਸੇ ਵੀ ਸਮਾਜ ਵਿੱਚ ਹੋਵੇ ਉਹ ਮਨੁੱਖਤਾ ਦੇ ਲਈ ਹਮੇਸ਼ਾ ਨੁਕਸਾਨਦੇਹ ਰਿਹਾ ਹੈ। ਧਾਰਮਿਕ ਕੱਟੜਤਾ ਨੇ ਹਮੇਸ਼ਾ ਮਨੁੱਖਤਾ ਦੀ ਭਾਵਨਾ ਨੂੰ ਢਾਹ ਲਾਈ ਹੈ। ਜਦਕਿ ਕਿਸੇ ਧਰਮ ਵਿੱਚ ਵੀ ਇਕ ਦੂਜੇ ਪ੍ਰਤੀ ਨਫ਼ਰਤ ਦਾ ਉਪਦੇਸ਼ ਨਹੀਂ ਹੈ, ਉਹ ਭਾਵੇਂ ਹਿੰਦੂ ਹੋਵੇ ਜਾਂ ਸਿੱਖ, ਇਸਲਾਮ ਹੋਵੇ ਜਾਂ ਇਸਾਈ, ਫਿਰ ਪਿਆਰ ਵੰਡਣ ਦੀ ਥਾਂ  ਨਫ਼ਰਤਾਂ ਦਾ ਬੋਲਬਾਲਾ ਕਿਉਂ ? ਜਦੋਂ ਆਪਣਿਆਂ ਲਈ ਖਲੋਣ ਦੀ ਲੋੜ ਹੋਵੇ ਤਾਂ ਸਾਡੇ ਲੋਕ ਕੋਈ ਧਰਮ, ਮਜ਼ਹਬ ਜਾਂ ਜਾਤ ਦੀ ਪਰਵਾਹ ਨਹੀਂ ਕਰਦੇ, ਜੇ ਅੱਜ ਅਸੀਂ ਇਹ ਭੁੱਲ ਚੁੱਕੇ ਹਾਂ ਤਾਂ ਆਪਣੇ ਇਤਿਹਾਸਕ ਪਾਤਰਾਂ ਨੂੰ ਯਾਦ ਜਰੂਰ ਕਰੀਏ ਅਤੇ ਇਸ ਅਹਿਸਾਸ ਸੰਗ ਕਿ:

ਸਭੀ ਕਾ ਖ਼ੂਨ ਸ਼ਾਮਿਲ ਹੈ ਯਹਾਂ ਕੀ ਮਿੱਟੀ ਮੇਂ,
ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ।    -ਰਾਹਤ ਇੰਦੌਰੀ

ਸ਼ਾਲਾ! ਆਪਸੀ ਪਿਆਰ ਮੁਹੱਬਤ ਦੀ ਇਹ ਕੜੀ ਮਜਬੂਤ ਹੋ ਕੇ ਅਜਿਹੀਆਂ ਸ਼ੈਤਾਨੀ ਚਾਲਾਂ ਨੂੰ ਅਸਫਲ ਕਰਦੀ ਰਹੇ।

ਉਸਤਾਦ ਦਾਮਨ ਦੀਆਂ ਇਹਨਾਂ ਸਤਰਾਂ ਨਾਲ ਇਜਾਜ਼ਤ ਚਾਹਾਂਗੀ।

ਜੇ ਕੋਈ ਜਾਹਿਲ ਲੜੇ ਤੇ ਗੱਲ ਕੋਈ ਨਾ,
ਆਲਿਮ ਲੜਨ ਨਾ ਆਪ, ਲੜਾ ਰਹੇ ਨੇ ।
ਛੁਰੀਆਂ ਸਾਡਿਆਂ ਹੱਥਾਂ ਦੇ ਵਿਚ ਦੇ ਕੇ,
ਰਲ ਆਪ ਹਲਵੇ ਮੰਡੇ ਖਾ ਰਹੇ ਨੇ ।

ਸਾਰੇ ਚੱਕਰ ਚਲਾ ਕੇ ਫ਼ਿਰਕਿਆਂ ਦੇ,
ਪਿਆਰੇ ਦੇਸ਼ ਨੂੰ ਲੁੱਟ ਕੇ ਖਾ ਰਹੇ ਨੇ ।
'ਦਾਮਨ' ਇਨ੍ਹਾਂ ਦਾ ਕਰਨਾ ਏਂ ਚਾਕ ਇਕ ਦਿਨ,
ਪੱਗਾਂ ਸਾਡੀਆਂ ਨੂੰ ਹੱਥ ਜੋ ਪਾ ਰਹੇ ਨੇ ।


rajwinder kaur

Content Editor

Related News