ਲੱਖਾਂ ਰੁਪਏ ਕੀਮਤ ਦੀ ਅਫੀਮ, ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ 6 ਗ੍ਰਿਫ਼ਤਾਰ
Saturday, Jul 12, 2025 - 05:55 PM (IST)

ਮੋਗਾ (ਆਜ਼ਾਦ) : ਜ਼ਿਲਾ ਪੁਲਸ ਮੁਖੀ ਅਜੈ ਗਾਂਧੀ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸਿਟੀ ਪੁਲਸ ਨੇ 2 ਕਥਿਤ ਸਮੱਗਲਰਾਂ ਨੂੰ ਲੱਖਾਂ ਰੁਪਏ ਦੀ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਡੀ. ਐੱਸ. ਪੀ. ਸਿਟੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਜਦੋਂ ਥਾਣੇਦਾਰ ਮੰਗਲ ਸਿੰਘ ਅਤੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਪੁਲਸ ਪਾਰਟੀ ਨਾਲ ਪੱਕਾ ਦੋਸਾਂਝ ਰੋਡ ’ਤੇ ਸੈਕਰਡ ਹਾਰਟ ਸਕੂਲ ਮੋਗਾ ਨੇੜੇ ਜਾ ਰਹੇ ਸਨ ਤਾਂ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਮੋਟਰਸਾਈਕਲ ’ਤੇ ਆ ਰਹੇ ਦੋ ਵਿਅਕਤੀਆਂ ਛਿੰਦਰਪਾਲ ਸਿੰਘ ਵਾਸੀ ਪਿੰਡ ਸੰਗਤਪੁਰਾ, ਰਾਜਕਰਨ ਸਿੰਘ ਉਰਫ਼ ਕਰਨ ਵਾਸੀ ਪਿੰਡ ਸਲੀਨਾ ਨੂੰ ਰੋਕਿਆ ਅਤੇ ਤਲਾਸ਼ੀ ਲੈਣ ’ਤੇ ਉਨ੍ਹਾਂ ਤੋਂ 1 ਕਿਲੋ ਅਫ਼ੀਮ ਬਰਾਮਦ ਹੋਈ। ਸਮੱਗਲਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਥਿਤ ਸਮੱਗਲਰਾਂ ਤੋਂ ਪੁੱਛ-ਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਕਤ ਅਫੀਮ ਜਗਤਾਰ ਸਿੰਘ ਉਰਫ਼ ਗੋਰਾ ਵਾਸੀ ਪਿੰਡ ਸੰਗਤਪੁਰਾ, ਜੋ ਕਿ ਮੌਜੂਦਾ ਸਮੇਂ ਮੁਗਲੂ ਪੱਤੀ ਬਾਘਾਪੁਰਾਣਾ ਵਿਖੇ ਰਹਿ ਰਿਹਾ ਹੈ, ਤੋਂ ਖਰੀਦੀ ਸੀ। ਉਕਤ ਮਾਮਲੇ ਵਿਚ ਕਥਿਤ ਸਮੱਗਲਰਾਂ ਤੋਂ ਪੁੱਛ-ਗਿੱਛ ਦੌਰਾਨ ਜਗਤਾਰ ਸਿੰਘ ਉਰਫ਼ ਗੋਰਾ ਨੂੰ ਵੀ ਉਕਤ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ, ਉਸਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਇਸੇ ਤਰ੍ਹਾਂ ਜਦੋਂ ਸਹਾਇਕ ਥਾਣੇਦਾਰ ਮਨਪ੍ਰੀਤ ਕੌਰ ਪੁਲਸ ਪਾਰਟੀ ਨਾਲ ਕੋਟਕਪੂਰਾ ਰੋਡ ਰੇਲਵੇ ਪੁਲ ਨੇੜੇ ਇਲਾਕੇ ਵਿਚ ਗਸ਼ਤ ਕਰ ਰਹੀ ਸੀ, ਤਾਂ ਉਨ੍ਹਾਂ ਨੇ ਗੁਰਤੇਜ ਸਿੰਘ ਉਰਫ਼ ਗੁਰਵਿੰਦਰ ਸਿੰਘ ਵਾਸੀ ਪਿੰਡ ਤੱਖਣਵਧ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 11 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਕਤ ਮਾਮਲੇ ਵਿਚ ਪੁੱਛ-ਗਿੱਛ ਤੋਂ ਬਾਅਦ ਬੇਅੰਤ ਸਿੰਘ ਉਰਫ਼ ਬਿੱਟੂ ਵਾਸੀ ਪਿੰਡ ਕੋਕਰੀ ਫੂਲਾ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਧਰਮਕੋਟ ਥਾਣੇ ਦੇ ਐੱਸ. ਐੱਚ. ਓ. ਭਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਥਾਣੇਦਾਰ ਲਖਵਿੰਦਰ ਸਿੰਘ ਆਪਣੀ ਪੁਲਸ ਪਾਰਟੀ ਨਾਲ ਇਲਾਕੇ ਵਿਚ ਗਸ਼ਤ ਕਰ ਰਹੇ ਸਨ ਤਾਂ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਨੂਰਪੁਰ ਹਕੀਮਾਂ ਦੀ ਰਹਿਣ ਵਾਲੀ ਛਿੰਦੋ ਕੌਰ ਨੂੰ ਗ੍ਰਿਫ਼ਤਾਰ ਕਰ ਕੇ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਅਜੀਤਵਾਲ ਥਾਣੇ ਦੀ ਸਹਾਇਕ ਥਾਣੇਦਾਰ ਵੀਰਪਾਲ ਕੌਰ ਨੇ ਪੁਲਸ ਪਾਰਟੀ ਸਮੇਤ ਦੇਰ ਸ਼ਾਮ ਪਿੰਡ ਤੱਖਣਵਧ ਦੇ ਰਹਿਣ ਵਾਲੇ ਯੁੱਧਵੀਰ ਸਿੰਘ ਯੌਧਾ ਨੂੰ ਗ੍ਰਿਫ਼ਤਾਰ ਕੀਤਾ ਅਤੇ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਕਥਿਤ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।