ਲੰਡਨ : ਪੰਜਾਬਣ ਮਨਜੀਤ ਅਟਵਾਲ ਬਣੀ ਲੈਸਟਰ ਸ਼ਹਿਰ ਦੀ ਥਾਣੇਦਾਰਨੀ
Thursday, Jun 15, 2017 - 06:11 PM (IST)
ਲੰਡਨ (ਰਾਜਵੀਰ ਸਮਰਾ)— ਬਰਤਾਨੀਆ ਦੇ ਸ਼ਹਿਰ ਲੈਸਟਰ ਵਿਚ ਇਕ ਪੰਜਾਬਣ ਪੁਲਸ ਇੰਸਪੈਕਟਰ ਨੂੰ ਸਿਟੀ ਸੈਂਟਰ ਥਾਣੇ ਦੀ ਮੁਖੀ ਨਿਯੁਕਤ ਕੀਤਾ ਗਿਆ ਹੈ।ਇੰਸਪੈਕਟਰ ਮਨਜੀਤ ਅਟਵਾਲ ਨੇ ਬੈਲਗਰੇਵ ਸਥਿਤ ਮੈਨਜਫੀਲਡ ਹਾਊਸ ਪੁਲਸ ਸਟੇਸ਼ਨ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ। ਪਹਿਲਾਂ ਇਸ ਅਹੁਦੇ 'ਤੇ ਇੰਸਪੈਕਟਰ ਸਾਈਮਨ ਪ੍ਰੈਸਟਨ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਸੇਵਾ ਨਿਭਾਅ ਰਹੇ ਸਨ।ਇੰਸਪੈਕਟਰ ਅਟਵਾਲ ਨੇ 1996 ਵਿਚ ਵੈਲਫੋਰਡ ਰੋਡ ਪੁਲਸ ਸਟੇਸ਼ਨ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਹ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾਅ ਚੁਕੀ ਹੈ, ਜਿਨ੍ਹਾਂ 'ਚ ਨੇਬਰਹੁੱਡ ਪੁਲੀਸਿੰਗ ਅਤੇ ਐਮਰਜੈਂਸੀ ਰਿਸਪਾਂਸ ਵੀ ਸ਼ਾਮਲ ਹਨ। ਉਹ ਸ਼ਹਿਰ ਦੀ ਯੂਥ ਅਫੈਡਿੰਗ ਸਰਵਿਸ ਲਈ ਵੀ ਕੰਮ ਕਰ ਚੁੱਕੀ ਹੈ।|ਆਪਣੀ ਨਵੀਂ ਨਿਯੁਕਤੀ ਸਬੰਧੀ ਇੰਸਪੈਕਟਰ ਅਟਵਾਲ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਸ਼ਹਿਰ ਦੇ ਸਿਟੀ ਨੇਬਰਹੁੱਡ ਪੁਲੀਸਿੰਗ ਕਮਾਂਡਰ ਵਜੋਂ ਅਹੁਦਾ ਸੰਭਾਲ ਰਹੀ ਹੈ। ਉਹ ਇਸ ਥਾਣੇ ਦੀ ਬਿਹਤਰ ਟੀਮ ਨਾਲ ਕੰਮ ਕਰਨ ਲਈ ਤੱਤਪਰ ਹੈ। ਇੰਸਪੈਕਟਰ ਪਰੈਸਟਨ, ਜੋ ਕਿ ਹੁਣ ਕੇਅਰਹੈਮ ਲੇਨ ਥਾਣੇ 'ਚ ਕ੍ਰਿਮੀਨਲ ਇਨਵੈਸਟੀਗੇਸ਼ਨ ਦਾ ਨਵਾਂ ਰੋਲ ਸੰਭਾਲ ਰਿਹਾ ਹੈ, ਨੇ ਇੰਸਪੈਕਟਰ ਅਟਵਾਲ ਦੇ ਕੰਮ ਦੀ ਸ਼ਲਾਘਾ ਕਰਦਿਆਂ ਉਸ ਨੂੰ ਨਵੇਂ ਰੋਲ ਲਈ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ ਹਨ।
