ਲੰਡਨ ''ਚ ਸਫਰ ਦੌਰਾਨ ਹਜ਼ਾਰਾਂ ਲੋਕ ਕਰ ਰਹੇ ਹਨ ਫੇਸ ਮਾਸਕ ਪਾਉਣ ਤੋਂ ਇਨਕਾਰ
Thursday, Feb 25, 2021 - 02:02 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) :ਕੋਰੋਨਾ ਵਾਇਰਸ ਤੋਂ ਬਚਾਅ ਕਰਨ ਲਈ ਸਫਰ ਦੌਰਾਨ ਫੇਸ ਮਾਸਕ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ ਪਰ ਅੰਕੜਿਆਂ ਦੇ ਅਨੁਸਾਰ ਰਾਜਧਾਨੀ ਲੰਡਨ ਵਿੱਚ ਹਜ਼ਾਰਾਂ ਲੋਕ ਅਜੇ ਵੀ ਜਨਤਕ ਟ੍ਰਾਂਸਪੋਰਟ 'ਤੇ ਸਫਰ ਕਰਨ ਵੇਲੇ ਮਾਸਕ ਆਦਿ ਨਾਲ ਚਿਹਰੇ ਨੂੰ ਢਕਣ ਤੋਂ ਇਨਕਾਰ ਕਰ ਰਹੇ ਹਨ।
ਇਸ ਮਾਮਲੇ ਬਾਰੇ ਟ੍ਰਾਂਸਪੋਰਟ ਫਾਰ ਲੰਡਨ (ਟੀ ਐਫ ਐਲ) ਦੇ ਅੰਕੜੇ ਦਰਸਾਉਂਦੇ ਹਨ ਕਿ ਹੁਣ ਤੱਕ ਤਕਰੀਬਨ 137,000 ਲੋਕਾਂ ਨੂੰ ਬਿਨਾਂ ਮਾਸਕ ਤੋਂ ਸਫਰ ਕਰਨ ਦੇ ਰੋਕਿਆ ਗਿਆ ਹੈ। ਇਸ ਦੇ ਇਲਾਵਾ 2,100 ਹੋਰ ਲੋਕਾਂ ਨੂੰ ਸੇਵਾਵਾਂ ਤੋਂ ਹਟਾਇਆ ਗਿਆ ਹੈ ਜਦਕਿ ਮਾਸਕ ਸੰਬੰਧੀ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਲਈ ਜੁਰਮਾਨੇ ਦੇ ਨੋਟਿਸ ਜਾਰੀ ਕੀਤੇ ਗਏ ਹਨ। ਯੂਕੇ ਵਿੱਚ ਕੋਰੋਨਾ ਵਾਇਰਸ ਦੇ ਵਾਧੇ ਨਾਲ ਨਜਿੱਠਣ ਲਈ 15 ਜੂਨ ਤੋਂ ਇੰਗਲੈਂਡ ਵਿੱਚ ਜਨਤਕ ਆਵਾਜਾਈ 'ਤੇ ਸਫਰ ਦੌਰਾਨ ਚਿਹਰਾ ਢਕਣਾ ਲਾਜ਼ਮੀ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਦਾ ਇੱਕ ਹੋਰ ਵੱਡਾ ਫ਼ੈਸਲਾ: ਟਰੰਪ ਦੇ ਵੀਜ਼ਾ ਪਾਬੰਦੀ ਹੁਕਮਾਂ ਨੂੰ ਪਲਟਿਆ
ਟੀ ਐਫ ਐਲ ਨੇ ਸ਼ੁਰੂਆਤ ਵਿੱਚ ਇਸ ਦੀ ਪਾਲਣਾ ਨੂੰ ਉਤਸ਼ਾਹਤ ਕਰਨ 'ਤੇ ਧਿਆਨ ਕੇਂਦ੍ਰਤ ਕੀਤਾ ਸੀ ਅਤੇ ਯਾਤਰੀਆਂ ਨੂੰ ਇਹਨਾਂ ਨਿਯਮਾਂ ਨੂੰ ਮੰਨਣ ਦੀ ਤਾਕੀਦ ਦੀ ਕੀਤੀ ਗਈ ਸੀ। ਇਹਨਾਂ ਨਿਯਮਾਂ ਨੂੰ ਤੋੜਨ 'ਤੇ ਲਾਗੂ ਕੀਤੇ ਗਏ ਪੱਕੇ ਜੁਰਮਾਨੇ ਦੇ ਤੌਰ 'ਤੇ ਪਹਿਲੇ ਅਪਰਾਧ ਲਈ 200 ਪੌਂਡ ਦੇ ਨੋਟਿਸ ਜਾਰੀ ਕੀਤੇ ਜਾਂਦੇ ਹਨ ਅਤੇ ਬਾਅਦ ਵਿੱਚ ਦੁਬਾਰਾ ਤੋਂ ਹੋਣ ਵਾਲੇ ਹਰੇਕ ਅਪਰਾਧ ਲਈ ਇਹ ਜੁਰਮਾਨੇ 6,400 ਪੌਂਡ ਤੱਕ ਵਧ ਸਕਦੇ ਹਨ। ਇਸ ਦੇ ਇਲਾਵਾ ਟੀ ਐਫ ਐਲ ਕੋਲ ਨਿਯਮਾਂ ਨੂੰ ਤੋੜਨ ਵਾਲੇ ਫੜੇ ਗਏ ਲੋਕਾਂ ਵਿਰੁੱਧ ਮੁਕੱਦਮਾ ਚਲਾਉਣ ਦਾ ਬਦਲ ਵੀ ਮੌਜੂਦ ਹੈ।