20 ਸਾਲਾ ਨੌਜਵਾਨ ਨੇ ਬੁਲਗਾਰੀਆ ''ਚ ਕਰੀਬ ਪੂਰੀ ਆਬਾਦੀ ਦਾ ਡਾਟਾ ਕੀਤਾ ਹੈਕ

07/22/2019 5:16:48 PM

ਲੰਡਨ (ਬਿਊਰੋ)— ਬੁਲਗਾਰੀਆ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਹੈਕਰ ਨੇ ਬੁਲਗਾਰੀਆ ਦੀ ਲੱਗਭਗ ਪੂਰੀ ਆਬਾਦੀ ਦੇ ਡਾਟਾ ਵਿਚ ਸੰਨ੍ਹ ਲਗਾ ਕੇ ਉੱਥੋਂ ਦੀ ਸਾਈਬਰ ਸੁਰੱਖਿਆ ਪ੍ਰਣਾਲੀ ਨੂੰ ਚੁਣੌਤੀ ਦਿੱਤੀ ਹੈ। 20 ਸਾਲਾ ਹੈਕਰ ਕ੍ਰਿਸਟੀਅਨ ਬਾਏਕੋਵ ਨੇ ਹਾਲ ਹੀ ਵਿਚ ਬੁਲਗਾਰੀਆ ਦੀ 70 ਲੱਖ ਆਬਾਦੀ ਵਿਚੋਂ 50 ਲੱਖ ਤੋਂ ਵੱਧ ਲੋਕਾਂ ਦਾ ਨਿੱਜੀ ਡਾਟਾ ਹੈਕ ਕਰ ਲਿਆ ਸੀ। ਇਸ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਸਾਈਬਰ ਕ੍ਰਾਈਮ ਦੱਸਿਆ ਜਾ ਰਿਹਾ ਹੈ। ਬਾਏਕੋਵ ਨੂੰ ਪਿਛਲੇ ਹਫਤੇ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਕ੍ਰਿਸਟੀਅਨ ਬਾਏਕੋਵ ਦੇ ਘਰੋਂ ਕਈ ਕੰਪਿਊਟਰ ਅਤੇ ਮੋਬਾਈਲ ਬਰਾਮਦ ਕੀਤੇ ਗਏ ਹਨ। ਇਕ ਨਿਊਜ਼ ਰਿਪੋਰਟ ਮੁਤਾਬਕ ਬਾਏਕੋਵ ਨੇ ਗੈਰ ਕਾਨੂੰਨੀ ਤਰੀਕੇ ਨਾਲ ਨੈਸ਼ਨਲ ਰੈਵੀਨਿਊ ਏਜੰਸੀ (ਐੱਨ.ਆਰ.ਏ.) ਤੋਂ ਵੱਡੀ ਮਾਤਰਾ ਵਿਚ ਡਾਟਾ ਡਾਊਨਲੋਡ ਕੀਤਾ। ਐੱਨ.ਆਰ.ਏ. ਦਾ ਕਹਿਣਾ ਹੈ ਕਿ ਬਾਏਕੋਵ ਨੇ ਲੋਕਾਂ ਦੀ ਕਮਾਈ, ਟੈਕਸ ਰਿਟਰਨ ਅਤੇ ਉਨ੍ਹਾਂ ਦਾ ਪਤਾ ਹੈਕ ਕਰ ਲਿਆ ਸੀ। ਸ਼ੁਰੂ ਵਿਚ ਬਾਏਕੋਵ 'ਤੇ ਸਾਈਬਰ ਅਪਰਾਧ ਨਾਲ ਜੁੜੀਆਂ ਗੰਭੀਰ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਬਾਅਦ ਵਿਚ ਕਈ ਦੋਸ਼ ਵਾਪਸ ਲੈ ਲਏ ਗਏ।

ਅਸਲ ਵਿਚ ਬਾਏਕੋਵ ਸਿਕਓਰਿਟੀ ਫਰਮ ਟੀ.ਏ.ਡੀ. ਗਰੁੱਪ ਨਾਲ ਜੁੜਿਆ ਹੈ। ਬਾਏਕੋਵ ਦਾ ਕਹਿਣਾ ਹੈ ਕਿ ਉਹ ਸਿਰਫ ਆਪਣਾ ਫਰਜ਼ ਨਿਭਾ ਰਿਹਾ ਸੀ। ਸਮਰਥਕਾਂ ਦਾ ਕਹਿਣਾ ਹੈ ਕਿ ਬਾਏਕੋਵਟ ਸਿਰਫ ਸਰਕਾਰੀ ਸਿਸਟਮ ਦੀਆਂ ਕਮੀਆਂ ਸਾਹਮਣੇ ਲਿਆਉਣ ਲਈ ਹੀ ਹੈਕਿੰਗ ਕਰਦਾ ਹੈ। ਇਸ ਤੋਂ ਪਹਿਲਾਂ 2017 ਵਿਚ ਉਸ ਨੇ ਇਸੇ ਇਰਾਦੇ ਨਾਲ ਬੁਲਗਾਰੀਆ ਦੇ ਸਿੱਖਿਆ ਮੰਤਰਾਲੇ ਦੀ ਵੈਬਸਾਈਟ ਹੈਕ ਕੀਤੀ ਸੀ। ਬੁਲਗਾਰੀਆ ਦੇ ਪ੍ਰਧਾਨ ਮੰਤਰੀ ਬੋਯਕੋ ਬੋਰੀਸੋਵ ਨੇ ਵੀ ਬਾਏਕੋਵ ਨੂੰ ਹੈਕਿੰਗ ਦਾ ਜਾਦੂਗਰ ਦੱਸਿਆ ਹੈ।


Vandana

Content Editor

Related News