ਲੰਡਨ : ਸਰਕਾਰ ਵੱਲੋਂ ਬਿਨਾਂ ਪਛਾਣ-ਪੱਤਰ ਵੈਕਸੀਨ ਲਾਉਣ ਦੀ ਪੇਸ਼ਕਸ਼, ਚਾਈਨਾ ਟਾਊਨ ’ਚ ਲੋਕਾਂ ਦੀ ਲੱਗੀ ਭੀੜ

Friday, May 28, 2021 - 02:27 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਰਾਜਧਾਨੀ ਲੰਡਨ ’ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੋਰੋਨਾ ਟੀਕਾਕਰਨ ਮਹਿੰਮ ਜਾਰੀ ਹੈ। ਸਰਕਾਰ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਈ ਉਤਸ਼ਾਹਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਵੀਰਵਾਰ ਨੂੰ ਲੰਡਨ ਦੇ ਚਾਈਨਾ ਟਾਊਨ ’ਚ ਇੱਕ ਵਾਕ ਇਨ ਬੱਸ ਰਾਹੀਂ ਬਿਨਾਂ ਕਿਸੇ ਪਛਾਣ ਪੱਤਰ ਦੀ ਮੰਗ ਤੋਂ  ਕੋਰੋਨਾ ਵੈਕਸੀਨ ਦੀ ਪੇਸ਼ਕਸ਼ ਕੀਤੀ ਗਈ। ਇਸ ਟੀਕਾਕਰਨ ਲਈ ਚੀਨੀ ਸੂਚਨਾ ਅਤੇ ਸਲਾਹ ਕੇਂਦਰ ਦੀ ਵੈੱਬਸਾਈਟ (ਸੀ. ਆਈ. ਏ. ਸੀ.) ਦੇ ਇੱਕ ਆਨਲਾਈਨ ਮੈਸੇਜ ’ਚ ਬਿਨਾਂ ਕਿਸੇ ਦਸਤਾਵੇਜ਼ ਦੀ ਜ਼ਰੂਰਤ ਦੇ ਮੁਫਤ ਕੋਵਿਡ ਵੈਕਸੀਨ ਦੀ ਮਸ਼ਹੂਰੀ ਤੋਂ ਬਾਅਦ ਲੰਡਨ ਦੇ ਚਾਈਨਾ ਟਾਊਨ ਦੀਆਂ ਗਲੀਆਂ ’ਚ ਲੋਕਾਂ ਦੀ ਭੀੜ ਇਕੱਠੀ ਹੋ ਗਈ।

ਇਹ ਵਾਕ-ਇਨ ਵੈਕਸੀਨ ਬੱਸ ਦੁਪਹਿਰ 12 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਉਪਲੱਬਧ ਸੀ। ਇਸ ਮੁਹਿੰਮ ’ਚ ਆਪਣੇ ਪਤੇ, ਐੱਨ. ਐੱਚ. ਐੱਸ. ਨੰਬਰ ਜਾਂ ਕਿਸੇ ਹੋਰ ਸਬੂਤ ਦੀ ਜ਼ਰੂਰਤ ਨਹੀਂ ਸੀ, ਜਿਸ ਕਰਕੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵੀ ਵੈਕਸੀਨ ਲਗਵਾਉਣ ਦਾ ਮੌਕਾ ਦਿੱਤਾ ਗਿਆ ਸੀ। ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਣ ਲਈ ਸੀ. ਆਈ. ਏ. ਸੀ. ਨੇ ਇੰਗਲਿਸ਼ ਅਤੇ ਚੀਨੀ ’ਚ ਜਾਣਕਾਰੀ ਦਾ ਇਸ਼ਤਿਹਾਰ ਦਿੱਤਾ ਸੀ। ਪ੍ਰਸ਼ਾਸਨ ਵੱਲੋਂ ਇਹ ਮੁਹਿੰਮ ਭਾਰਤੀ ਕੋਰੋਨਾ ਵਾਇਰਸ ਦੇ ਫੈਲ ਰਹੇ ਰੂਪ ਦੀ ਚਿੰਤਾ ਵਜੋਂ ਸ਼ੁਰੂ ਕੀਤੀ, ਜੋ ਖਾਸ ਕਰਕੇ ਉੱਤਰ-ਪੱਛਮ ਅਤੇ ਲੰਡਨ ’ਚ ਫੈਲਦਾ ਜਾ ਰਿਹਾ ਹੈ। ਰਾਜਧਾਨੀ ਦੇ ਪੰਜ ਖੇਤਰਾਂ ਹਿਲਿੰਗਡਨ, ਬ੍ਰੈਂਟ, ਹੈਰੋ, ਈਲਿੰਗ ਅਤੇ ਹੰਸਲੋ ’ਚ ਵੀ ਵੱਡੇ ਪੱਧਰ ’ਤੇ ਟੈਸਟਿੰਗ ਸ਼ੁਰੂ ਕੀਤੀ ਜਾ ਰਹੀ ਹੈ।

 


Manoj

Content Editor

Related News