ਇਟਲੀ ’ਚ ਲਾਕਡਾਊਨ ਨੇ ਘਰਾਂ ਵਿਚ ਡੱਕ ਕੇ ਨਸ਼ੇੜੀਆਂ ਨੂੰ ਕੀਤਾ ਮਰਨ ਹਾਕੇ
Monday, Apr 06, 2020 - 06:54 PM (IST)
ਰੋਮ (ਕੈਂਥ) - ਇਟਲੀ ਨੂੰ ਕੋਰੋਨਾ ਵਾਇਰਸ ਨੇ ਜਿਸ ਤਰ੍ਹਾਂ ਝੰਬਿਆ ਹੈ ਉਸ ਕਾਰਣ ਇਟਲੀ ਨੂੰ ਪਿਆਰ ਕਰਨ ਵਾਲੀ ਹਰ ਰੂਹ ਕੁਰਲਾ ਉੱਠੀ ਹੈ। ਇਟਲੀ ਸਰਕਾਰ ਵੱਲੋਂ ਲੋਕਾਂ ਦੀ ਜਾਨੀ ਮਾਲੀ ਸੁਰੱਖਿਆ ਕਰਨ ਲਈ 13 ਅਪ੍ਰੈਲ ਤੱਕ ਲਾਕਡਾਊਨ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਦੀ ਉਸ ਕੜੀ ਨੂੰ ਤੋੜਿਆ ਜਾ ਸਕੇ ਜਿਸ ਨਾਲ ਮਹਾਮਾਰੀ ਨੇ ਇਟਲੀ ਦੇ 15887 ਲੋਕਾਂ ਨੂੰ ਜਮਦੂਤ ਬਣ ਦਰਦਨਾਕ ਮੌਤ ਦਿੱਤੀ ਹੈ। ਕੋਰੋਨਾ ਸੰਕਟ ਦੌਰਾਨ ਬੇਸ਼ੱਕ ਕਰੋੜਾਂ ਲੋਕ ਔਖੇ ਹੋ ਕੇ ਵੀ ਇਟਲੀ ਵਿਚ ਸਰਕਾਰੀ ਹੁਕਮਾਂ ਦੀ ਪਾਲਣ ਕਰ ਕੇ ਦੇਸ਼ ਭਗਤੀ ਦਾ ਸਬੂਤ ਦੇ ਰਹੇ ਹਨ। ਉਨ੍ਹਾਂ ਮਜ਼ਦੂਰਾਂ ਨੂੰ ਭੁੱਖ ਹਾਲੋ-ਬੇਹਾਲ ਕਰਦੀ ਹੈ ਜਿਨ੍ਹਾਂ ਕੋਲ ਨਾ ਇਟਲੀ ਦੇ ਪੇਪਰ ਅਤੇ ਨਾ ਹੀ ਖਾਣ ਲਈ ਰੋਟੀ। ਜਦੋਂ ਇਟਲੀ ਵਿਚ ਕੋਰੋਨਾ ਸੰਕਟ ਨਹੀਂ ਸੀ ਉਦੋਂ ਵੀ ਮਸਾਂ ਗੈਰ-ਕਾਨੂੰਨੀ ਕਾਮਿਆਂ ਦਾ ਗੁਜ਼ਾਰਾ ਚਲਦਾ ਸੀ ਪਰ ਹੁਣ ਤਾਂ ਹਾਲਾਤ ਬਦ ਤੋਂ ਬਦਤਰ ਹੋਏ ਪਏ ਹਨ। ਗੈਰ-ਕਾਨੂੰਨੀ ਕਾਮੇ ਹਰ ਰੋਜ਼ ਜਿੱਥੇ ਕੋਰੋਨਾ ਵਾਇਰਸ ਨੂੰ ਰੋਜ਼ਗਾਰ ਬੰਦ ਕਰਨ ਲਈ ਲੱਖਾਂ ਬਦਦੁਆਵਾਂ ਦਿੰਦੇ ਹਨ ਉੱਥੇ ਹੀ ਪ੍ਰਮਾਤਮਾ ਅੱਗੇ ਗੋਡਿਆਂ ਭਾਰ ਹੋ ਅਰਦਾਸਾਂ ਵੀ ਕਰਦੇ ਹਨ ਕਿ ਇਟਲੀ ਦੇ ਹਾਲਾਤ ਜਲਦ ਸੁਧਰ ਜਾਣ ਤਾਂ ਜੋ ਉਹ ਵੀ ਕੋਈ ਸੁੱਖ ਦਾ ਸਾਹ ਲੈ ਸਕਣ ਪਰ ਇਸ ਸਭ ਦੇ ਬਾਵਜੂਦ ਉਹ ਲੋਕ ਬਹੁਤ ਹੀ ਰੋਣ ਹਾਕੇ ਦੇਖੇ ਗਏ ਹਨ ਜਿਹੜੇ ਕਿ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਹਨ ਤੇ ਕੋਰੋਨਾ ਸੰਕਟ ਉਨ੍ਹਾਂ ਲਈ ਜੀਵਨ ਸੰਕਟ ਬਣਦਾ ਜਾ ਰਿਹਾ ਹੈ। ਲਾਕਡਾਊਨ ਨਾਲ ਅਜਿਹੇ ਬਹੁਤ ਨਸ਼ੇੜੀਆਂ ਨੂੰ ਜਾਨ ਦੀ ਬਣੀ ਹੋਈ ਹੈ ਜਿਹੜੇ ਕਿ ਘਰਦਿਆਂ ਤੋਂ ਅੱਖ ਬਚਾ ਕੇ ਸਵੇਰੇ ਹੀ ਨਸ਼ਿਆਂ ਦੇ ਸਰੂਰ ਵਿਚ ਅੱਖਾਂ ਖੋਲ੍ਹਦੇ ਸਨ। ਅਜਿਹੇ ਨੌਜਵਾਨਾਂ ਦੇ ਮਾਪੇ ਵੀ ਡਾਢੇ ਦੁਖੀ ਦੇਖੇ ਜਾ ਰਹੇ ਨੇ, ਜਿਨ੍ਹਾਂ ਨੇ ਕਦੀ ਵੀ ਨਸ਼ਿਆਂ ਕਾਰਨ ਤਬਾਹ ਹੁੰਦੇ ਆਪਣੇ ਜਿਗਰ ਦੇ ਟੋਟਿਆਂ ਦੀ ਕੰਮ ਵਿਚ ਰੁੱਝੇ ਹੋਣ ਕਾਰਣ ਕਦੀ ਸਾਰ ਨਹੀਂ ਲਈ ਅਤੇ ਹੁਣ ਜਦੋਂ ਸਰਕਾਰ ਨੇ ਸਭ ਨੂੰ ਕੋਰੋਨਾ ਵਾਇਰਸ ਕਾਰਣ ਘਰਾਂ ਵਿਚ ਹੀ ਰਹਿਣ ਦੇ ਨਿਰਦੇਸ਼ ਦਿੱਤੇ ਹਨ ਤਾਂ ਬਹੁਤੇ ਇਟਾਲੀਅਨ ਤੇ ਵਿਦੇਸ਼ੀ ਮਾਪਿਆਂ ਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਬੱਚੇ ਪੂਰੀ ਤਰ੍ਹਾਂ ਨਸ਼ੇੜੀ ਬਣ ਚੁੱਕੇ ਹਨ। ਇਟਲੀ ਵਿਚ ਹੋਏ ਲਾਕਡਾਊਨ ਕਾਰਨ ਇਹ ਨਸ਼ੇੜੀ ਬਿਨਾਂ ਕਿਸੇ ਐਂਮਰਜੈਂਸੀ ਘਰੋਂ ਬਾਹਰ ਜਾ ਨਹੀਂ ਸਕਦੇ ਤੇ ਘਰ ਵਿਚ ਨਸ਼ਾ ਇਨ੍ਹਾਂ ਨੂੰ ਮਿਲ ਨਹੀਂ ਰਿਹਾ। ਅਜਿਹੇ ਹਾਲਾਤ ਵਿਚ ਇਹ ਨਸ਼ੇੜੀ ਘਰਦਿਆਂ ਨਾਲ ਲੜਾਈਆਂ ਝਗੜੇ ਕਰ ਰਹੇ ਹਨ ਪਰ ਮਾਪਿਆਂ ਨੂੰ ਕੁਝ ਸਮਝ ਨਹੀਂ ਲੱਗ ਰਹੀ ਕਿ ਉਹ ਕੀ ਕਰਨ। ਨਸ਼ਿਆਂ ਕਾਰਣ ਮਰ ਰਹੇ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਨਸ਼ਾ ਲੈਣ ਜਾਣ ਦੇਣ ਜਾਂ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਘਰ ਵਿਚ ਹੀ ਬੰਦ ਰੱਖਣ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਟਲੀ ਵਿਚ ਕਈ ਭਾਰਤੀ ਨੌਜਵਾਨ ਵੀ ਅਜਿਹੇ ਹਨ ਜਿਹੜੇ ਕਿ ਨਸ਼ੇ ਵੇਚਦੇ ਵੀ ਹਨ ਤੇ ਨਸ਼ਿਆਂ ਨੂੰ ਖਾਂਦੇ ਵੀ ਹਨ। ਕੋਰੋਨਾ ਸੰਕਟ ਨੇ ਅਜਿਹੇ ਲੋਕਾਂ ਲਈ ਵੀ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ ਕਿਉਂਕਿ ਘਰਾਂ ਵਿਚ ਬੰਦ ਹੋਣ ਕਾਰਣ ਨਸ਼ੇੜੀਆਂ ਨੂੰ ਨਸ਼ਿਆਂ ਦੀ ਸਪਲਾਈ ਨਹੀਂ ਮਿਲ ਰਹੀ ਜਿਸ ਕਾਰਣ ਉਨ੍ਹਾਂ ਦੀ ਜਾਨ ਮੂੰਹ ਵਿਚ ਆਈ ਹੋਈ ਹੈ। ਨਸ਼ਿਆਂ ਕਾਰਣ ਟੁੱਟ ਰਿਹਾ ਸਰੀਰ ਉਨ੍ਹਾਂ ਨੂੰ ਪਲ-ਪਲ ਮਰਨ ਲਈ ਮਜਬੂਰ ਕਰ ਰਿਹਾ ਹੈ। ਦੂਜੇ ਪਾਸੇ ਜਿਹੜੇ ਕੁਝ ਭਾਰਤੀ ਨਸ਼ਾ ਵੇਚਦੇ ਹਨ ਉਹ ਵੀ ਘਰਾਂ ਵਿਚ ਬੰਦ ਹਨ ਅਤੇ ਉਨ੍ਹਾਂ ਦੀ ਆਮਦਨ ਦਾ ਸਾਧਨ ਖੁੱਸਣ ਕਾਰਨ ਭੁੱਖ ਅਤੇ ਨਸ਼ੇ ਦੀ ਥੋੜ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਵੀ ਵੱਡਾ ਸੰਕਟ ਲੱਗ ਰਿਹਾ ਹੈ।