ਟੋਰਾਂਟੋ ਦੇ ਡਾਕਟਰਾਂ ਨੇ ''ਥੈਂਕਸਗਿਵਿੰਗ ਡਿਨਰ'' ਮੌਕੇ ਸਾਵਧਾਨੀ ਵਰਤਣ ਦੀ ਦਿੱਤੀ ਸਲਾਹ

10/06/2020 5:03:44 PM

ਟੋਰਾਂਟੋ- ਟੋਰਾਂਟੋ ਦੇ ਉੱਚ ਡਾਕਟਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਥੈਂਕਸਗਿਵਿੰਗ ਪਾਰਟੀ ਵਿਚ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਸੱਦਣ, ਜਿਨ੍ਹਾਂ ਨਾਲ ਉਹ ਰਹਿ ਰਹੇ ਹਨ ਕਿਉਂਕਿ ਜੇਕਰ ਉਹ ਆਪਣੇ ਦੂਰ ਰਹਿਣ ਵਾਲੇ ਦੋਸਤਾਂ-ਮਿੱਤਰਾਂ ਨੂੰ ਇਕੱਠੇ ਕਰਕੇ ਪਾਰਟੀਆਂ ਕਰਨਗੇ ਤਾਂ ਉਹ ਕੋਰੋਨਾ ਦੇ ਸ਼ਿਕਾਰ ਹੋ ਸਕਦੇ ਹਨ।

ਮੈਡੀਕਲ ਅਧਿਕਾਰੀ ਡਾਕਟਰ ਐਲੀਨ ਡੀ ਵਿਲਾ ਨੇ ਸੋਮਵਾਰ ਦੁਪਹਿਰ ਸਮੇਂ ਲੋਕਾਂ ਨੂੰ ਇਹ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਲੋਕ ਆਪਣੇ ਪਿਆਰਿਆਂ ਨੂੰ ਇਸ ਥੈਂਕਸਿਗਿਵਿੰਗ ਦਿਵਸ ਮੌਕੇ ਖਾਸ ਪਾਰਟੀਆਂ ਦੇਣ ਦੇ ਆਦੀ ਰਹੇ ਹਨ ਤੇ ਇਸ ਵਾਰ ਵੀ ਅਜਿਹਾ ਹੀ ਕਰਨਾ ਚਾਹੁੰਦੇ ਹਨ।  ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਵੱਡੀ ਪਾਰਟੀ ਦੀ ਤਿਆਰੀ ਨਾ ਕਰਨ ਤੇ ਪਰਿਵਾਰਕ ਮੈਂਬਰ ਹੀ ਮਿਲ ਕੇ ਇਸ ਵਾਰ ਜਸ਼ਨ ਮਨਾ ਲੈਣ। ਟੋਰਾਂਟੋ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਜੋ ਕਿ ਵੱਡੀ ਚਿੰਤਾ ਹਨ। 

ਓਂਟਾਰੀਓ ਸੂਬੇ ਦੇ ਮੁੱਖ ਮੰਤਰੀ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪਾਰਟੀਆਂ ਵਿਚ ਜਾਣ ਤੋਂ ਬਚਣ ਕਿਉਂਕਿ ਸਭ ਤੋਂ ਵੱਝ ਖਤਰਾ ਪਾਰਟੀਆਂ ਹੀ ਪੈਦਾ ਕਰ ਰਹੀਆਂ ਹਨ। ਇਸ ਦੇ ਨਾਲ ਹੀ ਬੱਚਿਆਂ ਤੇ ਬਜ਼ੁਰਗਾਂ ਦਾ ਇਸ ਦੌਰਾਨ ਵਧੇਰੇ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦਿਨ ਦਾ ਬਹੁਤ ਇੰਤਜ਼ਾਰ ਰਹਿੰਦਾ ਹੈ ਪਰ ਇਸ ਵਾਰ ਇਸ ਦਾ ਜਸ਼ਨ ਫਿੱਕਾ ਰਹਿਣ ਵਾਲਾ ਹੈ। 


Lalita Mam

Content Editor

Related News