ਟਰੂਡੋ ਸਰਕਾਰ ਦੇ ਕਾਰਜਕਾਲ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਹੁਣ ਸੁਧਾਰ ਦੀ ਉਮੀਦ ਘੱਟ

Wednesday, Oct 16, 2024 - 10:21 AM (IST)

ਜਲੰਧਰ (ਸੂਰਜ ਠਾਕੁਰ): ਕੈਨੇਡਾ ਹੁਣ ਅਧਿਕਾਰਤ ਤੌਰ ’ਤੇ ਪਾਕਿਸਤਾਨ ਤੋਂ ਬਾਅਦ ਦੂਜਾ ਦੇਸ਼ ਬਣ ਗਿਆ ਹੈ, ਜੋ ਭਾਰਤ ਵਿਰੋਧੀ ਸਰਗਮੀਆਂ ਨੂੰ ਅੰਜਾਮ ਦੇਣ ਲਈ ਲੋੜੀਂਦੇ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ। ਖਾਲਿਸਤਾਨੀ ਅੱਤਵਾਦੀ ਹਰਦੀਪ ਨਿੱਝਰ ਦੀ ਹੱਤਿਆ ਤੋਂ ਬਾਅਦ ਪੈਦਾ ਹੋਏ ਵਿਵਾਦ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਇੰਨੀ ਕੁੜੱਤਣ ਪੈਦਾ ਕਰ ਦਿੱਤੀ ਹੈ ਕਿ ਜਸਟਿਨ ਟਰੂਡੋ ਸਰਕਾਰ ਦੇ ਕਾਰਜਕਾਲ ਦੌਰਾਨ ਤਣਾਅਪੂਰਨ ਸਬੰਧਾਂ ’ਚ ਸੁਧਾਰ ਦੀ ਉਮੀਦ ਘੱਟ ਹੀ ਰਹਿ ਗਈ ਹੈ। ਇਸ ਮਾਮਲੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ’ਚ ਅਕਤੂਬਰ 2025 ’ਚ ਹੋਣ ਵਾਲੀਆਂ ਆਮ ਚੋਣਾਂ ’ਚ ਟਰੂਡੋ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਜਾਂਦਾ ਹੈ ਤਾਂ ਹੀ ਦੋਵਾਂ ਦੇਸ਼ਾਂ ਵਿਚਾਲੇ ਚੰਗੇ ਸਬੰਧ ਸ਼ੁਰੂ ਹੋ ਸਕਦੇ ਹਨ।

ਇਹ ਵੀ ਪੜ੍ਹੋ: ਕੈਨੇਡਾ ਦੇ ਪੱਖ 'ਚ ਅਮਰੀਕਾ ਦਾ ਬਿਆਨ, ਨਿੱਝਰ ਮਾਮਲੇ ਦੀ ਜਾਂਚ 'ਚ ਭਾਰਤ ਨਹੀਂ ਕਰ ਰਿਹਾ ਸਹਿਯੋਗ

ਕੀ ਹੈ ਕੈਨੇਡਾ ਤੇ ਪਾਕਿਸਤਾਨ ’ਚ ਸਮਾਨਤਾ!

ਪਾਕਿਸਤਾਨ ਆਪਣੇ ਵੋਟਰਾਂ ਨੂੰ ਲੁਭਾਉਣ ਲਈ ਕਸ਼ਮੀਰ ਨੂੰ ਸਿਆਸੀ ਮੁੱਦੇ ਵਜੋਂ ਵਰਤ ਰਿਹਾ ਹੈ। ਪਾਕਿਸਤਾਨੀਆਂ ਨੂੰ ਖੁਸ਼ ਕਰਨ ਲਈ ਇਹ ਜੰਮੂ-ਕਸ਼ਮੀਰ ’ਚ ‘ਵੱਖਵਾਦੀ ਅੱਗ’ ਨੂੰ ਭੜਕਾਉਂਦਾ ਰਹਿੰਦਾ ਹੈ, ਜਦ ਕਿ ਅਸਲੀਅਤ ਇਹ ਹੈ ਕਿ ਇਸ ਦੀ ਅਰਥ ਵਿਵਸਥਾ ਢਹਿ-ਢੇਰੀ ਹੋ ਗਈ ਹੈ ਅਤੇ ਇਹ ਜ਼ਿਆਦਾਤਰ ਸਮਾਜਿਕ-ਆਰਥਿਕ ਮਾਪਦੰਡਾਂ ’ਚ ਪਛੜ ਗਿਆ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੀ ਵੀ ਅਜਿਹੀ ਹੀ ਮਜਬੂਰੀ ਹੈ। ਟਰੂਡੋ ਖਾਲਿਸਤਾਨੀ ਸਮਰਥਕਾਂ ਦਾ ਵੋਟ ਬੈਂਕ ਹਾਸਲ ਕਰਨ ਲਈ ਖਾਲਿਸਤਾਨੀ ਅਨਸਰਾਂ ਨੂੰ ਭਾਰਤ ਵਿਰੋਧੀ ਸਰਗਰਮੀਆਂ ਕਰਨ ਦੀ ਖੁੱਲ੍ਹ ਦੇ ਰਿਹਾ ਹੈ। ਕੈਨੇਡਾ 2025 ’ਚ ਆਮ ਚੋਣਾਂ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ। ਟਰੂਡੋ ਨਿਊ ਡੈਮੋਕ੍ਰੈਟਿਕ ਪਾਰਟੀ (ਐੱਨ.ਡੀ.ਪੀ.) ਦੀ ਮਦਦ ਨਾਲ ਗੱਠਜੋੜ ਸਰਕਾਰ ਚਲਾ ਰਹੇ ਹਨ। ਐੱਨ.ਡੀ.ਪੀ. ਦੀ ਅਗਵਾਈ ਖਾਲਿਸਤਾਨੀ ਜਗਮੀਤ ਸਿੰਘ ਕਰ ਰਹੇ ਹਨ।

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਕਈ ਵਾਰ ਕਹਿ ਚੁੱਕੇ ਹਨ ਕਿ ਜਸਟਿਨ ਟਰੂਡੋ ਵੋਟ ਬੈਂਕ ਦੀ ਰਾਜਨੀਤੀ ਕਾਰਨ ਖਾਲਿਸਤਾਨੀ ਅਨਸਰਾਂ ਨੂੰ ਛੋਟ ਦੇ ਰਹੇ ਹਨ। ਭਾਰਤ ਨੇ ਇਕ ਵਾਰ ਫਿਰ ਟਰੂਡੋ ਸਰਕਾਰ ’ਤੇ ਵੋਟ ਬੈਂਕ ਦੀ ਰਾਜਨੀਤੀ ਦੇ ਹਿੱਸੇ ਵਜੋਂ ਦੇਸ਼ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਹੈ।

ਇਹ ਵੀ ਪੜ੍ਹੋ: ਸਹਿਯੋਗੀ ਦੇਸ਼ਾਂ ਨਾਲ ਸਾਂਝੀ ਕੀਤੀ ਗਈ ਕੈਨੇਡੀਅਨ ਨਾਗਰਿਕ ਦੇ ਕਤਲ ਸਬੰਧੀ ਜਾਣਕਾਰੀ : ਟਰੂਡੋ

ਦੋਸ਼ਾਂ ਦਾ ਕੋਈ ਸਬੂਤ ਨਹੀਂ ਦੇ ਰਿਹੈ ਕੈਨੇਡਾ

ਮੋਦੀ ਸਰਕਾਰ ਨੂੰ ਹੁਣ ਕੈਨੇਡਾ ਦੀ ਟਰੂਡੋ ਸਰਕਾਰ ’ਚ ਪਾਕਿਸਤਾਨੀ ਲੱਛਣ ਨਜ਼ਰ ਆ ਰਹੇ ਹਨ, ਜਿਸ ਕਾਰਨ ਸੋਮਵਾਰ ਨੂੰ ਭਾਰਤੀ ਰਾਜਦੂਤ ਨੂੰ ਵਾਪਸ ਬੁਲਾ ਕੇ ਅਤੇ ਕੈਨੇਡਾ ਦੇ ਰਾਜਦੂਤਾਂ ਨੂੰ ਦੇਸ਼ ’ਚੋਂ ਕੱਢ ਕੇ ਮੋਦੀ ਸਰਕਾਰ ਨੇ ਕੈਨੇਡਾ ਨੂੰ ਵੀ ਪਾਕਿਸਤਾਨ ਦੀ ਸ਼੍ਰੇਣੀ ਵਿਚ ਲਿਆ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਭਾਰਤ-ਕੈਨੇਡਾ ਸਬੰਧਾਂ ’ਚ ਪਿਛਲੇ ਸਾਲ ਸਤੰਬਰ ਉਦੋਂ ਕੁੜਤਣ ਆ ਗਈ ਸੀ ਜਦੋਂ ਟਰੂਡੋ ਸਰਕਾਰ ਨੇ ਦੋਸ਼ ਲਾਇਆ ਸੀ ਕਿ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਸਰਕਾਰ ਦੀ ਭੂਮਿਕਾ ਹੈ। ਹਾਲਾਂਕਿ ਕੈਨੇਡਾ ਇਨ੍ਹਾਂ ਦੋਸ਼ਾਂ ਦਾ ਕੋਈ ਠੋਸ ਸਬੂਤ ਨਹੀਂ ਦੇ ਸਕਿਆ ਹੈ। ਜੂਨ 2023 ’ਚ ਕੈਨੇਡਾ ਦੇ ਸਰੀ ’ਚ ਇਕ ਗੁਰਦੁਆਰੇ ਦੀ ਪਾਰਕਿੰਗ ’ਚ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ: ਪਾਕਿਸਤਾਨ ਅਤੇ ਚੀਨ ਨੇ ਕਈ ਸਮਝੌਤਿਆਂ 'ਤੇ ਕੀਤੇ ਦਸਤਖ਼ਤ, ਗਵਾਦਰ ਹਵਾਈ ਅੱਡੇ ਦਾ ਕੀਤਾ ਉਦਘਾਟਨ

ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ’ਤੇ ਖਾਲਿਸਤਾਨੀਆਂ ਦੀ ਚਾਪਲੂਸੀ

ਕੈਨੇਡਾ ’ਤੇ ਪਹਿਲਾਂ ਹੀ ਲੋੜੀਂਦੇ ਅੱਤਵਾਦੀਆਂ ਨੂੰ ਪਨਾਹ ਦੇਣ, ਬੇਲੋੜੇ ਦੋਸ਼ਾਂ ਦੀ ਖੇਡ ਖੇਡਣ ਅਤੇ ਖਤਰਨਾਕ ਵੋਟ ਬੈਂਕ ਦੀ ਰਾਜਨੀਤੀ ਕਰਨ ਦੇ ਦੋਸ਼ ਲੱਗ ਚੁੱਕੇ ਹਨ। ਭਾਰਤ ਲੰਬੇ ਸਮੇਂ ਤੋਂ ਜਸਟਿਨ ਟਰੂਡੋ ਸਰਕਾਰ ’ਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ’ਤੇ ਖਾਲਿਸਤਾਨੀਆਂ ਦੀ ਚਾਪਲੂਸੀ ਕਰਨ ਦਾ ਦੋਸ਼ ਲਾਉਂਦਾ ਰਿਹਾ ਹੈ ਕਿਉਂਕਿ ਖਾਲਿਸਤਾਨੀ ਵੱਖਵਾਦੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀਆਂ ਝਾਕੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇੰਨਾ ਹੀ ਨਹੀਂ ਕੈਨੇਡਾ ’ਚ ਖਾਲਿਸਤਾਨੀਆਂ ਵੱਲੋਂ ਭਾਰਤੀ ਮੂਲ ਦੇ ਲੋਕਾਂ ਅਤੇ ਪੱਤਰਕਾਰਾਂ ’ਤੇ ਹਮਲਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਟਰੂਡੋ ਸਰਕਾਰ ਨੇ ਇਨ੍ਹਾਂ ਸਾਰੀਆਂ ਘਟਨਾਵਾਂ ਬਾਰੇ ਚੁੱਪ ਧਾਰੀ ਹੋਈ ਸੀ ਅਤੇ ਭਾਰਤ ਸੰਯਮ ਵਰਤ ਰਿਹਾ ਸੀ। ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ’ਤੇ ਖਾਲਿਸਤਾਨੀ ਅੱਤਵਾਦੀ ਨਿੱਝਰ ਦੇ ਕਤਲ ਦਾ ਦੋਸ਼ ਲੱਗਣ ਤੋਂ ਬਾਅਦ ਭਾਰਤ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਕੈਨੇਡਾ ਨੂੰ ਵੱਡੀ ਕਾਰਵਾਈ ਵਜੋਂ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਵੱਖਵਾਦੀ ਪੰਨੂ ਮਾਮਲਾ: ਭਾਰਤੀ ਜਾਂਚ ਕਮੇਟੀ ਅੱਜ ਜਾਵੇਗੀ ਅਮਰੀਕਾ

ਕੈਨੇਡਾ ’ਚ 9 ਖਾਲਿਸਤਾਨੀ ਅੱਤਵਾਦੀ ਗਰੁੱਪਾਂ ਦੇ ਟਿਕਾਣੇ

ਪਿਛਲੇ ਸਾਲ ਸਤੰਬਰ ’ਚ ਭਾਰਤੀ ਅਧਿਕਾਰੀਆਂ ਦੇ ਹਵਾਲੇ ਨਾਲ ਇਕ ਰਿਪੋਰਟ ’ਚ ਕਿਹਾ ਗਿਆ ਸੀ ਕਿ ਕੈਨੇਡਾ ’ਚ ਘੱਟੋ-ਘੱਟ 9 ਖਾਲਿਸਤਾਨੀ ਅੱਤਵਾਦੀ ਗਰੁੱਪਾਂ ਦੇ ਟਿਕਾਣੇ ਹਨ, ਜਦ ਕਿ ਭਾਰਤ ਵੱਲੋਂ ਦੇਸ਼ ਨਿਕਾਲੇ ਜਾਣ ਦੀਆਂ ਕਈ ਬੇਨਤੀਆਂ ਦੇ ਬਾਵਜੂਦ ਕੈਨੇਡਾ ਨੇ ਘਿਨਾਉਣੇ ਅਪਰਾਧਾਂ ’ਚ ਸ਼ਾਮਲ ਲੋਕਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ। ਇਨ੍ਹਾਂ ਦੋਸ਼ੀਆਂ ’ਚ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਾਤਲ ਅਤੇ ਜੇਲ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਗੋਲਡੀ ਬਰਾੜ ਵੀ ਸ਼ਾਮਲ ਹੈ।

ਵਰਲਡ ਸਿੱਖ ਆਰਗੇਨਾਈਜ਼ੇਸ਼ਨ, ਖਾਲਿਸਤਾਨ ਟਾਈਗਰ ਫੋਰਸ, ਸਿੱਖਸ ਫਾਰ ਜਸਟਿਸ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਵਰਗੀਆਂ ਕੱਟੜਪੰਥੀ ਜਥੇਬੰਦੀਆਂ ਵੀ ਕੈਨੇਡਾ ਦੀ ਧਰਤੀ ਤੋਂ ਖੁੱਲ੍ਹ ਕੇ ਕੰਮ ਕਰ ਰਹੀਆਂ ਹਨ। ਰਿਪੋਰਟ ’ਚ ਕਿਹਾ ਗਿਆ ਸੀ ਕਿ ਅੱਤਵਾਦੀ ਸਰਗਰਮੀਆਂ ’ਚ ਸ਼ਾਮਲ 8 ਲੋਕਾਂ ਅਤੇ ਪਾਕਿਸਤਾਨ ਦੀ ਬਦਨਾਮ ਖੁਫੀਆ ਏਜੰਸੀ ਆਈ.ਐੱਸ.ਆਈ. ਨਾਲ ਕੰਮ ਕਰ ਰਹੇ ਕਈ ਗੈਂਗਸਟਰਾਂ ਨੂੰ ਕੈਨੇਡਾ ਨੇ ਪਨਾਹ ਦਿੱਤੀ ਹੋਈ ਹੈ।

ਇਹ ਵੀ ਪੜ੍ਹੋ: SCO Summit 2024: ਇਸਲਾਮਾਬਾਦ ਪੁੱਜੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ

ਹਰ ਸਾਲ ਲਗਭਗ 6 ਬਿਲੀਅਨ ਡਾਲਰ ਦਾ ਕਾਰੋਬਾਰ

ਭਾਰਤ ਨੇ ਆਪਣੀ ਆਜ਼ਾਦੀ ਤੋਂ ਬਾਅਦ 1947 ਤੋਂ ਕੈਨੇਡਾ ਨਾਲ ਕੂਟਨੀਤਕ ਸਬੰਧ ਸਥਾਪਿਤ ਕੀਤੇ ਸਨ। ਭਾਰਤ ਅਤੇ ਕੈਨੇਡਾ ਦੇ ਲੋਕਤੰਤਰ, ਮਨੁੱਖੀ ਅਧਿਕਾਰਾਂ, ਕਾਨੂੰਨ ਦੇ ਸ਼ਾਸਨ ਅਤੇ ਬਹੁਲਵਾਦ ਦੇ ਸਾਂਝੇ ਸਿਧਾਂਤਾਂ ’ਤੇ ਆਧਾਰਿਤ ਲੰਬੇ ਸਮੇਂ ਤੋਂ ਦੁਵੱਲੇ ਸਬੰਧ ਰਹੇ ਹਨ। ਦੋਵਾਂ ਦੇਸ਼ਾਂ ਦਰਮਿਆਨ ਦੁਵੱਲਾ ਵਪਾਰ ਲਗਭਗ 6 ਬਿਲੀਅਨ ਡਾਲਰ ਦਾ ਸੀ। ਕੈਨੇਡਾ ’ਚ ਭਾਰਤੀ ਨਿਵੇਸ਼ ਦਾ ਮੁੱਲ 4 ਬਿਲੀਅਨ ਡਾਲਰ ਤੋਂ ਵੱਧ ਦੱਸਿਆ ਜਾਂਦਾ ਹੈ। ਇਨਵੈਸਟ ਇੰਡੀਆ ਅਨੁਸਾਰ, ਅਪ੍ਰੈਲ 2000 ਤੋਂ ਮਾਰਚ 2023 ਤੱਕ ਲਗਭਗ 3,306 ਮਿਲੀਅਨ ਡਾਲਰ ਦੇ ਕੁੱਲ ਨਿਵੇਸ਼ ਨਾਲ ਕੈਨੇਡਾ ਭਾਰਤ ’ਚ 18ਵਾਂ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਹੈ। 9 ਸਤੰਬਰ, 2024 ਤੱਕ ਕੈਨੇਡਾ ਤੋਂ ਭਾਰਤੀ ਦਰਾਮਦ ’ਚ 12.60 ਫੀਸਦੀ ਦਾ ਵਾਧਾ ਹੋਇਆ ਹੈ, ਜਦ ਕਿ ਇਸੇ ਮਿਆਦ ’ਚ ਭਾਰਤ ਦੀ ਬਰਾਮਦ ’ਚ 3.5 ਫੀਸਦੀ ਦੀ ਗਿਰਾਵਟ ਆਈ ਹੈ।

ਇਕ ਮੀਡੀਆ ਰਿਪੋਰਟ ਅਨੁਸਾਰ 1,000 ਤੋਂ ਵੱਧ ਕੈਨੇਡੀਅਨ ਕੰਪਨੀਆਂ ਭਾਰਤੀ ਬਾਜ਼ਾਰ ’ਚ ਸਰਗਰਮੀ ਨਾਲ ਕਾਰੋਬਾਰ ਕਰ ਰਹੀਆਂ ਹਨ। ਦੋਵੇਂ ਦੇਸ਼ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀ.ਈ.ਪੀ.ਏ.) ਲਈ ਤਕਨੀਕੀ ਗੱਲਬਾਤ ’ਚ ਵੀ ਸ਼ਾਮਲ ਹਨ, ਜਿਨ੍ਹਾਂ ’ਚ ਵਸਤੂਆਂ ਅਤੇ ਸੇਵਾਵਾਂ ’ਚ ਵਪਾਰ, ਨਿਵੇਸ਼ ਅਤੇ ਵਪਾਰ ਦੀ ਸਹੂਲਤ ਵਰਗੇ ਵਿਸ਼ੇ ਸ਼ਾਮਲ ਹਨ।

ਇਹ ਵੀ ਪੜ੍ਹੋ: ਨਾਰਵੇ ਦੀ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ ਨੂੰ 93 ਮਿਲੀਅਨ ਡਾਲਰ ਦੇਣ ਦਾ ਕੀਤਾ ਐਲਾਨ

ਕੈਨੇਡਾ ਨਾਲ ਭਾਰਤ ਦੇ ਕੂਟਨੀਤਕ ਸਬੰਧ ਪਾਕਿਸਤਾਨ ਤੋਂ ਵੀ ਮਾੜੇ

14 ਅਕਤੂਬਰ ਨੂੰ ਕੈਨੇਡਾ ਨੇ ਨਿੱਝਰ ਦੇ ਕਤਲ ਦੀ ਜਾਂਚ ’ਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੂੰ ‘ਦਿਲਚਸਪੀ ਵਾਲਾ ਵਿਅਕਤੀ’ ਦੱਸ ਕੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਹੋਰ ਤਣਾਅਪੂਰਨ ਕਰ ਲਿਆ। ਭਾਰਤ ਵੱਲੋਂ ਰਾਜਦੂਤ ਨੂੰ ਵਾਪਸ ਬੁਲਾਉਣ ਅਤੇ 6 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ’ਤੇ ਵਿਲਸਨ ਸੈਂਟਰ ਥਿੰਕ ਟੈਂਕ ਦੇ ਸਾਊਥ ਏਸ਼ੀਆ ਇੰਸਟੀਚਿਊਟ ਦੇ ਡਾਇਰੈਕਟਰ ਮਾਈਕਲ ਕੁਗਲਮੈਨ ਨੇ ਐਕਸ ’ਤੇ ਲਿਖਿਆ ਕਿ ਭਾਰਤੀ ਵਿਦੇਸ਼ ਮੰਤਰਾਲੇ ਦਾ ਬਿਆਨ ਬਿਲਕੁਲ ਤਿੱਖਾ ਹੈ। ਇਹ ਖਾਲਿਸਤਾਨ ਦੇ ਮੁੱਦੇ ’ਤੇ ਕੈਨੇਡਾ ਪ੍ਰਤੀ ਨਵੀਂ ਦਿੱਲੀ ਦੇ ਗੁੱਸੇ ਦੀ ਪੂਰੀ ਤਾਕਤ ਦਾ ਪ੍ਰਗਟਾਵਾ ਕਰਦਾ ਹੈ। ਉਨ੍ਹਾਂ ਲਿਖਿਆ ਕਿ ਕੋਈ ਇਹ ਦਲੀਲ ਦੇ ਸਕਦਾ ਹੈ ਕਿ ਭਾਰਤ ਦੇ ਇਸ ਸਮੇਂ ਕੈਨੇਡਾ ਨਾਲ ਪਾਕਿਸਤਾਨ ਨਾਲੋਂ ਵੀ ਮਾੜੇ ਕੂਟਨੀਤਕ ਸਬੰਧ ਹਨ।

ਕੈਨੇਡਾ ਦੀ ਕੁੱਲ ਆਬਾਦੀ ’ਚ 3 ਫੀਸਦੀ ਭਾਰਤੀ

ਇਕ ਰਿਪੋਰਟ ਅਨੁਸਾਰ ਕੈਨੇਡਾ ਦੁਨੀਆ ’ਚ ਸਭ ਤੋਂ ਵੱਡੇ ਭਾਰਤੀ ਪ੍ਰਵਾਸੀਆਂ ਦੀ ਆਬਾਦੀ ’ਚੋਂ ਇਕ ਦੀ ਮੇਜ਼ਬਾਨੀ ਕਰਦਾ ਹੈ। ਕੈਨੇਡਾ ’ਚ ਲਗਭਗ 16 ਲੱਖ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ। ਉਹ ਕੈਨੇਡਾ ਦੀ ਕੁੱਲ ਆਬਾਦੀ ’ਚ 3 ਫੀਸਦੀ ਤੋਂ ਵੱਧ ਦੀ ਹਿੱਸੇਦਾਰੀ ਰੱਖਦੇ ਹਨ ਅਤੇ ਇਨ੍ਹਾਂ ’ਚੋਂ 7 ਲੱਖ ਗੈਰ-ਨਿਵਾਸੀ ਭਾਰਤੀ (ਐੱਨ.ਆਰ.ਆਈ.) ਹਨ। ਖੇਤਰ ’ਚ ਭਾਰਤ ਦੇ ਵਧ ਰਹੇ ਆਰਥਿਕ ਅਤੇ ਜਨਸੰਖਿਆ ਦੇ ਮਹੱਤਵ ਨੂੰ ਦੇਖਦੇ ਹੋਏ ਅਤੇ ਕੈਨੇਡੀਅਨ ਅਰਥਵਿਵਸਥਾ ’ਚ ਵਿਭਿੰਨਤਾ ਲਿਆਉਣ ਲਈ ਭਾਰਤ ਕੈਨੇਡਾ ਦੀ ਇੰਡੋ-ਪੈਸੀਫਿਕ ਰਣਨੀਤੀ ’ਚ ਮਹੱਤਵਪੂਰਨ ਮੌਜੂਦਗੀ ਰੱਖਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News