ਲਿਓਨਾਰਡੋ ਡਿਕੈਪ੍ਰੀਓ ਨੇ ਦਿੱਲੀ ''ਚ ਵੱਧਦੇ ਪ੍ਰਦੂਸ਼ਣ ''ਤੇ ਜਤਾਈ ਚਿੰਤਾ

11/19/2019 6:47:50 PM

ਲਾਸ ਏਂਜਲਸ (ਭਾਸ਼ਾ)- ਹਾਲੀਵੁੱਡ ਸਟਾਰ ਲਿਓਨਾਰਡੋ ਡਿਕੈਪ੍ਰੀਓ ਨੇ ਇੰਸਟਾਗ੍ਰਾਮ ਵਿਚ ਇਕ-ਇਕ ਪੋਸਟ ਰਾਹੀਂ ਭਾਰਤ ਦੀ ਰਾਜਧਾਨੀ ਵਿਚ ਹਵਾ ਪ੍ਰਦੂਸ਼ਣ ਦੇ ਵੱਧਦੇ ਪੱਧਰ 'ਤੇ ਚਿੰਤਾ ਜਤਾਈ ਹੈ। ਵਾਤਾਵਰਣ ਨੂੰ ਲੈ ਕੇ ਪ੍ਰਸਿੱਧ 45 ਸਾਲਾ ਅਭਿਨੇਤਾ ਨੇ ਦਿੱਲੀ ਵਿਚ ਪ੍ਰਦੂਸ਼ਣ ਖਿਲਾਫ ਇੰਡੀਆ ਗੇਟ 'ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਇਸ ਸਬੰਧੀ ਚਿੰਤਾ ਜ਼ਾਹਿਰ ਕੀਤੀ। ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਨਵੀਂ ਦਿੱਲੀ ਵਿਚ ਇੰਡੀਆ ਗੇਟ 'ਤੇ 1500 ਤੋਂ ਜ਼ਿਆਦਾ ਨਾਗਰਿਕ ਇਕੱਠੇ ਹੋਏ ਅਤੇ ਸ਼ਹਿਰ ਵਿਚ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਦੇ ਖਿਲਾਫ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ।

ਉਨ੍ਹਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਮੁਤਾਬਕ ਭਾਰਤ ਵਿਚ ਹਰ ਸਾਲ ਹਵਾ ਪ੍ਰਦੂਸ਼ਣ ਵਿਚ ਲਗਭਗ 15 ਲੱਖ ਲੋਕਾਂ ਦੀ ਜਾਨ ਜਾਂਦੀ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਭਾਰਤ ਵਿਚ ਹਵਾ ਪ੍ਰਦੂਸ਼ਣ ਲੋਕਾਂ ਦੀ ਮੌਤ ਦੇ ਪੰਜ ਵੱਡੇ ਕਾਰਨਾਂ ਵਿਚੋਂ ਇਕ ਹੈ। ਪੋਸਟ ਮੁਤਾਬਕ ਪ੍ਰਦਰਸ਼ਨ ਵਿਚ ਹਰ ਉਮਰ ਵਰਗ ਦੇ ਲੋਕ ਸ਼ਾਮਲ ਹੋਏ। ਉਨ੍ਹਾਂ ਨੇ ਲਿਖਿਆ ਕਿ ਕਈ ਵਾਅਦਿਆਂ ਦੇ ਬਾਵਜੂਦ ਹਵਾ ਅਜੇ ਵੀ ਅਸੁਰੱਖਿਅਤ ਹੈ ਅਤੇ ਹਵਾ ਪ੍ਰਦੂਸ਼ਣ ਦੇ ਸੁਰੱਖਿਅਤ ਪੱਧਰ ਤੱਕ ਪਹੁੰਚਣ ਤੱਕ ਕਾਰਕੁੰਨ ਦਬਾਅ ਬਣਾਉਣ ਜਾਰੀ ਰੱਖਣਗੇ। ਡਿਕੈਪ੍ਰੀਓ ਪਹਿਲਾਂ ਵੀ ਭਾਰਤ ਸਬੰਧੀ ਵਾਤਾਵਰਣ ਦੇ ਮੁੱਦਿਆਂ 'ਤੇ ਚਿੰਤਾ ਜ਼ਾਹਿਰ ਕਰ ਚੁੱਕੇ ਹਨ। ਉਨ੍ਹਾਂ ਨੇ ਜੂਨ ਵਿਚ ਤਾਮਿਲਨਾਡੂ ਵਿਚ ਜਲ ਸੰਕਟ ਅਤੇ ਦਿੱਲੀ ਦੇ ਗਾਜ਼ੀਪੁਰ ਵਿਚ 65 ਮੀਟਰ ਉੱਚੇ ਕੂੜੇ ਦੇ ਢੇਰ ਨਾਲ ਸਬੰਧਿਤ ਵੀ ਪੋਸਟਾਂ ਕੀਤੀਆਂ ਸਨ।


Sunny Mehra

Content Editor

Related News