ਕਲਤੂਰਾ ਸਿੱਖ ਇਟਲੀ ਵੱਲੋਂ ਨਵੇਂ ਸਾਲ 2026 ਦਾ ਕਲੰਡਰ ਇਟਲੀ ਦੀਆਂ ਸੰਗਤਾਂ ਦੇ ਸਨਮੁੱਖ
Tuesday, Dec 02, 2025 - 05:20 PM (IST)
ਬਰੇਸ਼ੀਆ (ਦਲਵੀਰ ਸਿੰਘ ਕੈਂਥ) - ਇਟਲੀ ਦੀ ਸਿਰਮੌਰ ਸਿੱਖ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਆਪਣਾ 9ਵਾਂ ਸਿੱਖੀ ਦੀਆਂ ਬਾਤਾਂ ਪਾਉਂਦਾ ਨਵੇਂ ਸਾਲ 2026 ਦਾ ਕਲੰਡਰ, ਇਸ ਸਾਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਗੁਰੂ ਸਾਹਿਬ ਨਾਲ ਸ਼ਹੀਦ ਹੋਏ ਤਿੰਨ ਸਿੱਖਾਂ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ।

ਇਹ ਕੈਲੰਡਰ ਇਲਾਕੇ ਵੱਖ-ਵੱਖ ਗੁਰਦੁਆਰਾ ਸਾਹਿਬ, ਜਿਹਨਾਂ ਵਿੱਚ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੈਰੋ (ਬਰੇਸ਼ੀਆ) ,ਗੁਰਦੁਆਰਾ ਸਾਹਿਬ ਸਿੰਘ ਸਭਾ ਪਾਰਮਾ ,ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕਮੋ (ਬਰੇਸ਼ੀਆ),ਗੁਰਦੁਆਰਾ ਸਾਹਿਬ ਚਾਰ ਸਾਹਿਬਜ਼ਾਦੇ ਕਸਲਪੋਸਤਰਲੇਨਗੋ(ਲੋਧੀ),ਗੁਰਦੁਆਰਾ ਸਾਹਿਬ ਸ੍ਰੀ ਗੁਰੂ ਕਲਗੀਧਰ ਸਾਹਿਬ ਸੰਨਜਵਾਨੀ (ਕਰੇਮੋਨਾ)ਤੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਕਲਗੀਧਰ ਸਾਹਿਬ ਕਸਤਲਈਉਨੇ (ਮਾਨਤੋਵਾ)ਆਦਿ ਸ਼ਾਮਿਲ ਹਨ, ਵਿਖੇ ਸੰਗਤਾਂ ਦੇ ਸਨਮੁੱਖ ਕੀਤਾ ਗਿਆ ਅਤੇ ਹੋਰ ਵੀ ਕਈ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ। ਇਹ ਕੈਲੰਡਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਬਾਬਾ ਲੱਖੀ ਸ਼ਾਹ ਵਣਜਾਰਾ ਅਤੇ ਬਾਬਾ ਜੀਵਨ ਸਿੰਘ ਜੀ ਦੀਆਂ ਤਸਵੀਰਾਂ ਲਗਾ ਕੇ ਪ੍ਰਕਾਸ਼ਤ ਕੀਤਾ ਗਿਆ।

ਕਲਤੂਰਾ ਸਿੱਖ ਇਟਲੀ ਅਤੇ ਨੌਜਵਾਨ ਸਭਾ ਬਾਬਾ ਮੱਖਣ ਸ਼ਾਹ ਲੁਬਾਣਾ ਇਟਲੀ ਸੰਸਥਾ, ਸਿੱਖੀ ਦੇ ਬੂਟੇ ਨੂੰ ਆਪਣੀ ਸ਼ਹਾਦਤ ਨਾਲ ਸਿੰਜਣ ਵਾਲੇ ਸਮੂਹ ਸ਼ਹੀਦਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਦਿੰਦੀ ਹੈ ਅਤੇ ਚੱਲ ਰਹੇ ਸ਼ਹੀਦ ਭਾਈ ਮਨੀ ਸਿੰਘ ਜੀ ਗੁਰਮਤਿ ਵਿਦਿਆਲਾ ਰਾਹੀਂ ਸਿੱਖੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਹਿੱਤ ਇਟਲੀ ਦੇ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਮਹਾਨ ਸਿੱਖ ਧਰਮ ਦੀ ਵਿਸਥਾਰਪੂਰਵਕ ਜਾਣਕਾਰੀ ਮੁੱਹਈਆਂ ਕਰਵਾ ਰਹੀ ਹੈ। ਇਹਨਾਂ ਸ਼ਲਾਘਾਯੋਗ ਕਾਰਜਾਂ ਲਈ ਇਟਲੀ ਦੀਆਂ ਸਿੱਖ ਸੰਗਤਾਂ ਵੱਲੋਂ ਕਲਤੂਰਾ ਸਿੱਖ ਇਟਲੀ ਨੂੰ ਵਿਸ਼ੇਸ਼ ਵਧਾਈ ਤੇ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।
