ਜਰਮਨੀ ''ਚ ਪਾਰਟੀ ਕਰ ਰਹੇ ਲੋਕਾਂ ''ਤੇ ਚਾਕੂ ਨਾਲ ਹਮਲਾ, 3 ਦੀ ਮੌਤ

Saturday, Aug 24, 2024 - 04:21 AM (IST)

ਜਰਮਨੀ ''ਚ ਪਾਰਟੀ ਕਰ ਰਹੇ ਲੋਕਾਂ ''ਤੇ ਚਾਕੂ ਨਾਲ ਹਮਲਾ, 3 ਦੀ ਮੌਤ

ਇੰਟਰਨੈਸ਼ਨਲ ਡੈਸਕ - ਜਰਮਨੀ ਦੇ ਸੋਲਿੰਗੇਨ 'ਚ ਸ਼ੁੱਕਰਵਾਰ ਨੂੰ ਇਕ ਸਮਾਗਮ ਦੌਰਾਨ ਅਣਪਛਾਤੇ ਹਮਲਾਵਰ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਵਿਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਰਾਇਟਰਜ਼ ਦੇ ਅਨੁਸਾਰ, ਹਮਲਾ ਸ਼ੁੱਕਰਵਾਰ ਰਾਤ ਨੂੰ ਸੋਲਿੰਗੇਨ ਦੀ 650ਵੀਂ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਪਾਰਟੀ ਦੌਰਾਨ ਹੋਇਆ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

ਦੂਜੇ ਪਾਸੇ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਲਈ ਕਿਹਾ। ਇਸ ਦੇ ਨਾਲ ਹੀ ਪੁਲਸ ਨੇ ਅਣਪਛਾਤੇ ਹਮਲਾਵਰ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਸ ਨੇ ਜ਼ਖਮੀਆਂ ਦੀ ਹਾਲਤ ਬਾਰੇ ਫਿਲਹਾਲ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੋਲਿੰਗੇਨ ਦੀ ਆਬਾਦੀ 160,000 ਹੈ ਅਤੇ ਇਹ ਜਰਮਨੀ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ, ਕੋਲੋਨ ਅਤੇ ਡੁਸਲਡੋਰਫ ਦੇ ਨੇੜੇ ਸਥਿਤ ਹੈ।

ਇਹ ਘਟਨਾ ਸ਼ਹਿਰ ਦੇ ਮੱਧ ਵਿਚ ਫਰਾਉਨਹੌਫ ਨਾਂ ਦੇ ਇਕ ਬਾਜ਼ਾਰ ਵਿਚ ਵਾਪਰੀ, ਜਿੱਥੇ ਲਾਈਵ ਸੰਗੀਤ ਲਈ ਇਕ ਸਟੇਜ ਬਣਾਇਆ ਗਿਆ ਸੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਪਾਰਟੀ ਦੇ ਸਹਿ-ਸੰਗਠਕਾਂ ਵਿੱਚੋਂ ਇੱਕ ਫਿਲਿਪ ਮੂਲਰ ਨੇ ਦੱਸਿਆ ਕਿ ਹਮਲੇ ਵਿੱਚ 9 ਲੋਕ ਜ਼ਖ਼ਮੀ ਹੋਏ ਹਨ, ਜੋ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਪ੍ਰੋਗਰਾਮ ਨੂੰ ਅਸਥਾਈ ਤੌਰ 'ਤੇ ਮੁਲਤਵੀ ਕਰ ਦਿੱਤਾ ਗਿਆ ਸੀ। ਪੁਲਸ ਨੇ ਕਾਮਬਿੰਗ ਲਈ ਪੂਰੇ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਹੈ ਅਤੇ ਅਲਰਟ ਜਾਰੀ ਕਰ ਦਿੱਤਾ ਹੈ।


author

Inder Prajapati

Content Editor

Related News