ਸੂਡਾਨ : ਤੇਲ ਖੇਤਰ ’ਤੇ ਡਰੋਨ ਹਮਲਾ, ਦਰਜਨਾਂ ਲੋਕਾਂ ਦੀ ਮੌਤ
Thursday, Dec 11, 2025 - 01:32 PM (IST)
ਜੁਬਾ (ਏ.ਪੀ.)- ਸੂਡਾਨ ਦੀਆਂ ਹਥਿਆਰਬੰਦ ਫੌਜਾਂ ਵੱਲੋਂ ਮੰਗਲਵਾਰ ਸ਼ਾਮ ਨੂੰ ਦੇਸ਼ ਦੀ ਸਭ ਤੋਂ ਵੱਡੀ ਤੇਲ ਪ੍ਰੋਸੈਸਿੰਗ ਯੂਨਿਟ ਕੋਲ ਕੀਤੇ ਗਏ ਡਰੋਨ ਹਮਲੇ ’ਚ ਦਰਜਨਾਂ ਲੋਕਾਂ ਦੀ ਮੌਤ ਹੋ ਗਈ। ‘ਰੈਪਿਡ ਸਪੋਰਟ ਫੋਰਸਿਜ਼ (ਆਰ. ਐੱਸ. ਐੱਫ.) ਨੇ ਇਹ ਜਾਣਕਾਰੀ ਦਿੱਤੀ। 2023 ਤੋਂ ਸੂਡਾਨ ਦੀ ਫੌਜ ਨਾਲ ਲੜ ਰਹੀ ਆਰ. ਐੱਸ. ਐੱਫ. ਨੇ ਦੱਸਿਆ ਕਿ ਦੱਖਣੀ ਸੂਡਾਨ ਦੀ ਸਰਹੱਦ ਨੇੜੇ ਹੇਗਲਿਗ ਤੇਲ ਖੇਤਰ ’ਤੇ ਕਬਜ਼ਾ ਕਰਨ ਤੋਂ ਇਕ ਦਿਨ ਬਾਅਦ ਇਹ ਹਮਲਾ ਹੋਇਆ।
ਦੋਵਾਂ ਧਿਰਾਂ ਨੇ ‘ਐਸੋਸੀਏਟਿਡ ਪ੍ਰੈੱਸ’ ਨੂੰ ਦੱਸਿਆ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਸਹੀ ਗਿਣਤੀ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ ਜਾ ਸਕਦੀ।ਸਥਾਨਕ ਸਮਾਚਾਰ ਸੰਗਠਨਾਂ ਨੇ ਦੱਸਿਆ ਕਿ 7 ਕਬਾਇਲੀ ਨੇਤਾ ਅਤੇ ਆਰ. ਐੱਸ. ਐੱਫ. ਦੇ ‘ਦਰਜਨਾਂ’ ਲੜਾਕੇ ਮਾਰੇ ਗਏ ਹਨ। ਆਰ. ਐੱਸ. ਐੱਫ. ਦੇ ਅਨੁਸਾਰ, ਤੁਰਕੀ ਵੱਲੋਂ ਬਣਾਏ ਗਏ ਅਕਿਨਸੀ ਡਰੋਨ ਹਮਲੇ ’ਚ ਮਾਰੇ ਗਏ ਲੋਕਾਂ ’ਚ ਦੱਖਣੀ ਸੂਡਾਨੀ ਫੌਜੀ ਵੀ ਸ਼ਾਮਲ ਸਨ।
