ਆਸਟ੍ਰੇਲੀਆ 'ਚ ਵੱਖਵਾਦੀਆਂ ਅਤੇ ਤਿਰੰਗੇ ਲੈ ਕੇ ਪਹੁੰਚੇ ਪ੍ਰਵਾਸੀ ਭਾਰਤੀਆਂ ਵਿਚਾਲੇ ਹੱਥੋਪਾਈ, 2 ਗ੍ਰਿਫ਼ਤਾਰ (ਵੀਡੀਓ)
Monday, Jan 30, 2023 - 10:23 AM (IST)
ਮੈਲਬੌਰਨ (ਇੰਟ.)- ਆਸਟ੍ਰੇਲੀਆ ਦੇ ਮੈਲਬੌਰਨ ਵਿਚ ‘ਆਜ਼ਾਦ ਸਿੱਖ ਦੇਸ਼’ ਲਈ ਐਤਵਾਰ ਨੂੰ ਰੈਫਰੈਂਡਮ ਕਰਵਾਇਆ ਗਿਆ, ਜਿੱਥੇ ਭਾਰਤ ਸਮਰਥਕਾਂ ਅਤੇ ਵੱਖਵਾਦੀ ਸਿੱਖਾਂ ਵਿਚਾਲੇ ਹੱਥੋਪਾਈ ਹੋ ਗਈ।ਹਜ਼ਾਰਾਂ ਸਿੱਖ ਵੋਟ ਪਾਉਣ ਲਈ ਜਦੋਂ ਫੈੱਡਰੇਸ਼ਨ ਸਕੁਏਅਰ ’ਤੇ ਇਕੱਠੇ ਹੋਏ ਤਾਂ ਸ਼ਾਮ 4:30 ਵਜੇ ਭਾਰਤ ਦਾ ਰਾਸ਼ਟਰੀ ਝੰਡਾ ‘ਤਿਰੰਗਾ’ ਲਹਿਰਾਉਂਦੇ ਹੋਏ ਭਾਰਤ ਸਮਰਥਕਾਂ ਦਾ ਇਕ ਸਮੂਹ ਉੱਥੇ ਪਹੁੰਚ ਗਿਆ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾਏ। ਇਸ ਤੋਂ ਬਾਅਦ ਵੋਟ ਪਾਉਣ ਆਏ ਕੁਝ ਸਿੱਖਾਂ ਦੀ ਉਨ੍ਹਾਂ ਨਾਲ ਹੱਥੋਪਾਈ ਹੋ ਗਈ। ਮੌਕੇ ’ਤੇ ਮੌਜੂਦ ਪੁਲਸ ਨੇ ਦੋਵਾਂ ਧਿਰਾਂ ਦੇ 5 ਲੋਕਾਂ ’ਤੇ ਕਾਲੀ ਮਿਰਚ ਸਪ੍ਰੇਅ ਕਰ ਕੇ ਉਨ੍ਹਾਂ ਨੂੰ ਵੱਖ ਕੀਤਾ ਅਤੇ ਦੋ ਨੂੰ ਹੱਥਕੜੀ ਲਾ ਕੇ ਆਪਣੇ ਨਾਲ ਲੈ ਗਈ।
ਪੁਲਸ ਨੇ ਇਕ ਬਿਆਨ ’ਚ ਕਿਹਾ ਕਿ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਵੀ ਦੁਪਹਿਰ 12:45 ਵਜੇ ਹੱਥੋਪਾਈ ਹੋਈ ਸੀ। ਪੁਲਸ ਨੇ ਉਸ ਤੋਂ ਬਾਅਦ ਇਕ 34 ਸਾਲਾ ਅਤੇ ਇਕ 39 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਹੰਗਾਮਾ ਕਰਨ ਲਈ ਜੁਰਮਾਨੇ ਦਾ ਨੋਟਿਸ ਜਾਰੀ ਕੀਤਾ। ਝੜਪ ’ਚ ਦੋ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਇਕ ਦੇ ਸਿਰ ’ਤੇ ਅਤੇ ਦੂਜੇ ਦੇ ਹੱਥ ’ਤੇ ਸੱਟ ਲੱਗੀ ਹੈ।ਐਤਵਾਰ ਨੂੰ ਇਕੱਠੇ ਹੋਏ ਬਹੁਤ ਸਾਰੇ ਸਿੱਖਾਂ ਨੇ ਕਿਹਾ ਕਿ 1947 ’ਚ ਦੇਸ਼ ਦੀ ਵੰਡ ਤੋਂ ਬਾਅਦ ਭਾਰਤ ’ਚ ਉਨ੍ਹਾਂ ਦੇ ਧਰਮ ਦਾ ਸਨਮਾਨ ਨਹੀਂ ਕੀਤਾ ਜਾਂਦਾ ਅਤੇ ਪੰਜਾਬ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੰਡ ਦਿੱਤਾ ਗਿਆ ਸੀ। ਮੈਲਬੌਰਨ ਦੇ ਦੱਖਣ-ਪੂਰਬੀ ਉਪਨਗਰ ਦੇ ਜਸਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਆਜ਼ਾਦ ਸਿੱਖ ਦੇਸ਼ ਐਲਾਨਿਆ ਜਾਂਦਾ ਹੈ ਤਾਂ ਉਹ ਅਤੇ ਉਨ੍ਹਾਂ ਦਾ ਪਰਿਵਾਰ ਤੁਰੰਤ ਅਤੇ ਪੱਕੇ ਤੌਰ ’ਤੇ ਭਾਰਤ ਪਰਤ ਜਾਣਗੇ।ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਸਟ੍ਰੇਲੀਆ ਵਿੱਚ ਖਾਲਿਸਤਾਨੀ ਸਮਰਥਕਾਂ ਵੱਲੋਂ ਭਾਰਤ ਵਿਰੋਧੀ ਗਤੀਵਿਧੀਆਂ ਦੀ ਨਿੰਦਾ ਕੀਤੀ ਹੈ।
I strongly condemn anti India activities by pro Khalistani in Australia. Anti-social elements that are trying to disrupt the peace & harmony of the country with these activities, must be dealt with strongly and culprits must be brought to books.@ANI pic.twitter.com/xMMxNTQscc
— Manjinder Singh Sirsa (@mssirsa) January 29, 2023
ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਅਮਰੀਕਾ ਸਬੰਧ ਓਨੇ ਮਜ਼ਬੂਤ ਨਹੀਂ ਹਨ, ਜਿੰਨੇ ਹੋਣੇ ਚਾਹੀਦੇ : ਅਮਰੀਕੀ ਕਾਂਗਰਸਮੈਨ ਥਾਣੇਦਾਰ
ਵੱਖਵਾਦੀਆਂ ਦੀ ਭਾਰਤ ਵਿਰੋਧੀ ਮੁਹਿੰਮ ਤੇਜ਼, ਮੰਦਰ ਨਿਸ਼ਾਨੇ ’ਤੇ
ਆਸਟ੍ਰੇਲੀਆ ’ਚ ਹਾਲ ਹੀ ’ਚ ਸਥਾਨਕ ਵੱਖਵਾਦੀਆਂ ਨੇ ਆਪਣੀ ਭਾਰਤ ਵਿਰੋਧੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਪਿਛਲੇ ਇਕ ਪੰਦਰਵਾੜੇ ਦੌਰਾਨ ਮੈਲਬੌਰਨ ਦੇ ਹਿੰਦੂ ਮੰਦਰਾਂ ਦੀਆਂ ਕੰਧਾਂ ’ਤੇ ਖਾਲਿਸਤਾਨੀ ਅਤੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ। ਇਨ੍ਹਾਂ ਹਰਕਤਾਂ ਨਾਲ ਆਸਟ੍ਰੇਲੀਆ ਦੇ ਵੱਡੇ ਅਤੇ ਵਧਦੇ ਪ੍ਰਵਾਸੀ ਭਾਰਤੀਆਂ ’ਚ ਤਣਾਅ ਵਧ ਗਿਆ ਹੈ।ਐਲਬਰਟ ਪਾਰਕ ਸਥਿਤ ਇਸਕੋਨ ਹਰੇ ਕ੍ਰਿਸ਼ਨਾ ਮੰਦਰ, ਜੋ ਮੈਲਬੌਰਨ ਦੇ ਭਗਤੀ ਯੋਗ ਅੰਦੋਲਨ ਦੇ ਕੇਂਦਰ ਵਜੋਂ ਕੰਮ ਕਰਦਾ ਹੈ, ਦੇ ਮੰਦਰ ਪ੍ਰਬੰਧਨ ਨੇ ਬੀਤੇ ਸੋਮਵਾਰ ਨੂੰ ਦੇਖਿਆ ਕਿ ਸਾਹਮਣੇ ਵਾਲੀ ਕੰਧ ’ਤੇ ‘ਹਿੰਦੁਸਤਾਨ ਮੁਰਦਾਬਾਦ’ ਅਤੇ ‘ਖਾਲਿਸਤਾਨ ਜ਼ਿੰਦਾਬਾਦ’ ਲਿਖਿਆ ਹੋਇਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।