ਟਰੂਡੋ ਦੇ 'ਖਾਲਿਸਤਾਨੀ ਪਿਆਰ' ਕਾਰਨ ਕੈਨੇਡਾ 'ਚ ਹਿੰਦੂਆਂ 'ਤੇ ਮੰਡਰਾ ਰਿਹਾ ਖਤਰਾ : ਚੰਦਰ ਆਰਿਆ
Thursday, Oct 17, 2024 - 07:58 PM (IST)
ਇੰਟਰਨੈਸ਼ਨਲ ਡੈਸਕ : ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰਿਆ ਨੇ ਹਾਲ ਹੀ 'ਚ ਕੈਨੇਡਾ 'ਚ ਖਾਲਿਸਤਾਨੀ ਕੱਟੜਪੰਥ ਅਤੇ ਹਿੰਦੂ ਭਾਈਚਾਰੇ 'ਤੇ ਇਸ ਦੇ ਪ੍ਰਭਾਵ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਆਪਣਾ ਤਜਰਬਾ ਸਾਂਝਾ ਕਰਦੇ ਹੋਏ ਆਰਿਆ ਨੇ ਕਿਹਾ ਕਿ ਉਸ ਨੇ ਸੁਰੱਖਿਆ ਬਲਾਂ ਦੀ ਸੁਰੱਖਿਆ ਹੇਠ ਐਡਮਿੰਟਨ 'ਚ ਇੱਕ ਹਿੰਦੂ ਸਮਾਗਮ 'ਚ ਹਿੱਸਾ ਲੈਣਾ ਸੀ। ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਕਾਰਨ ਉਹ ਆਰਸੀਐੱਮਪੀ (ਰਾਇਲ ਕੈਨੇਡੀਅਨ ਮਾਉਂਟਿਡ ਪੁਲਸ) ਦੇ ਅਧਿਕਾਰੀਆਂ ਦੀ ਸੁਰੱਖਿਆ ਨਾਲ ਹੀ ਸੁਰੱਖਿਅਤ ਬਚ ਨਿਕਲਿਆ ਸੀ। ਆਰੀਆ ਨੇ ਸਪੱਸ਼ਟ ਕਿਹਾ ਕਿ ਕੈਨੇਡਾ ਨੂੰ ਲੰਬੇ ਸਮੇਂ ਤੋਂ ਖਾਲਿਸਤਾਨੀ ਕੱਟੜਪੰਥ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਹਿੰਸਕ ਰੂਪ ਧਾਰਨ ਕਰ ਰਿਹਾ ਹੈ ਤੇ ਹਿੰਦੂ ਭਾਈਚਾਰੇ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰ ਰਿਹਾ ਹੈ। ਭਾਰਤ ਵਿਰੋਧੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਵਾਲੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਲਗਾਤਾਰ ਭਾਰਤੀਆਂ ਅਤੇ ਹਿੰਦੂਆਂ ਖਿਲਾਫ ਨਫਰਤ ਭਰੇ ਭਾਸ਼ਣ ਅਤੇ ਧਮਕੀਆਂ ਦੇ ਰਹੇ ਹਨ।
ਪੰਨੂ ਦੇ ਕਾਰਨ ਕੈਨੇਡਾ 'ਚ ਵੱਸਦੇ ਹਿੰਦੂਆਂ 'ਚ ਡਰ ਦਾ ਮਾਹੌਲ ਬਣ ਗਿਆ ਹੈ। ਆਰਿਆ ਨੇ ਕਿਹਾ ਕਿ ਕੈਨੇਡਾ 'ਚ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖਲਅੰਦਾਜ਼ੀ ਅਸਵੀਕਾਰਨਯੋਗ ਹੈ। ਖਾਲਿਸਤਾਨੀ ਕੱਟੜਵਾਦ ਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਕੈਨੇਡਾ ਦੀਆਂ ਆਪਣੀਆਂ ਹਨ ਅਤੇ ਇਨ੍ਹਾਂ ਨੂੰ ਹੱਲ ਕਰਨਾ ਸਾਡੀ ਸਰਕਾਰ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ 'ਤੇ ਨਿਰਭਰ ਕਰਦਾ ਹੈ। ਸਾਨੂੰ ਵਿਦੇਸ਼ੀ ਸਰਕਾਰਾਂ ਦੇ ਦਖਲ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਾ ਚਾਹੀਦਾ।
ਸਿਆਸੀ ਹਮਾਇਤ ਅਤੇ ਅਸਹਿਮਤੀ
ਸੰਸਦ ਮੈਂਬਰ ਆਰਿਆ ਨੇ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਚੁੱਪੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਖਾਲਿਸਤਾਨੀ ਕੱਟੜਪੰਥੀਆਂ ਨੂੰ ਟਰੂਡੋ ਸਰਕਾਰ ਤੋਂ ਅਸਿੱਧੇ ਤੌਰ 'ਤੇ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ 'ਚ ਖਾਲਿਸਤਾਨੀ ਕੱਟੜਪੰਥੀਆਂ ਕਾਰਨ ਹਿੰਦੂ-ਕੈਨੇਡੀਅਨਾਂ ਦਾ ਭਰੋਸਾ ਗੁਆ ਰਿਹਾ ਹੈ ਅਤੇ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।
ਇਸ ਦੌਰਾਨ ਟਰੂਡੋ ਦੀ ਲਿਬਰਲ ਪਾਰਟੀ ਅੰਦਰ ਵੀ ਅਸੰਤੁਸ਼ਟੀ ਵਧ ਰਹੀ ਹੈ। ਸ਼ਾਰਲੋਟਟਾਊਨ ਦੇ ਐੱਮਪੀ ਸ਼ੌਨ ਕੇਸੀ ਨੇ ਟਰੂਡੋ ਨੂੰ ਅਸਤੀਫ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਲੋਕ ਉਨ੍ਹਾਂ ਤੋਂ ਥੱਕ ਚੁੱਕੇ ਹਨ। ਕੇਸੀ ਤੋਂ ਇਲਾਵਾ ਹੋਰ ਸੰਸਦ ਮੈਂਬਰ ਵੀ ਟਰੂਡੋ ਦੀ ਲੀਡਰਸ਼ਿਪ 'ਤੇ ਸਵਾਲ ਉਠਾ ਰਹੇ ਹਨ ਅਤੇ ਪਾਰਟੀ ਅੰਦਰ ਲੀਡਰਸ਼ਿਪ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ। ਖਾਲਿਸਤਾਨੀ
ਕੱਟੜਪੰਥ ਦੇ ਖਿਲਾਫ ਕਾਰਵਾਈ
ਆਰਸੀਐੱਮਪੀ ਦੇ ਸਹਾਇਕ ਕਮਿਸ਼ਨਰ ਬ੍ਰਿਗੇਟ ਗੋਵਿਨ ਨੇ ਹਾਲ ਹੀ ਵਿੱਚ ਇੱਕ ਪ੍ਰੈਸ ਕਾਨਫਰੰਸ 'ਚ ਪੁਸ਼ਟੀ ਕੀਤੀ ਕਿ ਇੱਕ ਰਾਸ਼ਟਰੀ ਟਾਸਕ ਫੋਰਸ ਖਾਲਿਸਤਾਨੀ ਹਿੰਸਕ ਅੱਤਵਾਦ ਦੀ ਜਾਂਚ ਕਰਨ ਲਈ ਕੰਮ ਕਰ ਰਹੀ ਹੈ।
ਆਰਸੀਐੱਮਪੀ ਦੇ ਮੁਖੀ ਮਾਈਕਲ ਡੂਹੇਮ ਨੇ ਵੀ ਕਿਹਾ ਕਿ ਇਹ ਇੱਕ ਗੰਭੀਰ ਖ਼ਤਰਾ ਹੈ ਅਤੇ ਇਸ ਨੂੰ ਕੈਨੇਡਾ ਅਤੇ ਭਾਰਤ ਦੋਵਾਂ ਵੱਲੋਂ ਸਾਂਝੇ ਤੌਰ 'ਤੇ ਹੱਲ ਕਰਨਾ ਚਾਹੀਦਾ ਹੈ। ਚੰਦਰ ਆਰਿਆ ਨੇ ਕੈਨੇਡਾ 'ਚ ਵੱਸਦੇ ਹਿੰਦੂ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਅਤੇ ਸੁਰੱਖਿਆ ਲਈ ਆਵਾਜ਼ ਬੁਲੰਦ ਕਰਨ ਅਤੇ ਇਸ ਮੁੱਦੇ ’ਤੇ ਸਿਆਸਤਦਾਨਾਂ ਨੂੰ ਜਵਾਬਦੇਹ ਠਹਿਰਾਉਣ। ਅਸੀਂ ਇੱਕ ਪੜ੍ਹਿਆ ਲਿਖਿਆ ਅਤੇ ਸਫਲ ਭਾਈਚਾਰਾ ਹਾਂ ਅਤੇ ਸਾਨੂੰ ਆਪਣੇ ਹਿੱਤਾਂ ਦੀ ਰੱਖਿਆ ਲਈ ਇੱਕਜੁੱਟ ਹੋਣਾ ਪਵੇਗਾ। ਇਸ ਘਟਨਾਕ੍ਰਮ ਤੋਂ ਬਾਅਦ ਟਰੂਡੋ ਸਰਕਾਰ 'ਤੇ ਖਾਲਿਸਤਾਨੀ ਕੱਟੜਪੰਥ ਵਿਰੁੱਧ ਠੋਸ ਕਾਰਵਾਈ ਕਰਨ ਅਤੇ ਹਿੰਦੂ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਬਾਅ ਵਧ ਰਿਹਾ ਹੈ।