ਕਰਜ਼ਈ ਨੇ ਬਾਈਡੇਨ ਨੂੰ ਅਫ਼ਗਾਨ ਫੰਡ ''ਤੇ ਆਪਣਾ ਫ਼ੈਸਲਾ ਵਾਪਸ ਲੈਣ ਦੀ ਕੀਤੀ ਅਪੀਲ
Sunday, Feb 13, 2022 - 05:34 PM (IST)
ਕਾਬੁਲ (ਵਾਰਤਾ)- ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਅਫ਼ਗਾਨਿਸਤਾਨ ਫੰਡ 'ਤੇ ਆਪਣਾ ਫ਼ੈਸਲਾ ਵਾਪਸ ਲੈਣ ਦੀ ਅਪੀਲ ਕੀਤੀ। ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਕਰਜ਼ਈ ਨੇ ਰਾਜਧਾਨੀ ਕਾਬੁਲ ਵਿਚ ਇਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ਇਹ ਫੰਡ ਕਿਸੇ ਸਰਕਾਰ ਦਾ ਨਹੀਂ, ਸਗੋਂ ਅਫ਼ਗਾਨ ਲੋਕਾਂ ਦਾ ਹੈ ਅਤੇ ਇਸ ਨੂੰ ਅਫ਼ਗਾਨਿਸਤਾਨ ਦੇ ਕੇਂਦਰੀ ਬੈਂਕ ਨੂੰ ਵਾਪਸ ਕੀਤਾ ਜਾਣਾ ਚਾਹੀਦਾ ਹੈ।
ਕਰਜ਼ਈ ਦੀ ਪ੍ਰਤੀਕਿਰਿਆ ਬਾਈਡੇਨ ਵੱਲੋਂ ਅਫ਼ਗਾਨਿਸਤਾਨ ਵਿਚ ਜਾਰੀ ਸੰਕਟ ਅਤੇ ਆਰਥਿਕ ਸਥਿਤੀ ਨਾਲ ਨਜਿੱਠਣ ਲਈ ਸ਼ੁੱਕਰਵਾਰ ਨੂੰ ਇਕ ਆਦੇਸ਼ ਜਾਰੀ ਕਰਨ ਤੋਂ ਬਾਅਦ ਆਈ ਹੈ। ਵ੍ਹਾਈਟ ਹਾਊਸ ਅਨੁਸਾਰ, ਅਮਰੀਕਾ ਨੇ ਲਗਭਗ 7 ਅਰਬ ਡਾਲਰ ਦੇ ਅਫ਼ਗਾਨ ਫੰਡ ਨੂੰ 2 ਹਿੱਸਿਆਂ ਵਿਚ ਵੰਡਣ ਦਾ ਫ਼ੈਸਲਾ ਕੀਤਾ ਹੈ, ਜਿਸ ਵਿੱਚੋਂ ਅੱਧਾ ਅਫ਼ਗਾਨਿਸਤਾਨ ਵਿਚ ਮਨੁੱਖੀ ਸਹਾਇਤਾ ਲਈ ਦਿੱਤਾ ਜਾਵੇਗਾ ਅਤੇ ਬਾਕੀ ਫੰਡ 9/11 ਹਮਲਿਆਂ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਵਰਤਿਆ ਜਾਵੇਗਾ। ਕਰਜ਼ਈ ਨੇ ਕਿਹਾ ਕਿ ਅਮਰੀਕਾ ਵਾਂਗ ਅਫ਼ਗਾਨਿਸਤਾਨ ਦੇ ਲੋਕ ਵੀ ਅੱਤਵਾਦ ਦਾ ਸ਼ਿਕਾਰ ਹਨ। ਅਫ਼ਗਾਨ ਲੋਕਾਂ ਦਾ ਪੈਸਾ 9/11 ਹਮਲੇ ਦੇ ਪੀੜਤਾਂ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਓਸਾਮਾ ਬਿਨ ਲਾਦੇਨ ਨੂੰ ਅਫ਼ਗਾਨੀਆਂ ਨੇ ਅਫ਼ਗਾਨਿਸਤਾਨ ਨਹੀਂ ਲਿਆਂਦਾ ਸੀ, ਸਗੋਂ ਉਹ ਵਿਦੇਸ਼ੀਆਂ ਵੱਲੋਂ ਲਿਆਂਦਾ ਗਿਆ ਸੀ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਓਸਾਮਾ ਪਾਕਿਸਤਾਨ ਤੋਂ ਅਫ਼ਗਾਨਿਸਤਾਨ ਆਇਆ ਸੀ ਅਤੇ ਵਾਪਸ ਵੀ ਪਰਤ ਗਿਆ ਸੀ ਅਤੇ ਉੱਥੇ ਹੀ ਮਾਰਿਆ ਗਿਆ, ਪਰ ਅਫ਼ਗਾਨਿਸਤਾਨ ਦੇ ਲੋਕ ਉਸ ਦੀਆਂ ਕਾਰਵਾਈਆਂ ਦੀ ਕੀਮਤ ਚੁਕਾ ਰਹੇ ਹਨ। ਕਰਜ਼ਈ ਨੇ ਇਹ ਵੀ ਕਿਹਾ ਕਿ ਜੇਕਰ ਰੋਕੇ ਗਏ ਅਮਰੀਕੀ ਫੰਡ ਜਾਰੀ ਕੀਤੇ ਜਾਂਦੇ ਹਨ, ਤਾਂ ਤਾਲਿਬਾਨ ਨੂੰ ਇਸ ਨੂੰ ਖ਼ਰਚ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਰੋਜ਼ਾਨਾ ਦੇ ਖਰਚਿਆਂ ਲਈ ਨਹੀਂ ਹੈ, ਸਗੋਂ ਇਸ ਨੂੰ ਸੁਰੱਖਿਅਤ ਕਰ ਭਵਿੱਖ ਦੀਆਂ ਪੀੜ੍ਹੀਆਂ ਲਈ ਬਚਾਅ ਕੇ ਰੱਖਣਾ ਚਾਹੀਦਾ ਹੈ।