ਕਰਤਾਰਪੁਰ ਸਾਹਿਬ : ‘ਡੇਰਾ ਬਾਬਾ ਨਾਨਕ ਤੋਂ ਸਿਆਲਕੋਟ ਨੂੰ ਜਾਂਦੀ ਗੱਡੀ’

11/18/2020 6:38:42 PM

ਹਰਪ੍ਰੀਤ ਸਿੰਘ ਕਾਹਲੋਂ

ਡੇਰਾ ਬਾਬਾ ਨਾਨਕ ਕਦੇ ਅੰਮ੍ਰਿਤਸਰ ਤੋਂ ਸਿਆਲਕੋਟ ਜਾਣ ਵਾਲੀ ਰੇਲਵੇ ਲਾਈਨ ’ਤੇ ਸਟੇਸ਼ਨ ਸੀ। ਹੁਣ ਅੰਮ੍ਰਿਤਸਰ ਤੋਂ ਆਉਣ ਵਾਲੀਆਂ ਗੱਡੀਆਂ ਇੱਥੋਂ ਵਾਪਸ ਚਲੀਆਂ ਜਾਂਦੀਆਂ ਹਨ। 1965 ਦੀ ਜੰਗ ਦੇ ਦੌਰਾਨ ਕਰਤਾਰਪੁਰ ਨੂੰ ਜਾਂਦੀ ਹੋਈ ਰੇਲਵੇ ਲਾਈਨ ਜੰਗ ਦੀ ਭੇਟ ਚੜ੍ਹ ਗਈ। ਕਰਤਾਰਪੁਰ ਸਾਹਿਬ ਵਿਖੇ ਬਕਾਇਦਾ ਰੇਲ ਜਾਂਦੀ ਸੀ। ਇਹ ਚੱਕ ਅਮਰੂ ਵਾਲੀ ਲਾਈਨ 'ਤੇ ਸਥਿਤ ਸੀ। ਇੱਥੇ ਬਾਕਾਇਦਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਂ ਦਾ ਰੇਲਵੇ ਸਟੇਸ਼ਨ ਵੀ ਸੀ। ਇੱਥੇ ਰੇਲ ਲਾਈਨਾਂ ਦਾ ਜਾਲ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ, ਡੇਰਾ ਬਾਬਾ ਨਾਨਕ ਤੋਂ ਪਿੰਡ ਜੱਸੜ ਜੰਕਸ਼ਨ ਸੀ। ਇਸ ਜੰਕਸ਼ਨ 'ਤੇ ਇਕ ਲਾਈਨ ਲਾਹੌਰ ਤੋਂ ਚੱਕ ਅਮਰੂ ਨੂੰ ਆਉਂਦੀ ਸੀ। ਇੱਥੋਂ ਹੀ ਤੀਜੀ ਲਾਈਨ ਪਿੰਡ ਜੱਸੜ ਜੰਕਸ਼ਨ ਤੋਂ ਨਾਰੋਵਾਲ ਨੂੰ ਅਤੇ ਅੱਗੇ ਵਜ਼ੀਰਾਬਾਦ ਨੂੰ ਜਾਂਦੀ ਹੈ।

PunjabKesari

ਪਿੰਡ ਜੱਸੜ ਅਤੇ ਨਾਰੋਵਾਲ ਦੇ ਵਿਚਕਾਰ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਰੇਲਵੇ ਸਟੇਸ਼ਨ ਹੈ। ਡੇਰਾ ਬਾਬਾ ਨਾਨਕ ਤੋਂ ਪਿੰਡ ਜੱਸੜ ਜੰਕਸ਼ਨ ਦੇ ਵਿਚਕਾਰ ਰਾਵੀ 'ਤੇ ਪੈਂਦੇ ਪੁੱਲ ਦੇ ਬਰਬਾਦ ਹੋਣ ਮਗਰੋਂ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਨੂੰ ਜਾਂਦੀ ਰੇਲ ਗੱਡੀ ਦੀ ਸੰਭਾਵਨਾ ਖ਼ਤਮ ਹੋ ਗਈ। ਕਰਤਾਰਪੁਰ ਲਾਂਘੇ ਦੇ ਖੁੱਲ੍ਹ ਜਾਣ ਨਾਲ ਇਸ ਰੇਲ ਲਾਈਨ ਦੇ ਮੁੜ ਤੋਂ ਬਹਾਲ ਹੋਣ ਦੀ ਪੂਰੀ ਉਮੀਦ ਹੈ। ਇਸ ਬਾਰੇ ਭਾਰਤੀ ਰੇਲ ਮਹਿਕਮੇ ਨੇ ਆਪਣੇ ਫਿਰੋਜ਼ਪੁਰ ਜ਼ੋਨ ਤੋਂ 2018 'ਚ ਇਕ ਸਰਵੇ ਵੀ ਕੀਤਾ ਹੈ।

ਜਦੋਂ ਲੱਗੀ ਪਹਿਲੀ ਵਾਰ ਦੂਰਬੀਨ !

PunjabKesari
2008 ਜ਼ੋਨ ਮੈਕਡੋਨਲਡ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਪੜਚੋਲ ਕਰਕੇ ਜਾ ਚੁੱਕੇ ਸਨ। ਇਸੇ ਸਾਲ ਉਸ ਸਮੇਂ ਦੇ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਵੀ ਉੱਚੇਚੇ ਤੌਰ ’ਤੇ ਮੁਆਇਨਾ ਕਰਨ ਆਏ ਸਨ। ਇਸੇ ਸਾਲ ਉਮੀਦ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਛੇਤੀ ਖੁੱਲ੍ਹ ਜਾਵੇਗਾ। ਜਥੇਦਾਰ ਕੁਲਦੀਪ ਸਿੰਘ ਵਡਾਲਾ ਹੋਣਾ ਵੱਲੋਂ ਲਗਾਤਾਰ 8 ਸਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਦੀਆਂ ਅਰਦਾਸਾਂ ਕਰਦੇ ਹੋ ਚੁੱਕੇ ਸਨ। ਡੇਰਾ ਬਾਬਾ ਨਾਨਕ ਦੇ ਧੁੱਸੀ ਬੰਨ੍ਹ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਸੰਗਤਾਂ ਆਉਂਦੀਆਂ ਰਹਿੰਦੀਆਂ ਸਨ। ਉਸ ਸਮੇਂ ਬਾਰਡਰ ਸਕਿਓਰਿਟੀ ਫੋਰਸ ਦੇ ਆਈ. ਜੀ. ਪੰਜਾਬ ਫਰੰਟੀਅਰ ਹਿੰਮਤ ਸਿੰਘ ਹੁਣਾਂ ਨੇ ਡੇਰਾ ਬਾਬਾ ਨਾਨਕ ਸਰਹੱਦ 'ਤੇ ਸੰਗਤਾਂ ਦੇ ਦਰਸ਼ਨ ਕਰਨ ਲਈ ਦੂਰਬੀਨ ਲਵਾ ਦਿੱਤੀ। ਇਹ ਪਹਿਲਾ ਮੌਕਾ ਸੀ, ਜਦੋਂ 2009 ਵਿੱਚ ਇੱਥੇ ਦੂਰਬੀਨ ਲਵਾਈ ਗਈ। ਹਿੰਮਤ ਸਿੰਘ ਦੱਸਦੇ ਹਨ ਕਿ ਇਹ ਦੂਰਬੀਨ ਡੀ.ਆਈ.ਜੀ. ਗੁਰਦਾਸਪੁਰ ਸੁਖਜਿੰਦਰ ਸਿੰਘ ਹੁਣਾਂ ਵੱਲੋਂ ਮੁਹੱਈਆ ਕਰਵਾਈ ਗਈ ਸੀ। ਇਸ ਦੂਰਬੀਨ ਨਾਲ ਸੰਗਤਾਂ ਸਦਾ ਕਰਤਾਰਪੁਰ ਸਾਹਿਬ ਦੇ ਦਰਸ਼ਨ 10 ਸਾਲ ਤੋਂ ਕਰਦੀਆਂ ਆ ਰਹੀਆਂ ਹਨ।

ਕਰਤਾਰ ਤੇ ਸ਼ਾਇਰ
ਗੁਰੂ ਬਾਬਾ ਨਾਨਕ ਨੇ ਕਰਤਾਰਪੁਰ ਸ਼ਹਿਰ ਆਬਾਦ ਕੀਤਾ। ਖ਼ੁਦਾ ਦੇ ਨਾਂ ’ਤੇ ਜੰਗਾਂ ਤਾਂ ਸਭ ਨੇ ਲੜੀਂਆਂ ਪਰ ਕਸਬਾ ਸਿਰਫ਼ ਬਾਬੇ ਨਾਨਕ ਨੇ ਵਸਾਇਆ। ਗੁਰੂ ਨਾਨਕ ਆਪ ਸ਼ਾਇਰ ਸਨ ਤੇ ਰੱਬ ਦੇ ਢਾਡੀ ਅਖਵਾਉਂਦੇ ਸਨ। ਕਰਤਾਰਪੁਰ ਕਿਆਮ ਦੌਰਾਨ ਉਨ੍ਹਾਂ ਨੇ ਇਸ ਮਿੱਟੀ ਨੂੰ ਹਰ ਕਲਾ ਨਾਲ ਨਵਾਜਿਆ। ਸ਼ਾਇਦ ਤਾਹੀਂ ਨਾਰੋਵਾਲ ਦੇ ਇਸ ਇਲਾਕੇ ‘ਚ ਸ਼ਾਇਰਾਂ ਦਾ ਛੱਟਾ ਆ ਗਿਆ, ਜਦੋਂ ਸ਼ਾਇਰਾਂ ਦੇ ਪੱਖ ਤੋਂ ਖੋਜਿਆਂ ਤਾਂ ਇਕ ਤਿਕੋਣ ਬਣਦੀ ਹੈ, ਜਿਹਦੇ ਹਰ ਕੋਨੇ ’ਤੇ ਵਸਦੇ ਸ਼ਹਿਰ ‘ਚ ਇਕ ਸ਼ਾਇਰ ਏ। ਨਾਰੋਵਾਲ, ਇਸ ਤਿਕੋਣ ਦੇ ਇਕ ਸਿਰੇ ’ਤੇ ਵੱਸਿਆ ਏ, ਇਹ ਕੋਨਾ ਹਾਸ਼ਿਮ ਸ਼ਾਹ ਦਾ ਹੈ ।

ਹਾਸ਼ਿਮ ਸ਼ਾਹ ਨੇ ਸਿੰਧ ਦੀ ਸੱਸੀ ਨੂੰ ਕੇਚ (ਬਲੋਚਸਥਾਨ) ਦੇ ਪੁਨੂੰ ਦੇ ਹਵਾਲੇ ਤਾਂ ਨਹੀਂ ਹੋਣ ਦਿੱਤਾ ਪਰ ਉਸ ਦਾ ਵਿਛੋੜਾ ਅਤੇ ਪੀੜ੍ਹ ਪੰਜਾਬ ਵਾਲਿਆਂ ਨੂੰ ਵਿਰਾਸਤ ‘ਚ ਦੇ ਗਿਆ ।

ਬਾਲੂ ਰੇਤ ਤਪੇ ਵਿਚ ਥਲ ਦੇ
ਜਿਉਂ ਜੌਂ ਭੁੰਨਣ ਭਠਿਆਰੇ
ਸੂਰਜ ਭੱਜ ਵੜਿਆ ਵਿਚ ਬਦਲੀ
ਡਰਦਾ ਲਿਸ਼ਕ ਨਾ ਮਾਰੇ ।

ਜਗਦੇਵ ਕਲਾਂ ‘ਚ ਪੈਦਾ ਹੋਇਆ ਹਾਸ਼ਮ ਸ਼ਾਹ ਨਾਰੋਵਾਲ ਦੀ ਮਿੱਟੀ ‘ਚ ਦਫਨ ਏ।

PunjabKesari

ਤਿਕੋਣ ਦਾ ਦੂਜਾ ਕੋਨਾ ਜੱਸੜ ਹੈ, ਜਿਥੇ ਪੰਜਾਬੀ ਦਾ ਮਸ਼ਹੂਰ ਸ਼ਾਇਰ ਅਹਸਨ ਅਫ਼ਜ਼ਲ ਰੰਧਾਵਾ ਰਹਿਦਾ ਸੀ । ਹੁਣ ਇਸ ਨੂੰ ਬਾਜਵਿਆਂ ਦੀ ਦੇਣ ਜਾਣੀਏ ਜਾਂ ਰਾਵੀ ਦੀ ਨੇੜਤਾ, ਇਸ ਸ਼ਾਇਰੀ ’ਚ ਕੁਝ ਏਦਾਂ ਦਾ ਜ਼ਰੂਰ ਹੈ, ਜੋ ਦੌੜਦੇ ਪੰਜਾਬੀਆਂ ਨੂੰ ਪਿੱਛੇ ਮੁੜਨ ‘ਤੇ ਮਜਬੂਰ ਕਰਦਾ ਹੈ :
ਮੈਂ ਦਰਿਆਵਾਂ ਦਾ ਹਾਣੀ ਸਾਂ
ਤਰਨੇ ਪੈ ਗਏ ਖਾਲ਼ ਨੀ ਮਾਏ
ਓਨੇ ਫੱਟ ਮੇਰੇ ਜੁੱਸੇ 'ਤੇ
ਜਿੰਨੇ ਤੇਰੇ ਵਾਲ਼ ਨੀ ਮਾਏ ।

ਤਿਕੋਣ ਦਾ ਤੀਸਰਾ ਕੋਨਾ, ਕਾਲ਼ਾ ਕਾਦਰ ਦਾ ਗੁਮਨਾਮ ਜਿਹਾ ਪਿੰਡ ਹੈ। ਆਮ ਜਿਹੀਆਂ ਗਲੀਆਂ, ਚੌਰਾਹੇ, ਪੈਲੀਆਂ ਵਿਚ ਡੇਰੇ ’ਤੇ ਕਿਤੇ ਕਿਤੇ ਬਿਜਲੀ ਦੇ ਖੰਬੇ, ਬੱਸ ਇਕ ਚੀਜ਼ ਹੈ। ਦੋਵਾਂ ਵਿਚ ਸਾਂਝੀ ਹੈ, ਜਿਵੇਂ ਦਰਵੇਸ਼ ਫ਼ੈਜ਼ ਸੀ, ਉਦਾਂ ਦਾ ਸਾਦਾ ਜਿਹਾ ਉਨ੍ਹਾਂ ਦਾ ਪਿੰਡ ਏ। ਫ਼ੌਜ ਦੀ ਨੌਕਰੀ ਤੋਂ ਰਾਵਲਪਿੰਡੀ ਸਾਜ਼ਿਸ਼ ਕੇਸ ਤਕ ਅਤੇ  ਅਮਰੋਜ਼ ਅਖਬਾਰ ਦੀ ਸੰਪਾਦਕੀ ਤੋਂ ਆਰਟਸ ਕੌਂਸਿਲ ਦੀ ਸਰਬਰਾਹੀ ਤੱਕ ਫ਼ੈਜ਼ ਅਹਿਮਦ ਫੈਜ ਨੇ ਕਿਸੇ ਨੂੰ ਬੇ-ਫ਼ੈਜ਼ ਨਹੀਂ ਛੱਡਿਆ ।

ਹੀਰ ਨੂੰ ਛੱਡ ਟੁਰ ਗਿਉਂ ਰੰਝੇਟੇ 
ਖੇੜਿਆਂ ਦੇ ਘਰ ਪੈ ਗਏ ਹਾਸੇ
ਪਿੰਡ ਵਿਚ ਕੱਢੀ ਟੌਹਰ ਸ਼ਰੀਕਾਂ
ਯਾਰਾਂ ਦੇ ਢੈ ਪਏ ਮੜਾਸੇ
ਵੀਰਾਂ ਦੀਆਂ ਟੁੱਟ ਗਈਆਂ ਬਾਹੀਂ, ਓ ਯਾਰ
ਟਿਕ ਰਹੁ ਥਾਈਂ ਓ ਯਾਰ
ਵਤਨੇ ਦੀਆਂ ਠੰਡੀਆਂ ਛਾਈਂ ਓ ਯਾਰ

ਨਾਰੋਵਾਲ ਦੀ ਇਕ ਹੋਰ ਪਛਾਣ ਡਾਕਟਰ ਇਮਾਮ ਉੱਦ ਦੀਨ ਸ਼ਹਿਬਾਜ਼ ਹੈਂ। ਅੱਜ ਪੰਜਾਬ ਦੇ ਦੋਵੇਂ ਪਾਸੇ ਪੜ੍ਹੀ ਜਾਣੇ ਵਾਲੀ ਬਾਇਬਲ ਦੀਆਂ ਪੰਜਾਬੀ ਦੁਆਵਾਂ ਡਾਕਟਰ ਇਮਾਮ ਦਾ ਹੀ ਕਾਰਨਾਮਾ ਹੈਂ। ਇਨ੍ਹਾਂ ਨੇ ਪੂਰੀ ਬਾਇਬਲ ਦਾ ਪੰਜਾਬੀ ਤਰਜਮਾ ਵੀ ਕੀਤਾ ਤੇ ਇਸਾਈਆਂ ’ਚ ਬਹੁਤੇ ਮਕਬੂਲ ਮਜ਼੍ਹਬੀ ਗੀਤਾਂ ਦੀਆਂ ਧੁੰਨਾ ਨੂੰ ਤਰਤੀਬ ਦਿੱਤੀ।

ਮਹੁੰਮਦ ਹਸਨ ਮਿਰਾਜ
(ਰੇਲ ਕੀ ਸੀਟੀ, ਉਰਦੂ ਕਿਤਾਬ ਨਾਲ ਚੰਗੀ ਵਾਹ-ਵਾਹ ਖੱਟ ਚੁੱਕਾ ਲੇਖਕ ਵਲਾਇਤ ‘ਚ ਰਹਿ ਕੇ ਮਿੱਟੀ ਦੀਆਂ ਬਾਤਾਂ ਪਾਉਂਦਾ ਏ )

ਕਰਤਾਰਪੁਰ ਸਾਹਿਬ ਅਤੇ ਡੇਰਾ ਬਾਬਾ ਨਾਨਕ ਦੀ ਸਾਂਝ ਮੇਸੂ ਦੀ ਮਿਠਾਈ

PunjabKesari
ਨਾਰੋਵਾਲ ਤੋਂ ਲਾਸਾਨੀ ਸਵੀਟਸ ਦੇ ਹਲਵਾਈ ਅੱਲ੍ਹਾ ਰੱਖਾ ਅਤੇ ਡੇਰਾ ਬਾਬਾ ਨਾਨਕ ਤੋਂ ਹਲਵਾਈ ਵਿਜੇ ਸਿੰਘ ਦੱਸਦੇ ਹਨ ਕਿ ਡੇਰਾ ਬਾਬਾ ਨਾਨਕ ਆਓ ਜਾਂ ਕਰਤਾਰਪੁਰ ਸਾਹਿਬ ਜਾਓ, ਇੱਥੇ ਮੇਸੂ ਦੀ ਮਿਠਾਈ ਬੜੇ ਚਾਅ ਨਾਲ ਖਾਧੀ ਜਾਂਦੀ ਹੈ । ਦੋਵਾਂ ਥਾਵਾਂ ਦੇ ਹਲਵਾਈ ਹੱਸਦੇ ਹੋਏ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਆਏ ਹੋ ਤਾਂ ਬਤੌਰ ਯਾਦਗਾਰ ਇਹ ਮਿਠਾਈ ਖਾ ਕੇ ਜ਼ਰੂਰ ਜਾਣਾ, ਕਿਉਂਕਿ ਇਹ ਸਿਰਫ਼ ਉਚੇਚੇ ਤੌਰ ’ਤੇ ਇੱਥੇ ਹੀ ਬਣਦੀ ਹੈ। ਇਹ ਆਮ ਸ਼ਹਿਰਾਂ ਵਿੱਚ ਸ਼ਾਇਦ ਹੀ ਤੁਹਾਨੂੰ ਮਿਲੇ।


rajwinder kaur

Content Editor

Related News