''ਬਾਬਾ ਸਾਹਿਬ ਜੀ ਦੀ ਦੇਣ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ''
Tuesday, May 14, 2024 - 03:03 PM (IST)
ਰੋਮ (ਕੈਂਥ): ਹਿੰਦੋਸਤਾਨ ਦੀ ਰਾਜਨੀਤੀ ਦੀ ਕਾਇਆ ਤੇ ਛਾਇਆ ਭਾਰਤੀ ਸੰਵਿਧਾਨ ਨਾਲ ਬਦਲ ਕੇ ਲੋਕਤੰਤਰ ਦੀ ਸਥਾਪਨਾ ਕਰਨ ਵਾਲੇ ਭਾਰਤ ਦੇ ਮਹਾਨ ਰਾਜਨੀਤੀਵਾਨ,ਅਰਥਸ਼ਾਸ਼ਤਰੀ,ਦੁਨੀਆ ਦੀਆਂ 9 ਭਾਸ਼ਾਵਾਂ ਦੇ ਗਿਆਤਾ ਤੇ ਗਰੀਬਾਂ ਦੇ ਮਸੀਹਾ ਭਾਰਤ ਰਤਨ ਡਾ: ਭੀਮ ਰਾਓ ਅੰਬੇਦਕਰ ਸਾਹਿਬ ਦਾ 133ਵਾਂ ਜਨਮ ਦਿਨ ਲਾਸੀਓ ਸੂਬੇ ਦੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਤੇ ਅੰਬੇਕਦਰੀ ਸਾਥੀਆਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹਪੂਰਵਕ ਮਨਾਇਆ ਗਿਆ, ਜਿਸ ਵਿੱਚ ਭਾਰਤ ਦੀ ਧਰਤੀ ਤੋਂ 108 ਸੰਤ ਸੁਰਿੰਦਰ ਦਾਸ ਬਾਵਾ (ਡੇਰਾ ਸੱਚਖੰਡ ਬੱਲਾ (ਜਲੰਧਰ) ਤੇ ਮਿਸ਼ਨਰੀ ਗਾਇਕ ਜੀਵਨ ਸੋਹਲ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਹਾਜ਼ਰੀਨ ਸੰਗਤਾਂ ਨੂੰ ਬਾਬਾ ਸਾਹਿਬ ਦੇ ਮਿਸ਼ਨ ਤੋਂ ਜਾਣੂ ਕਰਵਾਇਆ।
ਪੜ੍ਹੋ ਇਹ ਅਹਿਮ ਖ਼ਬਰ- ਖਾਲਸਾ ਛਾਉਣੀ ਪਲੰਪਟਨ ਵਿਖੇ ਕਰਵਾਇਆ ਗਿਆ ਮਿੰਨੀ ਖੇਡ ਮੇਲਾ (ਤਸਵੀਰਾਂ)
ਸੰਤ ਸੁਰਿੰਦਰ ਦਾਸ ਬਾਵਾ ਨੇ ਕਿਹਾ ਕਿ ਡਾਕਟਰ ਅੰਬੇਦਕਰ ਸਾਹਿਬ ਨੇ ਭਾਰਤ ਦੇ ਹਰ ਉਸ ਵਰਗ ਦੇ ਹੱਕਾਂ ਲਈ ਸਘੰਰਸ਼ ਕੀਤਾ ਜਿਸ ਨੂੰ ਸ਼ਰਮਾਏਦਾਰਾਂ ਨੇ ਸਦੀਆਂ ਤੋਂ ਗੁਲਾਮ ਬਣਾਕੇ ਰੱਖਿਆ। ਬਾਬਾ ਸਾਹਿਬ ਨੇ ਹੀ ਭਾਰਤ ਦੇ ਅਣਗੋਲੇ ਸਮਾਜ ਨੂੰ ਵੋਟ ਦਾ ਅਧਿਕਾਰ ਲੈਕੇ ਦਿੱਤਾ ਜਿਸ ਦੀ ਜੇਕਰ ਸਮਾਜ ਦੇ ਲੋਕ ਸਹੀ ਵਰਤੋਂ ਕਰਨ ਤਾਂ ਉਨ੍ਹਾਂ ਨਾਲ ਹੁੰਦੀ ਕਾਣੀ ਵੰਡ ਤੇ ਸ਼ੋਸ਼ਣ ਨੂੰ ਰੋਕਿਆ ਜਾ ਸਕਦਾ ਹੈ। ਬਾਬਾ ਸਾਹਿਬ ਨੇ ਸਾਰੇ ਸਮਾਜ ਨੂੰ ਪੜ੍ਹੋ, ਲਿਖੋ ਤੇ ਸੰਗਿਠਤ ਹੋਣ ਦਾ ਹੋਕਾ ਦਿੰਦਿਆਂ ਕਿਹਾ ਕਿ ਸਿੱਖਿਆ ਸ਼ੇਰਨੀ ਦਾ ਉਹ ਦੁੱਧ ਹੈ ਜਿਸ ਨੂੰ ਜਿਹੜਾ ਵੱਧ ਪੀਵੇਗਾ ਉਹ ਵੱਧ ਦਹਾੜੇਗਾ। ਜੋ ਦੇਣ ਭਾਰਤ ਦੇ ਗਰੀਬ ਸਮਾਜ ਨੂੰ ਬਾਬਾ ਸਾਹਿਬ ਦੀ ਹੈ ਉਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ। ਇਸ ਜਨਮ ਦਿਨ ਸਮਾਰੋਹ ਮੌਕੇ ਮਿਸ਼ਨਰੀ ਗਾਇਕ ਜੀਵਨ ਸੋਹਲ ਨੇ ਆਪਣੇ ਇਨਕਲਾਬੀ ਗੀਤਾਂ ਰਾਹੀ ਸੰਗਤਾਂ ਨੂੰ ਬਾਬਾ ਸਾਹਿਬ ਦੇ ਮਿਸ਼ਨ ਦਾ ਹੋਕਾ ਦਿੰਦਿਆਂ ਉਨ੍ਹਾਂ ਦੇ ਅਧੂਰੇ ਸੁਪਨੇ ਪੂਰਾ ਕਰਨ ਦਾ ਸੁਨੇਹਾ ਦਿੱਤਾ।ਇਸ ਮੌਕੇ ਪ੍ਰਬੰਧਕਾਂ ਵੱਲੋਂ 108 ਸੰਤ ਸੁਰਿੰਦਰ ਦਾਸ ਬਾਵਾ ਤੇ ਮਿਸ਼ਨਰੀ ਗਾਇਕ ਜੀਵਨ ਸੋਹਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਤੇ ਆਈਆਂ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।