ਕਰਾਚੀ ਪੁਲਸ ਨੇ ਮਸਜਿਦ ’ਚੋਂ ਖ਼ਤਰਨਾਕ ਹਥਿਆਰ ਕੀਤੇ ਬਰਾਮਦ, ISI ਅਧਿਕਾਰੀਆਂ ਨੇ ਮੌਲਵੀ ਨੂੰ ਕਰਵਾਏ ਵਾਪਸ
Saturday, Sep 10, 2022 - 03:39 PM (IST)
ਗੁਰਦਾਸਪੁਰ/ਕਰਾਚੀ (ਵਿਨੋਦ)-ਪਾਕਿਸਤਾਨ ਦੇ ਪ੍ਰਮੁੱਖ ਸ਼ਹਿਰ ਕਰਾਚੀ ਦੀ ਇਕ ਮਸਜਿਦ ’ਚੋਂ ਪੁਲਸ ਵੱਲੋਂ ਇਕ ਸੂਚਨਾ ਦੇ ਆਧਾਰ ’ਤੇ ਛਾਪਾਮਾਰੀ ਕਰਕੇ ਬਰਾਮਦ ਕੀਤੇ ਖ਼ਤਰਨਾਕ ਹਥਿਆਰਾਂ ਸਬੰਧੀ ਅਜੇ ਪੁਲਸ ਆਪਣੀ ਵਾਹ-ਵਾਹ ਕਰ ਹੀ ਰਹੀ ਸੀ ਕਿ ਆਈ. ਐੱਸ. ਆਈ. ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪੁਲਸ ਤੋਂ ਹਥਿਆਰ ਖੋਹ ਲਏ। ਇਨ੍ਹਾਂ ਹਥਿਆਰਾਂ ਨੂੰ ਲੈ ਕੇ ਪੁਲਸ ਨੂੰ ਆਪਣਾ ਮੂੰਹ ਬੰਦ ਰੱਖਣ ਦਾ ਆਦੇਸ਼ ਦਿੱਤਾ। ਸੂਤਰਾਂ ਅਨੁਸਾਰ ਕਰਾਚੀ ਦੇ ਪੁਲਸ ਸਟੇਸ਼ਨ ਸ਼ਾਹ ਫੈਸਲ ਦੀ ਪੁਲਸ ਨੇ ਇਕ ਸੂਚਨਾ ਦੇ ਆਧਾਰ ’ਤੇ ਕਰਾਚੀ ਦੀ ਇਕ ਮਸਜਿਦ ’ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਮਸਜਿਦ ਦੀ ਛੱਤ ’ਤੇ ਰੱਖੇ ਇਕ ਫਰਿੱਜ ’ਚੋਂ ਪੁਲਸ ਨੇ ਤਿੰਨ ਸਬ-ਮਸ਼ੀਨਗੰਨਜ਼, ਇਕ ਲਾਈਟ ਮਸ਼ੀਨਗੰਨ, ਦੋ ਸ਼ਾਟਗੰਨ, ਤਿੰਨ ਪਿਸਟਲ, ਇਕ ਰਾਈਫਲ ਅਤੇ 500 ਕਾਰਤੂਸ ਬਰਾਮਦ ਕੀਤੇ।
ਪੁਲਸ ਇੰਨੀ ਵੱਡੀ ਮਾਤਰਾ ’ਚ ਆਧੁਨਿਕ ਹਥਿਆਰ ਮਿਲਣ ’ਤੇ ਖੁਸ਼ ਹੋ ਰਹੀ ਸੀ ਅਤੇ ਆਪਣੀ ਬਹਾਦਰੀ ਦੀ ਵਾਹ-ਵਾਹ ਲੁੱਟਣ ਦੀ ਤਿਆਰੀ ਕਰ ਹੀ ਰਹੀ ਸੀ ਕਿ ਮੌਕੇ ’ਤੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੀ ਇਕ ਗੱਡੀ ਆ ਗਈ। ਗੱਡੀ ’ਚ ਆਏ ਅਧਿਕਾਰੀਆਂ ਨੇ ਪੁਲਸ ਤੋਂ ਸਾਰੇ ਹਥਿਆਰ ਖੋਹ ਲਏ ਅਤੇ ਪੁਲਸ ਅਧਿਕਾਰੀਆਂ ਨੂੰ ਆਪਣਾ ਮੂੰਹ ਬੰਦ ਰੱਖਣ ਦਾ ਆਦੇਸ ਦੇ ਕੇ ਉੱਥੋਂ ਭੇਜ ਦਿੱਤਾ। ਸੂਤਰਾਂ ਅਨੁਸਾਰ ਆਈ. ਐੱਸ. ਆਈ. ਅਧਿਕਾਰੀ ਲੱਗਭਗ ਇਕ ਘੰਟਾ ਮਸਜਿਦ ’ਚ ਰੁਕੇ ਅਤੇ ਮਸਜਿਦ ਦੇ ਮੌਲਵੀ ਅਖ਼ਤਰ ਖਾਨ ਨਾਲ ਇਕ ਕਮਰੇ ’ਚ ਗੁਪਤ ਮੀਟਿੰਗ ਕਰਨ ਤੋਂ ਬਾਅਦ ਸਾਰੇ ਹਥਿਆਰ ਮੌਲਵੀ ਨੂੰ ਦੇ ਕੇ ਵਾਪਸ ਚਲੇ ਗਏ। ਇਸ ਸਾਰੀ ਘਟਨਾ ਦੀ ਪਾਕਿਸਤਾਨ ’ਚ ਕਾਫ਼ੀ ਚਰਚਾਂ ਤਾਂ ਜ਼ਰੂਰ ਹੈ ਪਰ ਜਿਸ ਤਰ੍ਹਾਂ ਨਾਲ ਸਰਕਾਰ ਨੇ ਪ੍ਰੈੱਸ ’ਤੇ ਪਾਬੰਦੀ ਲਾਈ ਹੋਈ ਹੈ, ਉਸ ਦੇ ਮੱਦੇਨਜ਼ਰ ਕਿਸੇ ਵੀ ਅਖਬਾਰ ਜਾਂ ਚੈਨਲ ਨੇ ਇਹ ਸਮਾਚਾਰ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਨਹੀਂ ਕੀਤੀ।
