ਕਰਾਚੀ ਹਵਾਈ ਅੱਡੇ ਨੇੜੇ ਧਮਾਕੇ ''ਚ 2 ਚੀਨੀ ਨਾਗਰਿਕਾਂ ਦੀ ਮੌਤ, ਵੱਖਵਾਦੀ ਸੰਗਠਨ ਨੇ ਲਈ ਜ਼ਿੰਮੇਵਾਰੀ
Monday, Oct 07, 2024 - 02:40 PM (IST)
ਕਰਾਚੀ (ਏਜੰਸੀ)- ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਦੇ ਬਾਹਰ ਚੀਨੀ ਨਾਗਰਿਕਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਐਤਵਾਰ ਨੂੰ ਹੋਏ ਬੰਬ ਧਮਾਕੇ ਦੀ ਜ਼ਿੰਮੇਵਾਰੀ ਇਕ ਪਾਕਿਸਤਾਨੀ ਵੱਖਵਾਦੀ ਸੰਗਠਨ ਨੇ ਲਈ ਹੈ। ਅਧਿਕਾਰੀਆਂ ਅਤੇ ਵੱਖਵਾਦੀ ਸਮੂਹ ਨੇ ਇਹ ਜਾਣਕਾਰੀ ਦਿੱਤੀ। ਹਮਲੇ 'ਚ 2 ਚੀਨੀ ਕਰਮਚਾਰੀ ਮਾਰੇ ਗਏ ਅਤੇ ਘੱਟੋ-ਘੱਟ 8 ਹੋਰ ਜ਼ਖ਼ਮੀ ਹੋ ਗਏ। ਇਹ ਹਮਲਾ ‘ਬਲੋਚ ਲਿਬਰੇਸ਼ਨ ਆਰਮੀ’ ਨੇ ਦੱਖਣੀ ਬੰਦਰਗਾਹ ਸ਼ਹਿਰ ਕਰਾਚੀ ਵਿੱਚ ਹਵਾਈ ਅੱਡੇ ਦੇ ਬਾਹਰ ਕੀਤਾ। ਇਹ ਹਮਲਾ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਪਾਕਿਸਤਾਨ ਇੱਕ ਹਫ਼ਤੇ ਬਾਅਦ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਦੀ ਮੇਜ਼ਬਾਨੀ ਕਰਨ ਵਾਲਾ ਹੈ। ਸ਼ੰਘਾਈ ਸਹਿਯੋਗ ਸੰਗਠਨ ਇਕ ਸੁਰੱਖਿਆ ਸਮੂਹ ਹੈ, ਜਿਸ ਦੀ ਸਥਾਪਨਾ ਚੀਨ ਅਤੇ ਰੂਸ ਨੇ ਪੱਛਮੀ ਗਠਜੋੜਾਂ ਦਾ ਮੁਕਾਬਲਾ ਕਰਨ ਲਈ ਕੀਤੀ ਸੀ।
ਇਹ ਵੀ ਪੜ੍ਹੋ: ਨੇਪਾਲ 'ਚ ਹੜ੍ਹ ਕਾਰਨ ਹੁਣ ਤੱਕ 244 ਮੌਤਾਂ, 19 ਲੋਕ ਅਜੇ ਵੀ ਲਾਪਤਾ
ਪਾਕਿਸਤਾਨੀ ਨਿਊਜ਼ ਚੈਨਲਾਂ 'ਤੇ ਪ੍ਰਸਾਰਿਤ ਹੋਏ ਹਮਲੇ ਦੇ ਵੀਡੀਓਜ਼ 'ਚ ਕਾਰਾਂ 'ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਘਟਨਾ ਸਥਾਨ ਤੋਂ ਧੂੰਏਂ ਦੇ ਗੁਬਾਰ ਉੱਠ ਰਹੇ ਹਨ। ਫੌਜੀ ਬਲਾਂ ਅਤੇ ਪੁਲਸ ਨੇ ਘਟਨਾ ਵਾਲੀ ਥਾਂ ਨੂੰ ਘੇਰ ਲਿਆ ਹੈ। ਅੱਤਵਾਦ ਰੋਕੂ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਹਮਲਾਵਰ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਤੱਕ ਕਿਵੇਂ ਪਹੁੰਚੇ। ਜ਼ਖ਼ਮੀਆਂ 'ਚ ਉਹ ਪੁਲਸ ਅਧਿਕਾਰੀ ਵੀ ਸ਼ਾਮਲ ਹਨ ਜੋ ਹਮਲੇ ਸਮੇਂ ਚੀਨੀ ਕਾਫਲੇ ਦੀ ਸੁਰੱਖਿਆ ਕਰ ਰਹੇ ਸਨ। ਵੱਖਵਾਦੀ ਸਮੂਹ ਦੇ ਬੁਲਾਰੇ ਜੁਨੈਦ ਬਲੋਚ ਨੇ ਸੋਮਵਾਰ ਨੂੰ ਕਿਹਾ ਕਿ ਸੰਗਠਨ ਦੇ ਇੱਕ ਆਤਮਘਾਤੀ ਹਮਲਾਵਰ ਨੇ ਚੀਨੀ ਇੰਜੀਨੀਅਰਾਂ ਅਤੇ ਨਿਵੇਸ਼ਕਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ, ਜਦੋਂ ਉਹ ਹਵਾਈ ਅੱਡੇ ਤੋਂ ਬਾਹਰ ਨਿਕਲ ਰਹੇ ਸਨ। 'ਬਲੋਚ ਲਿਬਰੇਸ਼ਨ ਆਰਮੀ' ਮੁੱਖ ਤੌਰ 'ਤੇ ਅਸ਼ਾਂਤ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿਚ ਸਥਿਤ ਹੈ, ਪਰ ਇਸ ਨੇ ਹਾਲ ਹੀ ਦੇ ਸਾਲਾਂ ਵਿਚ ਪਾਕਿਸਤਾਨ ਦੇ ਹੋਰ ਹਿੱਸਿਆਂ ਵਿਚ ਵੀ ਵਿਦੇਸ਼ੀ ਅਤੇ ਸੁਰੱਖਿਆ ਬਲਾਂ 'ਤੇ ਹਮਲੇ ਕੀਤੇ ਹਨ।
ਇਹ ਵੀ ਪੜ੍ਹੋ: ਇਟਲੀ: ਸ਼ਹਿਰ ਸੁਜ਼ਾਰਾ ਬਣ ਗਿਆ ਪਿਆਰਾ, ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਪਾਕਿਸਤਾਨ 'ਚ ਹਜ਼ਾਰਾਂ ਚੀਨੀ ਕਰਮਚਾਰੀ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਚੀਨ ਦੀ ਅਰਬਾਂ ਡਾਲਰ ਦੀ 'ਬੈਲਟ ਐਂਡ ਰੋਡ' ਪਹਿਲਕਦਮੀ ਲਈ ਕੰਮ ਕਰ ਰਹੇ ਹਨ ਜੋ ਦੱਖਣੀ ਅਤੇ ਮੱਧ ਏਸ਼ੀਆ ਨੂੰ ਚੀਨੀ ਰਾਜਧਾਨੀ ਨਾਲ ਜੋੜਨ ਲਈ ਸ਼ੁਰੂ ਕੀਤੀ ਗਈ ਹੈ। ਇਹ ਪਾਬੰਦੀਸ਼ੁਦਾ ਵੱਖਵਾਦੀ ਸਮੂਹ ਬਲੋਚਿਸਤਾਨ ਦੀ ਆਜ਼ਾਦੀ ਲਈ ਲੰਬੇ ਸਮੇਂ ਤੋਂ ਵਿਦਰੋਹ ਕਰ ਰਿਹਾ ਹੈ। ਉਹ ਬਲੋਚਿਸਤਾਨ ਵਿੱਚ ਕੰਮ ਕਰ ਰਹੇ ਚੀਨੀ ਨਾਗਰਿਕਾਂ ਖ਼ਿਲਾਫ਼ ਕਈ ਵਾਰ ਚੇਤਾਵਨੀ ਦੇ ਚੁੱਕੇ ਹਨ। ਇਸ ਤੋਂ ਪਹਿਲਾਂ ਅਗਸਤ ਵਿੱਚ ਬਲੋਚਿਸਤਾਨ ਵਿੱਚ ਹੋਏ ਜਾਨਲੇਵਾ ਹਮਲਿਆਂ ਵਿੱਚ 50 ਤੋਂ ਵੱਧ ਲੋਕ ਮਾਰੇ ਗਏ ਸਨ। ਉਸ ਸਮੇਂ ਸ਼ਰੀਫ ਨੇ ਕਿਹਾ ਸੀ ਕਿ ਹਮਲਾਵਰਾਂ ਦਾ ਉਦੇਸ਼ ਚੀਨ ਦੁਆਰਾ ਫੰਡ ਕੀਤੇ ਵਿਕਾਸ ਪ੍ਰੋਜੈਕਟਾਂ ਨੂੰ ਨੁਕਸਾਨ ਪਹੁੰਚਾਉਣਾ ਸੀ।
ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹੀ ਹੋਈ ਧੀ, ਮਾਂ-ਪਿਓ ਸਣੇ ਪਰਿਵਾਰ ਦੇ 13 ਲੋਕਾਂ ਦਾ ਕੀਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8