ਕੰਸਾਸ ਫਾਇਰ ਵਿਭਾਗ ਦੇ 2 ਕਰਮਚਾਰੀਆਂ ਦੀ ਹੋਈ ਕੋਰੋਨਾ ਨਾਲ ਮੌਤ

Monday, Nov 23, 2020 - 10:04 PM (IST)

ਕੰਸਾਸ ਫਾਇਰ ਵਿਭਾਗ ਦੇ 2 ਕਰਮਚਾਰੀਆਂ ਦੀ ਹੋਈ ਕੋਰੋਨਾ ਨਾਲ ਮੌਤ

ਫਰਿਜ਼ਨੋ, ( ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਮਿਸੌਰੀ ਸੂਬੇ ਦੇ ਕੰਸਾਸ ਸ਼ਹਿਰ ਵਿਚ ਅੱਗ ਬੁਝਾਊ ਵਿਭਾਗ ਨੇ ਦੋ ਦਿਨਾਂ ਵਿਚ ਆਪਣੇ ਦੋ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਕਾਰਨ ਗੁਆ ਲਿਆ ਹੈ।

ਫਾਇਰ ਵਿਭਾਗ ਦੀ ਚੀਫ਼ ਡੌਨਾ ਲੇਕ ਅਨੁਸਾਰ ਕਪਤਾਨ ਰਾਬਰਟ "ਬੌਬੀ" ਰੋਚਾ ਅਤੇ ਸਕਾਟ ਡੇਵਿਡਸਨ ਜੋ ਕਿ ਇਕ ਸੰਚਾਰ ਮਾਹਰ ਅਤੇ ਪੈਰਾ ਮੈਡੀਕਲ ਸਨ ,ਵਾਇਰਸ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਕੁਝ ਸਮੇਂ ਲਈ ਹਸਪਤਾਲ ਵਿਚ ਰਹੇ ਸਨ। ਇਸ ਦੁਖਦਾਈ ਘਟਨਾ ਦੇ ਸ਼ਿਕਾਰ ਡੇਵਿਡਸਨ (45 ) ਦੀ ਐਤਵਾਰ ਨੂੰ ਮੌਤ ਹੋ ਗਈ ਸੀ ਜਦਕਿ ਇਕ ਦਿਨ ਪਹਿਲਾਂ ਫਾਇਰ ਕਪਤਾਨ ਰਾਬਰਟ ਰੋਚਾ ਦੀ ਮੌਤ ਕੋਵਿਡ-19 ਨਾਲ ਹਸਪਤਾਲ ਵਿਚ ਕਈ ਹਫ਼ਤੇ ਲੜਨ ਤੋਂ ਬਾਅਦ ਹੋਈ ਸੀ।

ਅੱਗ ਬੁਝਾਊ ਵਿਭਾਗ ਦੇ ਬੁਲਾਰੇ ਜੇਸਨ ਸਪਰੇਤਜ਼ਰ ਨੇ ਦੱਸਿਆ ਕਿ 60 ਸਾਲਾ ਰੋਚਾ ਨੇ 1991 ਵਿਚ ਵਿਭਾਗ ਵਿਚ ਕੰਮ ਸ਼ੁਰੂ ਕੀਤਾ ਸੀ। ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ, ਕੰਸਾਸ ਸਿਟੀ ਫਾਇਰ ਵਿਭਾਗ ਦੇ 176 ਮੈਂਬਰਾਂ ਦਾ ਕੋਵਿਡ-19 ਟੈਸਟ ਪਾਜ਼ੀਟਿਵ ਆਇਆ ਜਦਕਿ ਸ਼ਨੀਵਾਰ ਤੱਕ, 73 ਅਜੇ ਵੀ ਸੰਕਰਮਿਤ ਸਨ। ਇਸ ਦੇ ਨਾਲ ਹੀ ਐਤਵਾਰ ਨੂੰ ਕੰਸਾਸ ਸਿਟੀ ਖੇਤਰ ਵਿਚ ਨਵੇਂ ਮਾਮਲਿਆਂ ਦੀ ਸੱਤ ਦਿਨਾਂ ਦੀ ਔਸਤ 1,282 ਦਰਜ਼ ਕੀਤੀ ਗਈ ਜੋ ਕਿ ਇਕ ਹਫ਼ਤਾ ਪਹਿਲਾਂ 1,078 ਸੀ।
 


author

Sanjeev

Content Editor

Related News