ਕਾਬੁਲ: ਆਤਮਘਾਤੀ ਬੰਬ ਹਮਲੇ ''ਚ 4 ਦੀ ਮੌਤ

12/11/2018 2:08:01 PM

ਕਾਬੁਲ— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਬਾਹਰੀ ਇਲਾਕੇ 'ਚ ਇਕ ਆਤਮਘਾਤੀ ਕਾਰ ਬੰਬ ਹਮਲਾਵਰ ਨੇ ਸੁਰੱਖਿਆ ਕਰਮਚਾਰੀਆਂ ਦੇ ਕਾਫਲੇ 'ਤੇ ਹਮਲਾ ਕੀਤਾ, ਜਿਸ 'ਚ 4 ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਉਪ ਬੁਲਾਰੇ ਨਸਰਤ ਰਹੀਮੀ ਨੇ ਦੱਸਿਆ ਕਿ ਹਮਲਾ ਮੰਗਲਵਾਰ ਨੂੰ ਕੀਤਾ ਗਿਆ। ਹਮਲੇ 'ਚ 6 ਹੋਰ ਸੁਰੱਖਿਆ ਕਰਮਚਾਰੀ ਵੀ ਜ਼ਖਮੀ ਹੋ ਗਏ। ਹੁਣ ਤਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ, ਹਾਲਾਂਕਿ ਤਾਲਿਬਾਨ ਅਤੇ ਇਸਲਾਮਕ ਸਟੇਟ ਨਾਲ ਸਬੰਧਤ ਸੰਗਠਨ ਰਾਜਧਾਨੀ ਕਾਬੁਲ 'ਚ ਇਸ ਤਰ੍ਹਾਂ ਦੇ ਹਮਲਿਆਂ ਨੂੰ ਅੰਜਾਮ ਦਿੰਦੇ ਰਹੇ ਹਨ। ਬੀਤੇ ਸੋਮਵਾਰ ਨੂੰ ਦੱਖਣੀ ਕੰਧਾਰ ਸੂਬੇ 'ਚ ਤਾਲਿਬਾਨ ਨੇ ਇਕ ਜਾਂਚ ਚੌਕੀ 'ਤੇ ਹਮਲਾ ਕੀਤਾ ਸੀ , ਜਿਸ 'ਚ 8 ਪੁਲਸ ਕਰਮਚਾਰੀ ਮਾਰੇ ਗਏ ਸਨ। 
ਸੂਬੇ ਦੇ ਗਵਰਨਰ ਦੇ ਬੁਲਾਰੇ ਨੇ ਦੱਸਿਆ ਕਿ ਹਮਲੇ 'ਚ 11 ਵਿਦਰੋਹੀ ਵੀ ਮਾਰੇ ਗਏ ਸਨ। ਅਫਗਾਨਿਸਤਾਨ ਦੇ ਤਕਰੀਬਨ ਅੱਧੇ ਹਿੱਸੇ 'ਚ ਤਾਲਿਬਾਨ ਦਾ ਕੰਟਰੋਲ ਹੈ ਅਤੇ ਉਹ ਹਰ ਰੋਜ਼ ਮੁੱਖ ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰਦੇ ਹਨ।


Related News